ਗੁਆਂਢੀ ਮੁਲਕ ਪਾਕਿਸਤਾਨ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਜੀ ਹਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਅਦਿਆਲਾ ਜੇਲ੍ਹ ਤੋਂ ਹਸਪਤਾਲ ਲਿਜਾਇਆ ਗਿਆ ਹੈ। ਪਾਕਿਸਤਾਨੀ ਅਖ਼ਬਾਰ 'ਡਾਨ' ਦੀ ਰਿਪੋਰਟ ਅਨੁਸਾਰ, 28 ਅਪ੍ਰੈਲ ਨੂੰ ਉਨ੍ਹਾਂ ਨੂੰ ਅੱਖਾਂ ਦੀ ਗੰਭੀਰ ਬਿਮਾਰੀ 'ਰਾਈਟ ਸੈਂਟਰਲ ਰੇਟਿਨਲ ਵੇਨ ਅਕਲੂਜ਼ਨ' (CRVO) ਦੀ ਜਾਂਚ ਲਈ 'ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼' (PIMS) ਲਿਜਾਇਆ ਗਿਆ। ਉੱਥੇ ਉਨ੍ਹਾਂ ਨੂੰ ਚੌਥਾ 'ਐਂਟੀ-VEGF' ਇੰਜੈਕਸ਼ਨ ਲਗਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ।
ਅੱਖਾਂ ਦੀ ਰੌਸ਼ਨੀ 'ਤੇ ਖ਼ਤਰਾ!
ਇਮਰਾਨ ਖਾਨ ਦੀ ਮੈਡੀਕਲ ਟੀਮ ਨੇ ਚਿੰਤਾ ਪ੍ਰਗਟਾਈ ਹੈ ਕਿ ਇਸ ਬਿਮਾਰੀ ਕਾਰਨ ਉਨ੍ਹਾਂ ਦੀ ਸੱਜੀ ਅੱਖ ਦੀ ਰੌਸ਼ਨੀ ਕਾਫ਼ੀ ਘਟ ਗਈ ਹੈ, ਜਿਸ ਕਾਰਨ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ।
'ਡਾਨ' ਦੀ ਰਿਪੋਰਟ ਮੁਤਾਬਕ, ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਪੀਟੀਆਈ (PTI) ਦੇ ਸੰਸਥਾਪਕ ਇਮਰਾਨ ਖਾਨ ਨੂੰ 'ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼' (PIMS) ਵਿਖੇ ਚੌਥਾ 'ਇੰਟਰਾਵਿਟ੍ਰੀਅਲ ਐਂਟੀ-VEGF' ਇੰਜੈਕਸ਼ਨ ਲਗਾਇਆ ਗਿਆ ਹੈ। ਇਲਾਜ ਤੋਂ ਬਾਅਦ ਉਨ੍ਹਾਂ ਨੂੰ ਮੰਗਲਵਾਰ ਸਵੇਰੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਵਾਪਸ ਜੇਲ੍ਹ ਭੇਜ ਦਿੱਤਾ ਗਿਆ।
ਇਮਰਾਨ ਖਾਨ ਨੂੰ ਅੱਖਾਂ ਦੇ ਇਲਾਜ ਲਈ ਆਖ਼ਰੀ ਵਾਰ 23 ਮਾਰਚ ਨੂੰ 'ਐਂਟੀ-VEGF ਇੰਟਰਾਵਿਟ੍ਰੀਅਲ' ਇੰਜੈਕਸ਼ਨ ਲਗਾਇਆ ਗਿਆ ਸੀ। ਦੱਸ ਦੇਈਏ ਕਿ ਉਨ੍ਹਾਂ ਦੀ ਅੱਖਾਂ ਦੀ ਇਸ ਬਿਮਾਰੀ ਦਾ ਪਤਾ ਜਨਵਰੀ ਦੇ ਅਖੀਰ ਵਿੱਚ ਲੱਗਾ ਸੀ। ਇਸ ਤੋਂ ਬਾਅਦ, ਉਨ੍ਹਾਂ ਦੀ ਪਹਿਲੀ ਮੈਡੀਕਲ ਪ੍ਰਕਿਰਿਆ 24 ਜਨਵਰੀ ਨੂੰ ਹੋਈ ਸੀ ਅਤੇ 24 ਫਰਵਰੀ ਨੂੰ ਉਨ੍ਹਾਂ ਨੂੰ ਦੂਜੀ ਡੋਜ਼ ਦਿੱਤੀ ਗਈ ਸੀ।
