Friday, 6th of November 2026

ਅਮਰੀਕਾ ਦੀਆਂ ਮਿਡਟਰਮ ਚੋਣਾਂ 'ਚ 6 ਪੰਜਾਬੀਆਂ ਨੇ ਦਰਜ ਕੀਤੀ ਜਿੱਤ, ਜਯੋਤ ਸਿੰਘ ਬਣੇ ਜਾਰਜੀਆ ਅਸੈਂਬਲੀ ਦੇ ਪਹਿਲੇ ਸਿੱਖ ਮੈਂਬਰ

ਅਮਰੀਕਾ ਦੀਆਂ ਮਿਡਟਰਮ ਚੋਣਾਂ ਵਿੱਚ ਪੰਜਾਬੀ ਮੂਲ ਦੇ ਆਗੂਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ। 3 ਨਵੰਬਰ ਨੂੰ ਹੋਈਆਂ ਇਨ੍ਹਾਂ ਚੋਣਾਂ ਵਿੱਚ ਸੰਸਦ ਤੋਂ ਲੈ ਕੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੱਕ ਪੰਜਾਬੀ ਉਮੀਦਵਾਰਾਂ ਨੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ।

Edited By: Lajwinder Kaur | Updated at:
ਅਮਰੀਕਾ ਦੀਆਂ ਮਿਡਟਰਮ ਚੋਣਾਂ 'ਚ 6 ਪੰਜਾਬੀਆਂ ਨੇ ਦਰਜ ਕੀਤੀ ਜਿੱਤ, ਜਯੋਤ ਸਿੰਘ ਬਣੇ ਜਾਰਜੀਆ ਅਸੈਂਬਲੀ ਦੇ ਪਹਿਲੇ ਸਿੱਖ ਮੈਂਬਰ

ਅਮਰੀਕਾ ਦੀਆਂ ਮਿਡਟਰਮ ਚੋਣਾਂ 'ਚ 6 ਪੰਜਾਬੀਆਂ ਨੇ ਦਰਜ ਕੀਤੀ ਜਿੱਤ, ਜਯੋਤ ਸਿੰਘ ਬਣੇ ਜਾਰਜੀਆ ਅਸੈਂਬਲੀ ਦੇ ਪਹਿਲੇ ਸਿੱਖ ਮੈਂਬਰ

ਅਮਰੀਕਾ ਦੀਆਂ ਮਿਡਟਰਮ ਚੋਣਾਂ ਵਿੱਚ ਪੰਜਾਬੀ ਮੂਲ ਦੇ ਆਗੂਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ। 3 ਨਵੰਬਰ ਨੂੰ ਹੋਈਆਂ ਇਨ੍ਹਾਂ ਚੋਣਾਂ ਵਿੱਚ ਸੰਸਦ ਤੋਂ ਲੈ ਕੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੱਕ ਪੰਜਾਬੀ ਉਮੀਦਵਾਰਾਂ ਨੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ। ਇਨ੍ਹਾਂ ਚੋਣਾਂ ਵਿੱਚ ਰੋ ਖੰਨਾ, ਮਾਨਕਾ ਢੀਂਗਰਾ, ਰਣਜੀਵ ਪੁਰੀ ਅਤੇ ਅਸ਼ ਕਾਲਰਾ ਵਰਗੇ ਪੁਰਾਣੇ ਆਗੂਆਂ ਨੇ ਮੁੜ ਜਿੱਤ ਦਰਜ ਕਰਕੇ ਆਪਣੀਆਂ ਸੀਟਾਂ ਬਚਾਈਆਂ, ਜਦਕਿ ਜਯੋਤ ਸਿੰਘ ਅਤੇ ਪੂਜਾ ਸੇਠੀ ਨੇ ਇਤਿਹਾਸਕ ਜਿੱਤ ਹਾਸਲ ਕੀਤੀ।

