Friday, 12th of June 2026

ਟਰੰਪ ਦੀ ਡੀਲ 'ਤੇ ਇਰਾਨ ਦਾ ਪਲਟਵਾਰ; ਬੋਲੇ- 'ਕੋਈ ਸਮਝੌਤਾ ਨਹੀਂ ਹੋਇਆ'

Edited By: Lajwinder Kaur | Updated at: June 12th 2026 12:36 PM
Trending News
ਟਰੰਪ ਦੀ ਡੀਲ 'ਤੇ ਇਰਾਨ ਦਾ ਪਲਟਵਾਰ; ਬੋਲੇ- 'ਕੋਈ ਸਮਝੌਤਾ ਨਹੀਂ ਹੋਇਆ'

ਟਰੰਪ ਦੀ ਡੀਲ 'ਤੇ ਇਰਾਨ ਦਾ ਪਲਟਵਾਰ; ਬੋਲੇ- 'ਕੋਈ ਸਮਝੌਤਾ ਨਹੀਂ ਹੋਇਆ'

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ ਸੁਪਰੀਮ ਲੀਡਰ ਮੁਜਤਬਾ ਖਾਮੇਨੇਈ ਨੇ ਇੱਕ ਨਵੀਂ ਡੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵ੍ਹਾਈਟ ਹਾਊਸ ਵਿੱਚ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਈਰਾਨ ਨਾਲ ਸ਼ਾਂਤੀ ਸਮਝੌਤੇ 'ਤੇ ਇਸੇ ਹਫ਼ਤੇ ਯੂਰਪ ਵਿੱਚ ਦਸਤਖਤ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਭ ਕੁਝ ਠੀਕ ਰਿਹਾ, ਤਾਂ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ।

ਇਰਾਨ ਦਾ ਪਲਟਵਾਰ: 'ਕੋਈ ਸਮਝੌਤਾ ਨਹੀਂ ਹੋਇਆ'

ਟਰੰਪ ਨੇ ਇਹ ਵੀ ਕਿਹਾ ਕਿ ਸਮਝੌਤਾ ਹੁੰਦੇ ਹੀ ਹੋਰਮੁਜ਼ ਜਲਡਮਰੂ (ਹੋਰਮੁਜ਼ ਸਟ੍ਰੇਟ) ਨੂੰ ਖੋਲ੍ਹ ਦਿੱਤਾ ਜਾਵੇਗਾ, ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਕੋਈ ਵਿਸਥਾਰ ਨਹੀਂ ਦਿੱਤਾ ਕਿ ਸਮਝੌਤੇ ਵਿੱਚ ਕੀ-ਕੀ ਸ਼ਾਮਲ ਹੋਵੇਗਾ। ਦੂਜੇ ਪਾਸੇ, ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਸਰਕਾਰੀ ਮੀਡੀਆ ਨੇ ਸਪੱਸ਼ਟ ਕੀਤਾ ਹੈ ਕਿ ਸਮਝੌਤੇ 'ਤੇ ਦਸਤਖਤ ਹੋਣ ਦੀਆਂ ਖ਼ਬਰਾਂ ਸਿਰਫ਼ ਅਟਕਲਾਂ ਹਨ ਅਤੇ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ।

ਇਸ ਤੋਂ ਪਹਿਲਾਂ, ਟਰੰਪ ਨੇ ਇਰਾਨ 'ਤੇ ਸ਼ੁੱਕਰਵਾਰ ਨੂੰ ਭਿਆਨਕ ਬੰਬਾਰੀ ਕਰਨ ਅਤੇ ਉਸ ਦੇ ਤੇਲ ਨਿਰਯਾਤ ਦੇ ਮੁੱਖ ਕੇਂਦਰ ਖਾਰਗ ਟਾਪੂ 'ਤੇ ਕਬਜ਼ਾ ਕਰਨ ਦੀ ਧਮਕੀ ਦਿੱਤੀ ਸੀ। ਇਸ ਦੇ 5 ਘੰਟੇ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਕਿਹਾ ਕਿ ਇਰਾਨ ਖ਼ਿਲਾਫ਼ ਨਵੇਂ ਹਵਾਈ ਹਮਲੇ ਕਰਨ ਦਾ ਫੈਸਲਾ ਰੱਦ ਕਰ ਦਿੱਤਾ ਗਿਆ ਹੈ।