ਇਮਰਾਨ ਖਾਨ ਦੀ ਸਿਹਤ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਪੀਆਈਐਮਐਸ (PIMS) ਦੇ ਬੁਲਾਰੇ ਅਨੁਸਾਰ, 74 ਸਾਲਾ ਇਮਰਾਨ ਖਾਨ ਨੂੰ 28 ਅਪ੍ਰੈਲ ਨੂੰ ਅੱਖਾਂ ਦੇ ਅਗਲੇ ਇਲਾਜ ਲਈ ਹਸਪਤਾਲ ਲਿਆਉਂਦਾ ਗਿਆ ਸੀ, ਜਿਸ ਦੌਰਾਨ ਉਨ੍ਹਾਂ ਨੂੰ ਚੌਥਾ ਇੰਟਰਾਵਿਟ੍ਰੀਅਲ ਇੰਜੈਕਸ਼ਨ ਲਗਾਇਆ ਗਿਆ। ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਅੱਖਾਂ ਦੇ ਮਾਹਿਰ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਸਿਹਤਮੰਦ ਪਾਇਆ। ਬਿਆਨ ਵਿੱਚ ਅੱਗੇ ਦੱਸਿਆ ਗਿਆ ਕਿ ਇਮਰਾਨ ਖਾਨ ਦੀ 'ਓਪਟੀਕਲ ਕੋਹੇਰੈਂਸ ਟੋਮੋਗ੍ਰਾਫੀ' ਵੀ ਕੀਤੀ ਗਈ, ਜਿਸ ਦੀ ਰਿਪੋਰਟ ਵਿੱਚ ਪਹਿਲਾਂ ਨਾਲੋਂ ਸੁਧਾਰ ਦਿਖਾਈ ਦਿੱਤਾ ਹੈ।
ਬੁਲਾਰੇ ਨੇ ਅੱਗੇ ਦੱਸਿਆ, "ਪੂਰੀ ਜਾਣਕਾਰੀ ਦੇਣ ਤੋਂ ਬਾਅਦ ਉਨ੍ਹਾਂ ਦੀ ਸਹਿਮਤੀ ਨਾਲ ਅਤੇ ਨਿਗਰਾਨੀ ਹੇਠ, ਆਪਰੇਟਿੰਗ ਥੀਏਟਰ ਵਿੱਚ ਸਾਰੇ ਮਿਆਰੀ ਸਾਵਧਾਨੀ ਉਪਾਵਾਂ ਅਤੇ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ, ਸਰਜਨਾਂ ਦੀ ਦੇਖ-ਰੇਖ ਵਿੱਚ ਮਾਈਕ੍ਰੋਸਕੋਪੀ ਦੀ ਮਦਦ ਨਾਲ ਉਨ੍ਹਾਂ ਨੂੰ ਇੰਟਰਾਵਿਟ੍ਰੀਅਲ ਇੰਜੈਕਸ਼ਨ ਦੀ ਚੌਥੀ ਡੋਜ਼ ਦਿੱਤੀ ਗਈ।" ਉਨ੍ਹਾਂ ਅੱਗੇ ਦੱਸਿਆ ਕਿ ਇਹ ਪ੍ਰਕਿਰਿਆ ਇੱਕ ਡੇ-ਕੇਅਰ ਸਰਜਰੀ ਦੇ ਤੌਰ 'ਤੇ ਕੀਤੀ ਗਈ ਸੀ। ਹਸਪਤਾਲ ਵਿੱਚ ਰਹਿਣ ਦੌਰਾਨ ਉਨ੍ਹਾਂ ਦੀ ਸਰੀਰਕ ਹਾਲਤ ਸਥਿਰ ਰਹੀ ਅਤੇ ਉਨ੍ਹਾਂ ਨੂੰ ਅਗਲੀ ਦੇਖਭਾਲ ਦੇ ਨਿਰਦੇਸ਼ਾਂ, ਫਾਲੋ-ਅਪ ਸਲਾਹ ਅਤੇ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਡਿਸਚਾਰਜ ਕਰ ਦਿੱਤਾ ਗਿਆ।
It was just confirmed to me that Khan Sab was taken to PIMS last night for eye injection and medical check up. I would add that whatever the treatment our concern remains unanswered - Khan sab and Bushra BB be shifted to Hospital for treatment under the supervision of personal…
— Barrister Gohar Khan (@BarristerGohar) April 28, 2026
