Wednesday, 8th of April 2026

ਡੋਨਾਲਡ ਟਰੰਪ ਨੇ ਕੀਤਾ ਜੰਗ ਰੋਕਣ ਦਾ ਐਲਾਨ, ਹੋਰਮੁਜ਼ ਸਟ੍ਰੇਟ ਖੁੱਲ੍ਹੇਗਾ... ਅਮਰੀਕਾ-ਈਰਾਨ ਸੀਜ਼ਫਾਇਰ ਦੇ ਹੁਣ ਤੱਕ ਦੇ ਅਹਿਮ ਵੱਡੇ ਅਪਡੇਟ

By: GTC News Desk | Edited By: Lajwinder Kaur | Updated at: April 08th 2026 11:03 AM
ਡੋਨਾਲਡ ਟਰੰਪ ਨੇ ਕੀਤਾ ਜੰਗ ਰੋਕਣ ਦਾ ਐਲਾਨ, ਹੋਰਮੁਜ਼ ਸਟ੍ਰੇਟ ਖੁੱਲ੍ਹੇਗਾ... ਅਮਰੀਕਾ-ਈਰਾਨ ਸੀਜ਼ਫਾਇਰ ਦੇ ਹੁਣ ਤੱਕ ਦੇ ਅਹਿਮ ਵੱਡੇ ਅਪਡੇਟ

ਡੋਨਾਲਡ ਟਰੰਪ ਨੇ ਕੀਤਾ ਜੰਗ ਰੋਕਣ ਦਾ ਐਲਾਨ, ਹੋਰਮੁਜ਼ ਸਟ੍ਰੇਟ ਖੁੱਲ੍ਹੇਗਾ... ਅਮਰੀਕਾ-ਈਰਾਨ ਸੀਜ਼ਫਾਇਰ ਦੇ ਹੁਣ ਤੱਕ ਦੇ ਅਹਿਮ ਵੱਡੇ ਅਪਡੇਟ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਯਾਨੀਕਿ 08 ਅਪ੍ਰੈਲ ਨੂੰ ਈਰਾਨ ਨਾਲ ਸੀਜ਼ਫਾਇਰ (ਜੰਗਬੰਦੀ) ਦਾ ਐਲਾਨ ਕਰ ਦਿੱਤਾ ਹੈ। ਜੰਗ ਦੇ 40 ਦਿਨਾਂ ਬਾਅਦ ਦੋਵੇਂ ਦੇਸ਼ ਸੀਜ਼ਫਾਇਰ 'ਤੇ ਸਹਿਮਤ ਹੋਏ ਹਨ। ਇਸ ਤੋਂ ਪਹਿਲਾਂ ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਡੈੱਡਲਾਈਨ ਖ਼ਤਮ ਹੋਣ ਤੋਂ ਪਹਿਲਾਂ ਈਰਾਨ ਸੀਜ਼ਫਾਇਰ ਨਹੀਂ ਕਰਦਾ, ਤਾਂ ਉਸ ਦੇ ਪਾਵਰ ਪਲਾਂਟਾਂ ਅਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਆਓ ਜਾਣਦੇ ਹਾਂ ਹੁਣ ਤੱਕ ਦੇ ਵੱਡੇ ਅਪਡੇਟ ਕੀ ਹਨ-

ਟਰੰਪ ਨੇ ਈਰਾਨ ਵੱਲੋਂ ਪੇਸ਼ ਕੀਤੇ ਗਏ 10 ਨੁਕਾਤੀ ਸ਼ਾਂਤੀ ਪ੍ਰਸਤਾਵ ਨੂੰ ਵਿਵਹਾਰਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਈਰਾਨ ਦੇ ਪਾਵਰ ਪਲਾਂਟਾਂ, ਪੁਲ਼ਾਂ ਅਤੇ ਹੋਰ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਕਰੇਗਾ। ਮਿਡਲ ਈਸਟ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਵਾਸ਼ਿੰਗਟਨ ਅਤੇ ਤੇਹਰਾਨ ਵਿਚਕਾਰ 10 ਅਪ੍ਰੈਲ ਨੂੰ ਇਸਲਾਮਾਬਾਦ ਵਿੱਚ ਮੀਟਿੰਗ ਹੋਵੇਗੀ।