ਟਰੰਪ ਨੇ ਕਿਹਾ ਕਿ ਇਰਾਨ ਦੀ ਉੱਚ ਲੀਡਰਸ਼ਿਪ ਨਾਲ ਗੱਲਬਾਤ ਕਾਫੀ ਅੱਗੇ ਵੱਧ ਗਈ ਹੈ, ਇਸ ਲਈ ਉਨ੍ਹਾਂ ਨੇ ਹਮਲਾ ਟਾਲਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਸਮਝੌਤਾ ਪੂਰੀ ਤਰ੍ਹਾਂ ਤੈਅ ਨਹੀਂ ਹੋ ਜਾਂਦਾ, ਉਦੋਂ ਤੱਕ ਹੋਰਮੁਜ਼ ਸਟ੍ਰੇਟ (ਜਲਡਮਰੂ) 'ਤੇ ਅਮਰੀਕੀ ਨਾਕਾਬੰਦੀ ਜਾਰੀ ਰਹੇਗੀ।

ਟਰੰਪ ਦੇ ਵੱਡੇ ਸਮਝੌਤੇ ਦੇ ਦਾਅਵੇ ਨੂੰ ਇਰਾਨ ਨੇ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਤਹਿਰਾਨ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਅਜੇ ਕੋਈ ਅੰਤਿਮ ਸਮਝੌਤਾ ਨਹੀਂ ਹੋਇਆ ਹੈ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਈ ਨੇ ਦੱਸਿਆ ਕਿ ਸਮਝੌਤੇ ਦਾ ਖਰੜਾ ਅਜੇ ਦੇਸ਼ ਦੀਆਂ ਸਬੰਧਤ ਸੰਸਥਾਵਾਂ ਕੋਲ ਵਿਚਾਰ-ਅਧੀਨ ਹੈ ਅਤੇ ਇਸ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਬਘਈ ਅਨੁਸਾਰ, ਗੱਲਬਾਤ ਦਾ ਜ਼ਿਆਦਾਤਰ ਹਿੱਸਾ ਤੈਅ ਹੋ ਚੁੱਕਾ ਹੈ, ਪਰ ਅਮਰੀਕਾ ਵੱਲੋਂ ਵਾਰ-ਵਾਰ ਆਪਣਾ ਰੁਖ ਬਦਲਣ ਕਾਰਨ ਅਜੇ ਵੀ ਕੁਝ ਅੜਿੱਕੇ ਬਰਕਰਾਰ ਹਨ।

ਮਿਸਰ ਨੇ ਅਮਰੀਕਾ ਅਤੇ ਈਰਾਨ ਨਾਲ ਸ਼ਾਂਤੀ ਸਮਝੌਤੇ ਦੀ ਕੀਤੀ ਅਪੀਲ

ਮਿਸਰ ਨੇ ਅਮਰੀਕਾ ਅਤੇ ਈਰਾਨ ਨੂੰ ਆਪਸੀ ਗੱਲਬਾਤ ਰਾਹੀਂ ਮਸਲੇ ਸੁਲਝਾਉਣ ਅਤੇ ਜੰਗ ਖਤਮ ਕਰਨ ਦੀ ਅਪੀਲ ਕੀਤੀ ਹੈ। ਮਿਸਰ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਅਮਰੀਕਾ ਵੱਲੋਂ ਈਰਾਨ 'ਤੇ ਪ੍ਰਸਤਾਵਿਤ ਹਮਲਾ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਮੰਤਰਾਲੇ ਨੇ ਉਮੀਦ ਜਤਾਈ ਹੈ ਕਿ ਦੋਵੇਂ ਦੇਸ਼ ਇਸ ਮੌਕੇ ਦਾ ਲਾਭ ਉਠਾ ਕੇ ਸਾਰੇ ਵਿਵਾਦਾਂ ਨੂੰ ਖਤਮ ਕਰਕੇ ਇੱਕ ਅੰਤਿਮ ਸਮਝੌਤੇ ਤੱਕ ਪਹੁੰਚਣਗੇ, ਜਿਸ ਨਾਲ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਆ ਸਕੇਗੀ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਿਸਰ ਖੇਤਰੀ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਮਿਲ ਕੇ ਤਣਾਅ ਨੂੰ ਘੱਟ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।

Latest News