ਪੀਟੀਆਈ (PTI) ਦੇ ਚੇਅਰਮੈਨ ਬੈਰਿਸਟਰ ਗੋਹਰ ਅਲੀ ਖਾਨ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਕਿ ਇਮਰਾਨ ਖਾਨ ਨੂੰ ਬੀਤੀ ਰਾਤ ਅੱਖਾਂ ਵਿੱਚ ਇੰਜੈਕਸ਼ਨ ਲਗਵਾਉਣ ਅਤੇ ਮੈਡੀਕਲ ਚੈੱਕ-ਅੱਪ ਲਈ ਪੀਆਈਐਮਐਸ (PIMS) ਲਿਜਾਇਆ ਗਿਆ ਸੀ। ਗੋਹਰ ਨੇ ਕਿਹਾ, "ਇਲਾਜ ਚਾਹੇ ਜੋ ਵੀ ਹੋਵੇ, ਸਾਡੀ ਚਿੰਤਾ ਦਾ ਜਵਾਬ ਅਜੇ ਵੀ ਨਹੀਂ ਮਿਲਿਆ ਹੈ।" ਉਨ੍ਹਾਂ ਨੇ ਪੀਟੀਆਈ ਦੀ ਉਸ ਮੰਗ ਨੂੰ ਮੁੜ ਦੁਹਰਾਇਆ, ਜਿਸ ਵਿੱਚ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਨਿੱਜੀ ਡਾਕਟਰਾਂ ਦੀ ਦੇਖ-ਰੇਖ ਹੇਠ ਇਲਾਜ ਲਈ ਕਿਸੇ ਨਿੱਜੀ ਹਸਪਤਾਲ ਵਿੱਚ ਸ਼ਿਫਟ ਕਰਨ ਦੀ ਗੱਲ ਕਹੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਮੌਲਿਕ ਅਧਿਕਾਰ ਹੈ ਅਤੇ ਪੀਟੀਆਈ ਲੰਬੇ ਸਮੇਂ ਤੋਂ ਇਸ ਨੂੰ ਲਾਗੂ ਕਰਨ ਦੀ ਮੰਗ ਕਰ ਰਹੀ ਹੈ।
ਪੀ.ਆਈ.ਐੱਮ.ਐੱਸ. (PIMS) ਦੇ ਇੱਕ ਸੀਨੀਅਰ ਡਾਕਟਰ ਨੇ ਦੱਸਿਆ, "ਆਮ ਤੌਰ 'ਤੇ ਅਜਿਹੇ ਮਾਮਲਿਆਂ ਵਿੱਚ ਤਿੰਨ ਇੰਜੈਕਸ਼ਨ ਦਿੱਤੇ ਜਾਂਦੇ ਹਨ। ਇਸ ਗੱਲ ਦੀ ਸੰਭਾਵਨਾ ਕਾਫ਼ੀ ਘੱਟ ਹੈ ਕਿ ਚੌਥਾ ਇੰਜੈਕਸ਼ਨ ਦਿੱਤਾ ਜਾਵੇਗਾ।"
ਜਣੋਂ ਕਦੋਂ ਤੋਂ ਇਮਰਾਨ ਖਾਨ ਜੇਲ੍ਹ 'ਚ ਬੰਦ ਨੇ
ਉਨ੍ਹਾਂ ਨੂੰ 5 ਅਗਸਤ 2023 ਨੂੰ ਤੋਸ਼ਾਖਾਨਾ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਲਾਹੌਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ (ਅਪ੍ਰੈਲ 2026) ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਹੋਇਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ।
ਉਹ ਮੌਜੂਦਾ ਸਮੇਂ ਵਿੱਚ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਹੇ ਹਨ। ਭਾਵੇਂ ਕੁਝ ਮਾਮਲਿਆਂ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੈ ਜਾਂ ਸਜ਼ਾ ਮੁਅੱਤਲ ਹੋਈ ਹੈ, ਪਰ ਹੋਰ ਕਈ ਕੇਸਾਂ (ਜਿਵੇਂ ਸਾਈਫਰ ਕੇਸ ਅਤੇ ਗੈਰ-ਕਾਨੂੰਨੀ ਨਿਕਾਹ ਮਾਮਲਾ) ਕਾਰਨ ਉਹ ਅਜੇ ਵੀ ਜੇਲ੍ਹ ਵਿੱਚ ਹੀ ਹਨ।