ਕੂਟਨੀਤਕ ਯਤਨਾਂ ਵਿੱਚ ਤੇਜ਼ੀ ਆਉਣ ਦੇ ਬਾਵਜੂਦ ਜ਼ਮੀਨੀ ਪੱਧਰ 'ਤੇ ਅਨਿਸ਼ਚਿਤਤਾ ਅਤੇ ਹਿੰਸਾ ਜਾਰੀ ਰਹੀ। ਈਰਾਨ ਨੇ ਸੀਜ਼ਫਾਇਰ (ਜੰਗਬੰਦੀ) ਸਮਝੌਤੇ ਨੂੰ ਸਵੀਕਾਰ ਕਰ ਲਿਆ ਹੈ, ਪਰ ਖਾੜੀ ਖੇਤਰ ਵਿੱਚ ਹਮਲਿਆਂ ਦਾ ਖ਼ਦਸ਼ਾ ਬਣਿਆ ਹੋਇਆ ਹੈ। ਵ੍ਹਾਈਟ ਹਾਊਸ ਵੱਲੋਂ ਸੀਜ਼ਫਾਇਰ 'ਤੇ ਸਹਿਮਤੀ ਜਤਾਏ ਜਾਣ ਦੇ ਬਾਵਜੂਦ, ਇਜ਼ਰਾਈਲੀ ਫ਼ੌਜ ਨੇ ਈਰਾਨ 'ਤੇ ਹਮਲੇ ਜਾਰੀ ਰੱਖੇ।

ਟਰੰਪ ਨੇ ਐਲਾਨ ਕਰਦਿਆਂ ਕਿਹਾ, 'ਮੈਂ ਅੱਜ ਰਾਤ ਈਰਾਨ ਵੱਲ ਭੇਜੀ ਜਾ ਰਹੀ ਵਿਨਾਸ਼ਕਾਰੀ ਫ਼ੌਜੀ ਸ਼ਕਤੀ ਨੂੰ ਰੋਕ ਰਿਹਾ ਹਾਂ ਅਤੇ ਜੇਕਰ ਇਸਲਾਮਿਕ ਰਿਪਬਲਿਕ ਆਫ਼ ਈਰਾਨ ਹੋਰਮੁਜ਼ ਸਟ੍ਰੇਟ ਨੂੰ ਪੂਰੀ ਤਰ੍ਹਾਂ, ਤੁਰੰਤ ਅਤੇ ਸੁਰੱਖਿਅਤ ਰੂਪ ਨਾਲ ਖੋਲ੍ਹਣ 'ਤੇ ਸਹਿਮਤ ਹੁੰਦਾ ਹੈ, ਤਾਂ ਮੈਂ ਦੋ ਹਫ਼ਤਿਆਂ ਦੀ ਮਿਆਦ ਲਈ ਈਰਾਨ 'ਤੇ ਬੰਬਾਰੀ ਅਤੇ ਹਮਲਿਆਂ ਨੂੰ ਮੁਲਤਵੀ ਕਰਨ ਲਈ ਤਿਆਰ ਹਾਂ।'

ਈਰਾਨ ਨੇ ਕਿਹਾ, 'ਜੇਕਰ ਉਸ 'ਤੇ ਹਮਲੇ ਰੋਕ ਦਿੱਤੇ ਜਾਂਦੇ ਹਨ, ਤਾਂ ਸਾਡੀਆਂ ਸ਼ਕਤੀਸ਼ਾਲੀ ਹਥਿਆਰਬੰਦ ਸੈਨਾਵਾਂ ਆਪਣੀਆਂ ਰੱਖਿਆਤਮਕ ਕਾਰਵਾਈਆਂ ਬੰਦ ਕਰ ਦੇਣਗੀਆਂ।' ਈਰਾਨ ਨੇ ਇਹ ਵੀ ਕਿਹਾ ਕਿ ਉਹ ਅਮਰੀਕਾ ਦੇ 15 ਨੁਕਾਤੀ ਪ੍ਰਸਤਾਵ 'ਤੇ ਅਧਾਰਤ ਗੱਲਬਾਤ ਦੀ ਬੇਨਤੀ 'ਤੇ ਵਿਚਾਰ ਕਰ ਰਿਹਾ ਹੈ। ਇਸ ਦੇ ਨਾਲ ਹੀ, ਵਾਸ਼ਿੰਗਟਨ ਵੱਲੋਂ ਈਰਾਨ ਦੀ 10 ਨੁਕਾਤੀ ਯੋਜਨਾ ਨੂੰ ਗੱਲਬਾਤ ਦੇ ਢਾਂਚੇ ਵਜੋਂ ਸਵੀਕਾਰ ਕੀਤੇ ਜਾਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਤੇਹਰਾਨ ਨੇ ਅੱਗੇ ਕਿਹਾ ਕਿ ਦੋ ਹਫ਼ਤਿਆਂ ਦੀ ਮਿਆਦ ਲਈ, ਈਰਾਨ ਦੇ ਹਥਿਆਰਬੰਦ ਬਲਾਂ ਦੇ ਤਾਲਮੇਲ ਅਤੇ ਤਕਨੀਕੀ ਸੀਮਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰਮੁਜ਼ ਸਟ੍ਰੇਟ ਤੋਂ ਸੁਰੱਖਿਅਤ ਆਵਾਜਾਈ ਸੰਭਵ ਹੋਵੇਗੀ।

ਈਰਾਨ ਨੇ ਇਸ ਨੂੰ ਤੇਹਰਾਨ ਦੀ ਜਿੱਤ ਦੱਸਿਆ ਅਤੇ ਉਸ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਨੇ ਕਿਹਾ ਕਿ ਟਰੰਪ ਨੇ ਦੁਸ਼ਮਣੀ ਖ਼ਤਮ ਕਰਨ ਲਈ ਈਰਾਨ ਦੀਆਂ ਸ਼ਰਤਾਂ ਮੰਨ ਲਈਆਂ ਹਨ। ਹਾਲਾਂਕਿ, ਵ੍ਹਾਈਟ ਹਾਊਸ ਨੇ ਜਵਾਬ ਦਿੱਤਾ ਕਿ ਅਸਲੀਅਤ ਇਹ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਅਮਰੀਕੀ ਫ਼ੌਜ ਨੇ ਈਰਾਨ ਨੂੰ ਹੋਰਮੁਜ਼ ਸਟ੍ਰੇਟ ਮੁੜ ਖੋਲ੍ਹਣ ਲਈ ਮਜਬੂਰ ਕੀਤਾ ਹੈ।

ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਈਰਾਨ ਦੇ ਖ਼ਿਲਾਫ਼ ਬੰਬਾਰੀ ਦੀ ਮੁਹਿੰਮ ਨੂੰ ਰੋਕਣ ਲਈ ਸਹਿਮਤ ਹੋ ਗਿਆ ਹੈ। ਹਾਲਾਂਕਿ, ਇਜ਼ਰਾਈਲੀ ਫ਼ੌਜੀ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਅਜੇ ਵੀ ਹਮਲੇ ਕਰ ਰਿਹਾ ਹੈ। ਤੇਲ ਅਵੀਵ ਵੱਲੋਂ ਰਸਮੀ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ।

ਈਰਾਨ ਅਤੇ ਅਮਰੀਕਾ ਵਿਚਕਾਰ ਸੀਜ਼ਫਾਇਰ ਦਾ ਐਲਾਨ ਹੋ ਚੁੱਕਾ ਹੈ, ਇਸ ਦੇ ਬਾਵਜੂਦ ਸਊਦੀ ਅਰਬ, ਬਹਿਰੀਨ ਅਤੇ ਕੁਵੈਤ ਸਮੇਤ ਖਾੜੀ ਖੇਤਰ ਵਿੱਚ ਮਿਜ਼ਾਈਲ ਅਲਰਟ ਜਾਰੀ ਕੀਤੇ ਗਏ ਹਨ।

ਖ਼ਬਰਾਂ ਮੁਤਾਬਕ, ਈਰਾਨ ਦੀ ਲੰਬੇ ਸਮੇਂ ਦੀ ਸ਼ਾਂਤੀ ਯੋਜਨਾ ਵਿੱਚ ਓਮਾਨ ਦੇ ਨਾਲ ਤਾਲਮੇਲ ਕਰਕੇ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ 'ਤੇ ਟੈਕਸ ਲਗਾਉਣਾ ਸ਼ਾਮਲ ਹੈ। ਤੇਹਰਾਨ ਦਾ ਕਹਿਣਾ ਹੈ ਕਿ ਇਸ ਕਮਾਈ (ਮਾਲੀਏ) ਦੀ ਵਰਤੋਂ ਮੁੜ-ਨਿਰਮਾਣ ਲਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਜੰਗ ਖ਼ਤਮ ਕਰਨ ਲਈ ਈਰਾਨ ਦੀਆਂ ਸ਼ਰਤਾਂ ਵਿੱਚ ਖੇਤਰ ਵਿੱਚੋਂ ਅਮਰੀਕੀ ਲੜਾਕੂ ਫ਼ੌਜਾਂ ਦੀ ਵਾਪਸੀ, ਪਾਬੰਦੀਆਂ ਹਟਾਉਣਾ ਅਤੇ ਉਸ ਦੀ ਜ਼ਬਤ ਕੀਤੀ ਜਾਇਦਾਦ ਨੂੰ ਰਿਹਾਅ ਕਰਨਾ ਸ਼ਾਮਲ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਜੰਗਬੰਦੀ (ਸੀਜ਼ਫਾਇਰ) ਵਿੱਚ ਇਜ਼ਰਾਈਲ ਅਤੇ ਹਿਜ਼ਬੁੱਲਾ ਵੱਲੋਂ ਲੇਬਨਾਨ ਵਿੱਚ ਲੜਾਈ ਰੋਕਣ ਦੀ ਵੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਈਰਾਨ ਅਤੇ ਅਮਰੀਕਾ ਦੇ ਵਫ਼ਦ (ਡੇਲੀਗੇਸ਼ਨ) ਨੂੰ ਸ਼ੁੱਕਰਵਾਰ ਨੂੰ ਇਸਲਾਮਾਬਾਦ ਵਿੱਚ ਮਿਲਣ ਦਾ ਸੱਦਾ ਦਿੱਤਾ ਹੈ ਅਤੇ ਸਥਾਈ ਸ਼ਾਂਤੀ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਚੰਗੀਆਂ ਖ਼ਬਰਾਂ ਮਿਲਣ ਦੀ ਕਾਮਨਾ ਕੀਤੀ ਹੈ।