Saturday, 13th of June 2026

ਐਲਨ ਮਸਕ ਬਣੇ ਦੁਨੀਆ ਦੇ ਪਹਿਲੇ ਟ੍ਰਿਲੀਓਨੇਅਰ, 174 ਦੇਸ਼ਾਂ ਦੀ GDP ਤੋਂ ਵੀ ਜ਼ਿਆਦਾ ਹੈ ਜਾਇਦਾਦ, ਕੀ ਇੰਨੀ ਦੌਲਤ ਦੇ ਨਾਲ ਦੂਰ ਹੋ ਸਕਦੀ ਸੰਸਾਰ ਦੀ ਗਰੀਬੀ?

Edited By: Lajwinder Kaur | Updated at: June 13th 2026 11:16 AM
Trending News
ਐਲਨ ਮਸਕ ਬਣੇ ਦੁਨੀਆ ਦੇ ਪਹਿਲੇ ਟ੍ਰਿਲੀਓਨੇਅਰ, 174 ਦੇਸ਼ਾਂ ਦੀ GDP ਤੋਂ ਵੀ ਜ਼ਿਆਦਾ ਹੈ ਜਾਇਦਾਦ, ਕੀ ਇੰਨੀ ਦੌਲਤ ਦੇ ਨਾਲ ਦੂਰ ਹੋ ਸਕਦੀ ਸੰਸਾਰ ਦੀ ਗਰੀਬੀ?

ਐਲਨ ਮਸਕ ਬਣੇ ਦੁਨੀਆ ਦੇ ਪਹਿਲੇ ਟ੍ਰਿਲੀਓਨੇਅਰ, 174 ਦੇਸ਼ਾਂ ਦੀ GDP ਤੋਂ ਵੀ ਜ਼ਿਆਦਾ ਹੈ ਜਾਇਦਾਦ, ਕੀ ਇੰਨੀ ਦੌਲਤ ਦੇ ਨਾਲ ਦੂਰ ਹੋ ਸਕਦੀ ਸੰਸਾਰ ਦੀ ਗਰੀਬੀ?

ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਹੁਣ ਦੁਨੀਆ ਦੇ ਪਹਿਲੇ ਟ੍ਰਿਲੀਓਨੇਅਰ (ਖਰਬਪਤੀ) ਬਣ ਗਏ ਹਨ। ਮਸਕ ਦੀ ਰਾਕੇਟ ਕੰਪਨੀ 'ਸਪੇਸ-ਐਕਸ' (SpaceX) ਸ਼ੁੱਕਰਵਾਰ, 12 ਜੂਨ 2026 ਨੂੰ ਅਮਰੀਕੀ ਸ਼ੇਅਰ ਬਾਜ਼ਾਰ ਨੈਸਡੈਕ (Nasdaq) 'ਤੇ ਲਿਸਟ ਹੋਈ। ਇਸ ਲਿਸਟਿੰਗ ਤੋਂ ਬਾਅਦ ਕੰਪਨੀ ਦਾ ਵੈਲਿਊਏਸ਼ਨ 1.77 ਟ੍ਰਿਲੀਅਨ ਡਾਲਰ (ਕਰੀਬ 168 ਲੱਖ ਕਰੋੜ ਰੁਪਏ) ਤੱਕ ਪਹੁੰਚ ਗਿਆ ਹੈ, ਜਿਸ ਨਾਲ ਐਲਨ ਮਸਕ ਇਹ ਮੁਕਾਮ ਹਾਸਲ ਕਰਨ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਬਣ ਗਏ ਹਨ।

ਫੋਰਬਸ ਦੀ ਰਿਪੋਰਟ ਮੁਤਾਬਕ, ਹੁਣ ਤੱਕ ਮਸਕ ਦੀ ਕੁੱਲ ਜਾਇਦਾਦ (net worth) ਕਰੀਬ 982 ਬਿਲੀਅਨ ਡਾਲਰ ਯਾਨੀ 93.63 ਲੱਖ ਕਰੋੜ ਰੁਪਏ ਸੀ। 'ਸਪੇਸ-ਐਕਸ' ਦੇ ਸ਼ੇਅਰਾਂ ਦੀ ਕੀਮਤ ਵਧਣ ਨਾਲ ਮਸਕ ਦੀ ਜਾਇਦਾਦ 1 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਈ ਹੈ, ਜੋ ਭਾਰਤੀ ਕਰੰਸੀ ਵਿੱਚ ਕਰੀਬ 95.35 ਲੱਖ ਕਰੋੜ ਰੁਪਏ ਬਣਦੀ ਹੈ। ਮਸਕ ਕੋਲ ਇੰਨੀ ਦੌਲਤ ਹੈ ਕਿ ਜੇਕਰ ਉਹ ਹਰ ਘੰਟੇ 10 ਕਰੋੜ ਰੁਪਏ ਵੀ ਖਰਚ ਕਰਨ, ਤਾਂ ਵੀ ਇਸ ਪੂਰੀ ਰਕਮ ਨੂੰ ਖਤਮ ਕਰਨ ਵਿੱਚ ਉਹਨਾਂ ਨੂੰ 144 ਸਾਲ ਲੱਗ ਜਾਣਗੇ।

ਆਕਸਫੈਮ (Oxfam) ਅਤੇ ਸੰਯੁਕਤ ਰਾਸ਼ਟਰ ਦੇ ਅਨੁਮਾਨਾਂ ਮੁਤਾਬਕ, 1 ਟ੍ਰਿਲੀਅਨ ਡਾਲਰ ਦੀ ਰਕਮ ਨਾਲ ਪੂਰੀ ਦੁਨੀਆ ਵਿੱਚੋਂ ਭੁੱਖਮਰੀ ਅਤੇ ਗਰੀਬੀ ਨੂੰ ਕਈ ਸਾਲਾਂ ਤੱਕ ਖ਼ਤਮ ਕੀਤਾ ਜਾ ਸਕਦਾ ਹੈ।

1 ਟ੍ਰਿਲੀਅਨ ਡਾਲਰ ਦੀ ਰਕਮ ਕਿੰਨੀ ਵੱਡੀ ਹੈ?

ਇਹ ਅੰਕੜਾ ਦੁਨੀਆ ਦੇ 174 ਦੇਸ਼ਾਂ ਦੀ ਕੁੱਲ GDP ਨਾਲੋਂ ਵੀ ਵੱਡਾ ਹੈ। ਦੁਨੀਆ ਵਿੱਚ ਸਿਰਫ਼ 20 ਦੇਸ਼ ਅਜਿਹੇ ਹਨ, ਜਿਨ੍ਹਾਂ ਦੀ GDP ਐਲਨ ਮਸਕ ਦੀ ਜਾਇਦਾਦ ਨਾਲੋਂ ਜ਼ਿਆਦਾ ਹੈ। ਫੋਰਬਸ ਦੀ ਰਿਪੋਰਟ ਮੁਤਾਬਕ, ਐਲਨ ਮਸਕ ਇੰਨੀ ਦੌਲਤ ਦੇ ਨਾਲ ਤਾਈਵਾਨ, ਸਵਿਟਜ਼ਰਲੈਂਡ, ਸਵੀਡਨ ਅਤੇ ਸਿੰਗਾਪੁਰ ਵਰਗੇ ਅਮੀਰ ਦੇਸ਼ਾਂ ਦੀ ਅਰਥਵਿਵਸਥਾ (economy) ਨਾਲੋਂ ਵੀ ਜ਼ਿਆਦਾ ਅਮੀਰ ਬਣ ਚੁੱਕੇ ਹਨ।

ਜੇਕਰ ਐਲਨ ਮਸਕ ਆਪਣੀ ਸਾਰੀ ਦੌਲਤ ਦੁਨੀਆ ਵਿੱਚ ਵੰਡ ਦੇਣ ਤਾਂ ਕੀ ਹੋਵੇਗਾ?

ਮੌਜੂਦਾ ਸਮੇਂ ਵਿੱਚ ਦੁਨੀਆ ਦੀ ਆਬਾਦੀ ਲਗਭਗ 8.29 ਅਰਬ ਹੈ। ਜੇਕਰ ਐਲਨ ਮਸਕ ਆਪਣੀ ਸਾਰੀ ਜਾਇਦਾਦ ਦੁਨੀਆ ਦੇ ਹਰ ਵਿਅਕਤੀ ਵਿੱਚ ਬਰਾਬਰ ਵੰਡ ਦੇਣ, ਤਾਂ ਹਰ ਵਿਅਕਤੀ ਨੂੰ ਕਰੀਬ 121 ਡਾਲਰ ਯਾਨੀ ਲਗਭਗ 11,500 ਰੁਪਏ ਮਿਲਣਗੇ। ਦੱਸ ਦੇਈਏ ਕਿ ਮਸਕ ਨੇ ਆਪਣੀ ਅੱਧੀ ਦੌਲਤ ਦਾਨ ਕਰਨ ਦਾ ਫੈਸਲਾ ਕੀਤਾ ਹੋਇਆ ਹੈ।

ਕੀ ਇਸ ਨਾਲ ਗਰੀਬੀ ਖ਼ਤਮ ਹੋ ਜਾਵੇਗੀ?

ਨਹੀਂ। ਸੁਣਨ ਵਿੱਚ 121 ਡਾਲਰ ਦੀ ਰਕਮ ਵੱਡੀ ਲੱਗ ਸਕਦੀ ਹੈ, ਪਰ ਅਸਲੀਅਤ ਇਹ ਹੈ ਕਿ ਇੰਨੀ ਰਕਮ ਕਿਸੇ ਵਿਅਕਤੀ ਦੀ ਆਰਥਿਕ ਹਾਲਤ ਨੂੰ ਲੰਬੇ ਸਮੇਂ ਲਈ ਨਹੀਂ ਬਦਲ ਸਕਦੀ। ਜ਼ਿਆਦਾਤਰ ਦੇਸ਼ਾਂ ਵਿੱਚ ਇਹ ਰਕਮ ਕੁਝ ਦਿਨਾਂ ਜਾਂ ਕੁਝ ਹਫ਼ਤਿਆਂ ਦੇ ਖਰਚੇ ਤੋਂ ਵੱਧ ਨਹੀਂ ਹੋਵੇਗੀ। ਯਾਨੀ ਜੇਕਰ ਮਸਕ ਆਪਣੀ ਸਾਰੀ ਦੌਲਤ ਦੁਨੀਆ ਵਿੱਚ ਬਰਾਬਰ ਵੰਡ ਵੀ ਦੇਣ, ਤਾਂ ਵੀ ਗਰੀਬੀ ਦੀ ਸਮੱਸਿਆ ਦਾ ਸਥਾਈ ਹੱਲ ਨਹੀਂ ਨਿਕਲੇਗਾ। ਹਾਂ, ਇਸ ਨਾਲ ਕੁਝ ਸਮੇਂ ਲਈ ਗਰੀਬੀ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ।

ਦੁਨੀਆ ਵਿੱਚ ਅਜੇ ਕਿੰਨੇ ਲੋਕ ਗਰੀਬ ਹਨ?

ਵਰਲਡ ਬੈਂਕ ਦੇ 2025 ਦੇ ਅੰਕੜਿਆਂ ਮੁਤਾਬਕ, ਦੁਨੀਆ ਵਿੱਚ ਕਰੀਬ 70 ਕਰੋੜ ਲੋਕ ਅਜਿਹੇ ਹਨ ਜੋ ਅਤਿ ਦੀ ਗਰੀਬੀ ਵਿੱਚ ਜੀਵਨ ਬਤੀਤ ਕਰ ਰਹੇ ਹਨ। ਇਹ ਉਹ ਆਬਾਦੀ ਹੈ ਜੋ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਵੀ ਸੰਘਰਸ਼ ਕਰ ਰਹੀ ਹੈ। ਇਸ ਹਿਸਾਬ ਨਾਲ, ਜੇਕਰ ਮਸਕ ਆਪਣੀ ਪੂਰੀ ਟ੍ਰਿਲੀਅਨ ਡਾਲਰ ਦੀ ਜਾਇਦਾਦ ਸਿਰਫ਼ ਇਹਨਾਂ 70 ਕਰੋੜ ਲੋਕਾਂ ਵਿੱਚ ਵੰਡ ਦੇਣ, ਤਾਂ ਹਰ ਵਿਅਕਤੀ ਨੂੰ ਲਗਭਗ 1,430 ਡਾਲਰ ਮਿਲ ਸਕਦੇ ਹਨ। ਭਾਰਤੀ ਕਰੰਸੀ ਵਿੱਚ ਇਹ ਰਕਮ ਕਰੀਬ 1.2 ਲੱਖ ਰੁਪਏ ਬਣਦੀ ਹੈ। ਇਹ ਰਕਮ ਨਿਸ਼ਚਿਤ ਤੌਰ 'ਤੇ ਗਰੀਬ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਲਿਆ ਸਕਦੀ ਹੈ ਅਤੇ ਉਹਨਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਕਰ ਸਕਦੀ ਹੈ, ਪਰ ਇਸ ਨਾਲ ਗਰੀਬੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕਦੀ।

Latest News