ਜਯੋਤ ਸਿੰਘ ਜਾਰਜੀਆ ਦੀ ਅਸੈਂਬਲੀ ਵਿੱਚ ਪਹੁੰਚਣ ਵਾਲੇ ਪਹਿਲੇ ਸਿੱਖ ਅਤੇ ਭਾਰਤੀ-ਅਮਰੀਕੀ ਆਗੂ ਬਣ ਗਏ ਹਨ। ਇਸੇ ਤਰ੍ਹਾਂ ਪੂਜਾ ਸੇਠੀ ਨੇ ਟੈਕਸਸ ਵਿੱਚ ਪਹਿਲੀ ਭਾਰਤੀ ਮੂਲ ਦੀ ਮਹਿਲਾ ਵਿਧਾਇਕ ਬਣ ਕੇ ਇਤਿਹਾਸ ਰਚਿਆ ਹੈ। ਖਾਸ ਗੱਲ ਇਹ ਹੈ ਕਿ ਇਹ ਸਾਰੇ ਜੇਤੂ ਆਗੂ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਹਨ। ਇਨ੍ਹਾਂ ਨਤੀਜਿਆਂ ਨੂੰ ਅਮਰੀਕੀ ਰਾਜਨੀਤੀ ਵਿੱਚ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੇ ਵਧਦੇ ਪ੍ਰਭਾਵ ਵਜੋਂ ਦੇਖਿਆ ਜਾ ਰਿਹਾ ਹੈ।

ਰੋ ਖੰਨਾ: ਕੈਲੀਫੋਰਨੀਆ ਦੇ 17ਵੇਂ ਕਾਂਗਰੈਸ਼ਨਲ ਜ਼ਿਲ੍ਹੇ ਤੋਂ ਰੋ ਖੰਨਾ ਮੁੜ ਅਮਰੀਕੀ ਸੰਸਦ ਲਈ ਚੁਣੇ ਗਏ ਹਨ। ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਰਿਤੇਸ਼ ਟੰਡਨ ਨੂੰ ਹਰਾਉਂਦਿਆਂ ਲਗਭਗ 71 ਫੀਸਦੀ ਵੋਟਾਂ ਹਾਸਲ ਕੀਤੀਆਂ। ਫਿਲਾਡੈਲਫੀਆ ਵਿੱਚ ਇੱਕ ਪੰਜਾਬੀ ਪ੍ਰਵਾਸੀ ਪਰਿਵਾਰ ਵਿੱਚ ਜਨਮੇ ਰੋ ਖੰਨਾ ਪੇਸ਼ੇ ਤੋਂ ਵਕੀਲ ਅਤੇ ਅਰਥਸ਼ਾਸਤਰੀ ਹਨ। ਉਹ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਸਰਕਾਰ ਦੌਰਾਨ ਅਮਰੀਕਾ ਦੇ ਵਣਜ ਵਿਭਾਗ ਵਿੱਚ ਉਪ ਸਹਾਇਕ ਸਕੱਤਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਉਹ 2020 ਵਿੱਚ ਬਰਨੀ ਸੈਂਡਰਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਦੇ ਸਹਿ-ਪ੍ਰਧਾਨ ਵੀ ਰਹੇ ਸਨ।

ਮਾਨਕਾ ਢੀਂਗਰਾ: ਵਾਸ਼ਿੰਗਟਨ ਸੂਬੇ ਦੇ 45ਵੇਂ ਜ਼ਿਲ੍ਹੇ ਤੋਂ ਮਾਨਕਾ ਢੀਂਗਰਾ ਮੁੜ ਸੈਨੇਟਰ ਚੁਣੇ ਗਏ ਹਨ। ਉਹ ਸੂਬਾਈ ਸੈਨੇਟ ਵਿੱਚ ਡਿਪਟੀ ਮੇਜਾਰਿਟੀ ਲੀਡਰ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ। ਪੇਸ਼ੇ ਤੋਂ ਵਕੀਲ ਮਾਨਕਾ ਅਮਰੀਕਾ ਵਿੱਚ ਸਰਕਾਰੀ ਵਕੀਲ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹ ਪਹਿਲੀ ਵਾਰ 2017 ਵਿੱਚ ਵਿਸ਼ੇਸ਼ ਚੋਣ ਜਿੱਤ ਕੇ ਸੈਨੇਟ ਵਿੱਚ ਪਹੁੰਚੇ ਸਨ। ਉਨ੍ਹਾਂ ਨੇ ਕਾਨੂੰਨ ਵਿਵਸਥਾ ਵਿੱਚ ਸੁਧਾਰ, ਘਰੇਲੂ ਹਿੰਸਾ ਦੀ ਰੋਕਥਾਮ ਅਤੇ ਮਾਨਸਿਕ ਸਿਹਤ ਨਾਲ ਜੁੜੀਆਂ ਨੀਤੀਆਂ 'ਤੇ ਕੰਮ ਕੀਤਾ ਹੈ।

ਜਯੋਤ ਸਿੰਘ: ਜਾਰਜੀਆ ਦੇ ਹਾਊਸ ਡਿਸਟ੍ਰਿਕਟ 97 ਤੋਂ ਜਯੋਤ ਸਿੰਘ ਨੇ ਰਿਪਬਲਿਕਨ ਉਮੀਦਵਾਰ ਯਾਸੀਨ ਮੋਗਾਜ਼ੀ ਨੂੰ ਹਰਾ ਕੇ ਲਗਭਗ 68 ਫੀਸਦੀ ਵੋਟਾਂ ਨਾਲ ਜਿੱਤ ਹਾਸਲ ਕੀਤੀ। ਯੇਲ ਯੂਨੀਵਰਸਿਟੀ ਤੋਂ ਪੜ੍ਹੇ ਜਯੋਤ ਸਿੰਘ ਸਮਾਜਿਕ ਕਾਰਕੁਨ ਅਤੇ ਮਨੁੱਖੀ ਅਧਿਕਾਰਾਂ ਦੇ ਸਮਰਥਕ ਹਨ। ਉਹ ਜਾਰਜੀਆ ਅਸੈਂਬਲੀ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਅਤੇ ਪਹਿਲੇ ਭਾਰਤੀ-ਅਮਰੀਕੀ ਆਗੂ ਬਣੇ ਹਨ। ਇੱਕ ਆਮ ਪੰਜਾਬੀ ਪਰਿਵਾਰ ਨਾਲ ਸਬੰਧਤ ਜਯੋਤ ਸਿੰਘ ਨੇ ਸਰਕਾਰੀ ਸਕੂਲਾਂ ਲਈ ਫੰਡਿੰਗ, ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਵੋਟਿੰਗ ਦੇ ਅਧਿਕਾਰਾਂ ਵਰਗੇ ਮੁੱਦਿਆਂ ਨੂੰ ਲੈ ਕੇ ਚੋਣ ਲੜੀ ਸੀ।

ਰਣਜੀਵ ਪੁਰੀ: ਮਿਸ਼ੀਗਨ ਸੂਬੇ ਦੇ ਡਿਸਟ੍ਰਿਕਟ 24 ਤੋਂ ਰਣਜੀਵ ਪੁਰੀ ਨੇ 65 ਫੀਸਦੀ ਤੋਂ ਵੱਧ ਵੋਟਾਂ ਹਾਸਲ ਕਰਕੇ ਆਪਣੀ ਸੀਟ ਬਰਕਰਾਰ ਰੱਖੀ ਹੈ। ਉਹ ਮਿਸ਼ੀਗਨ ਹਾਊਸ ਵਿੱਚ ਮਾਈਨਾਰਿਟੀ ਲੀਡਰ ਦੇ ਅਹੁਦੇ 'ਤੇ ਹਨ ਅਤੇ ਸੂਬਾਈ ਰਾਜਨੀਤੀ ਵਿੱਚ ਪ੍ਰਮੁੱਖ ਸਿੱਖ-ਅਮਰੀਕੀ ਆਗੂਆਂ ਵਿੱਚ ਸ਼ਾਮਲ ਹਨ। ਉਨ੍ਹਾਂ ਨੇ ਹਥਿਆਰਾਂ ਦੀ ਵਰਤੋਂ 'ਤੇ ਰੋਕ ਲਗਾਉਣ ਅਤੇ ਸਾਫ਼-ਸੁਥਰੀ ਹਰੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਹੈ।

ਪੂਜਾ ਸੇਠੀ: ਟੈਕਸਸ ਦੇ 47ਵੇਂ ਜ਼ਿਲ੍ਹੇ ਤੋਂ ਪੂਜਾ ਸੇਠੀ ਨੇ ਲਗਭਗ 66 ਫੀਸਦੀ ਵੋਟਾਂ ਹਾਸਲ ਕਰਕੇ ਟੈਕਸਸ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਦੀ ਸੀਟ ਜਿੱਤੀ ਹੈ। ਉਨ੍ਹਾਂ ਨੇ ਰਿਪਬਲਿਕਨ ਉਮੀਦਵਾਰ ਜੈਨੀਫਰ ਮੁਸ਼ਥਾਲਰ ਨੂੰ ਹਰਾਇਆ। ਇਮੀਗ੍ਰੇਸ਼ਨ ਵਕੀਲ ਅਤੇ ਟੈਕਸਸ ਵਿਧਾਨ ਸਭਾ ਵਿੱਚ ਪਹਿਲਾਂ ਅਧਿਕਾਰੀ ਰਹਿ ਚੁੱਕੀ ਪੂਜਾ ਸੇਠੀ ਟੈਕਸਸ ਅਸੈਂਬਲੀ ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਬਣ ਗਈ ਹੈ। ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਸਕੂਲਾਂ ਨੂੰ ਆਰਥਿਕ ਮਦਦ, ਹਥਿਆਰਾਂ ਦੀ ਸੁਰੱਖਿਆ ਅਤੇ ਨਸਲੀ ਵਿਤਕਰੇ ਦੇ ਵਿਰੋਧ ਵਰਗੇ ਮੁੱਦੇ ਪ੍ਰਮੁੱਖ ਰਹੇ।

ਅਸ਼ ਕਾਲਰਾ: ਕੈਲੀਫੋਰਨੀਆ ਸਟੇਟ ਅਸੈਂਬਲੀ ਦੇ 25ਵੇਂ ਜ਼ਿਲ੍ਹੇ ਤੋਂ ਅਸ਼ ਕਾਲਰਾ ਮੁੜ ਚੁਣੇ ਗਏ ਹਨ। ਉਨ੍ਹਾਂ ਨੇ ਰਿਪਬਲਿਕਨ ਉਮੀਦਵਾਰ ਹਿੰਮਤ ਸਿੰਘ ਬੈਣੀਵਾਲ ਨੂੰ ਹਰਾ ਕੇ ਲਗਭਗ 72 ਫੀਸਦੀ ਵੋਟਾਂ ਹਾਸਲ ਕੀਤੀਆਂ। ਅਸ਼ ਕਾਲਰਾ ਨੇ 2016 ਵਿੱਚ ਪਹਿਲੀ ਵਾਰ ਚੋਣ ਜਿੱਤੀ ਸੀ। ਉਹ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਮੂਲ ਦੇ ਆਗੂ ਸਨ।

ਇਨ੍ਹਾਂ ਛੇ ਪੰਜਾਬੀ ਮੂਲ ਦੇ ਆਗੂਆਂ ਦੀ ਜਿੱਤ ਨੇ ਅਮਰੀਕਾ ਵਿੱਚ ਵੱਸਦੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੀ ਰਾਜਨੀਤਿਕ ਮਜ਼ਬੂਤੀ ਨੂੰ ਇੱਕ ਵਾਰ ਫਿਰ ਸਾਹਮਣੇ ਲਿਆਂਦਾ ਹੈ।