Friday, 18th of September 2026

ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਜੁਮੇ ਦੀ ਨਮਾਜ਼ ਦੌਰਾਨ ਆਤਮਘਾਤੀ ਧਮਾਕਾ, 15 ਦੀ ਮੌਤ

ਗੁਆਂਢੀ ਮੁਲਕ ਤੋਂ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਵਿਸਫੋਟਕਾਂ ਨਾਲ ਲੱਦਿਆ ਇੱਕ ਵਾਹਨ ਕਥਿਤ ਤੌਰ 'ਤੇ ਪੁਰਾਣੀ ਪੁਲਿਸ ਲਾਈਨਜ਼ ਦੇ ਗੇਟ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ ਅਤੇ ਗੋਲੀਬਾਰੀ ਦੀ ਆਵਾਜ਼ ਵੀ ਸੁਣਾਈ ਦਿੱਤੀ।

Edited By: Lajwinder Kaur | Updated at:
ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਜੁਮੇ ਦੀ ਨਮਾਜ਼ ਦੌਰਾਨ ਆਤਮਘਾਤੀ ਧਮਾਕਾ, 15 ਦੀ ਮੌਤ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਜੁਮੇ ਦੀ ਨਮਾਜ਼ ਦੌਰਾਨ ਆਤਮਘਾਤੀ ਧਮਾਕਾ, 15 ਦੀ ਮੌਤ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਕੋਹਾਟ ਜ਼ਿਲ੍ਹੇ ਵਿੱਚ ਪੈਂਦੇ ਪੁਲਿਸ ਲਾਈਨਜ਼ ਇਲਾਕੇ ਵਿੱਚ ਸ਼ੁੱਕਰਵਾਰ (18 ਸਤੰਬਰ, 2026) ਨੂੰ ਇੱਕ ਭਿਆਨਕ ਧਮਾਕਾ ਹੋਇਆ ਹੈ। ਇਹ ਇੱਕ ਆਤਮਘਾਤੀ ਧਮਾਕਾ ਸੀ, ਜਿਸ ਵਿੱਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 50 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਇਹ ਧਮਾਕਾ ਪੁਲਿਸ ਲਾਈਨਜ਼ ਖੇਤਰ ਵਿੱਚ ਸਥਿਤ ਇੱਕ ਮਸਜਿਦ ਦੇ ਨਜ਼ਦੀਕ ਜੁਮੇ ਦੀ ਨਮਾਜ਼ ਅਦਾ ਕਰਨ ਵੇਲੇ ਵਾਪਰਿਆ।

ਇੰਝ ਦਿੱਤਾ ਗਿਆ ਘਟਨਾ ਨੂੰ ਅੰਜ਼ਾਮ
ਪੁਲਿਸ ਅਨੁਸਾਰ, ਵਿਸਫੋਟਕਾਂ ਨਾਲ ਲੱਦਿਆ ਇੱਕ ਵਾਹਨ ਕਥਿਤ ਤੌਰ 'ਤੇ ਪੁਰਾਣੀ ਪੁਲਿਸ ਲਾਈਨਜ਼ ਦੇ ਗੇਟ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ ਅਤੇ ਗੋਲੀਬਾਰੀ ਦੀ ਆਵਾਜ਼ ਵੀ ਸੁਣਾਈ ਦਿੱਤੀ। ਇਸ ਧਮਾਕੇ ਕਾਰਨ ਮਸਜਿਦ ਦੇ ਬਾਹਰ ਇੱਕ ਵੱਡਾ ਟੋਆ ਬਣ ਗਿਆ, ਮਸਜਿਦ ਦੇ ਬਾਹਰਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਅਤੇ ਇੱਕ ਦੀਵਾਰ ਢਹਿ ਗਈ। ਇਸ ਧਮਾਕੇ ਵਿੱਚ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਣ ਦੀ ਖ਼ਬਰ ਸਾਹਮਣੇ ਆਈ ਹੈ।
ਐਮਰਜੈਂਸੀ ਦਾ ਕੀਤਾ ਐਲਾਨ
ਹਸਪਤਾਲ ਦੇ ਅਧਿਕਾਰੀਆਂ ਅਨੁਸਾਰ, ਕੋਹਾਟ ਦੇ ਡੀ.ਐੱਚ.ਕਿਊ. (DHQ) ਹਸਪਤਾਲ ਵਿੱਚ 25 ਜ਼ਖ਼ਮੀ ਲੋਕਾਂ ਨੂੰ ਲਿਆਉਂਦਾ ਗਿਆ ਸੀ, ਜਿਸ ਤੋਂ ਬਾਅਦ ਉੱਥੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ। ਜ਼ਖ਼ਮੀਆਂ ਵਿੱਚ ਪੁਲਿਸ ਮੁਲਾਜ਼ਮ ਵੀ ਸ਼ਾਮਲ ਦੱਸੇ ਜਾ ਰਹੇ ਹਨ। ‘ਰੈਸਕਿਊ 1122’ (Rescue 1122) ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ।
ਇਲਾਕਾ ਸੀਲ
ਸੁਰੱਖਿਆ ਬਲਾਂ ਵੱਲੋਂ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਨੇ ਪੁਰਾਣੀ ਪੁਲਿਸ ਲਾਈਨਜ਼ ਨੂੰ ਘੇਰ ਲਿਆ ਸੀ ਅਤੇ ਉੱਥੇ ਤਲਾਸ਼ੀ ਅਤੇ ਕਲੀਅਰੈਂਸ ਆਪ੍ਰੇਸ਼ਨ ਜਾਰੀ ਸੀ। ਕੋਹਾਟ-ਹੰਗੂ ਰੋਡ ਨੂੰ ਕਥਿਤ ਤੌਰ 'ਤੇ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇਲਾਕੇ ਵਿੱਚ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ ਵੀ ਕੀਤੀ ਗਈ ਸੀ।
ਜਾਂਚ ਜਾਰੀ ਹੈ ਅਤੇ ਅਧਿਕਾਰੀ ਧਮਾਕੇ ਦੇ ਹਾਲਾਤਾਂ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਵਿੱਚ ਲੱਗੇ ਹੋਏ ਸਨ। ਧਮਾਕੇ ਤੋਂ ਬਾਅਦ ਗੋਲੀਬਾਰੀ ਦੀ ਆਵਾਜ਼ ਸੁਣੇ ਜਾਣ ਦੀ ਵੀ ਖ਼ਬਰ ਸੀ। ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਅਧਿਕਾਰਤ ਗਿਣਤੀ ਅਤੇ ਹਮਲੇ ਦੇ ਅਸਲ ਸਰੂਪ ਬਾਰੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਸੀ।