ਇਸ ਸਮੇਂ ਭਾਰਤ ਦੇ ਵਿੱਚ ਮਾਨਸੂਨ (monsoon) ਨੇ ਹਲਚਲ ਮਚਾਈ ਹੋਈ ਹੈ। ਮਹਾਰਾਸ਼ਟਰ ਤੋਂ ਲੈ ਕੇ ਹਿਮਾਚਲ ਤੱਕ ਬੱਦਲ ਜੰਮ ਕੇ ਵਰ੍ਹ ਰਹੇ ਹਨ। ਕਈ ਸੂਬਿਆਂ ‘ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਜਿੱਥੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਭਾਰੀ ਬਾਰਿਸ਼ ਕਰਕੇ ਕਈ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਉੱਤਰ ਪ੍ਰਦੇਸ਼ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਯੂ.ਪੀ ਦੇ ਗਾਜ਼ੀਆਬਾਦ ਵਿੱਚ ਬੁੱਧਵਾਰ ਸ਼ਾਮ ਤੋਂ ਹੋ ਰਹੀ ਤੇਜ਼ ਬਾਰਿਸ਼ ਦੇ ਮੱਦੇਨਜ਼ਰ ਅੱਜ (9 ਜੁਲਾਈ) 12ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਗਾਜ਼ੀਆਬਾਦ ਦੇ ਜ਼ਿਲ੍ਹਾ ਮੈਜਿਸਟਰੇਟ ਰਵਿੰਦਰ ਕੁਮਾਰ ਮਾਂਦੜ ਨੇ ਭਾਰੀ ਮੀਂਹ ਅਤੇ ਕਈ ਥਾਵਾਂ 'ਤੇ ਪਾਣੀ ਭਰਨ ਦੀ ਸਮੱਸਿਆ ਨੂੰ ਦੇਖਦੇ ਹੋਏ ਵੀਰਵਾਰ ਨੂੰ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ।
ਅੱਜ ਵੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਦਾ ਅਲਰਟ
ਗਾਜ਼ੀਆਬਾਦ ਵਿੱਚ ਦੇਰ ਸ਼ਾਮ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਵੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਦਾ 'ਔਰੇਂਜ ਅਲਰਟ' ਜਾਰੀ ਕੀਤਾ ਹੈ, ਜਿਸ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਨੇ ਸਕੂਲ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਖਰਾਬ ਮੌਸਮ ਦੇ ਚਲਦਿਆਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਇਹ ਸਕੂਲਾਂ ਵਿੱਚ ਛੁੱਟੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਗਾਜ਼ੀਆਬਾਦ ਵਿੱਚ 12ਵੀਂ ਤੱਕ ਦੇ ਸਕੂਲ ਬੰਦ
ਪ੍ਰਸ਼ਾਸਨ ਵੱਲੋਂ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਸ ਸਬੰਧੀ ਸਬੰਧਤ ਵਿਭਾਗਾਂ ਨੂੰ ਵੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਡੀ.ਐਮ. ਨੇ ਸਲਾਹ ਦਿੱਤੀ ਹੈ ਕਿ ਵਿਦਿਆਰਥੀ ਖਰਾਬ ਮੌਸਮ ਵਿੱਚ ਘਰਾਂ ਵਿੱਚ ਸੁਰੱਖਿਅਤ ਰਹਿਣ ਅਤੇ ਆਪਣੇ ਅਧੂਰੇ ਅਸਾਈਨਮੈਂਟ ਪੂਰੇ ਕਰਕੇ ਇਸ ਛੁੱਟੀ ਦਾ ਸਦਉਪਯੋਗ ਕਰਨ।
ਇੱਥੇ ਵੀ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਰਹੇਗੀ ਛੁੱਟੀ
ਗਾਜ਼ੀਆਬਾਦ ਦੇ ਨਾਲ-ਨਾਲ ਅੱਜ ਮਥੁਰਾ ਅਤੇ ਹਾਥਰਸ ਵਿੱਚ ਵੀ ਸਕੂਲ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਗਾਜ਼ੀਆਬਾਦ ਤੋਂ ਇਲਾਵਾ ਮਥੁਰਾ ਅਤੇ ਹਾਥਰਸ ਜ਼ਿਲ੍ਹਿਆਂ ਵਿੱਚ ਵੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟਰੇਟਾਂ ਨੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਜ਼ਿਲ੍ਹਿਆਂ ਵਿੱਚ ਵੀਰਵਾਰ ਨੂੰ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਸਕੂਲਾਂ ਵਿੱਚ ਛੁੱਟੀ ਰਹੇਗੀ।
ਯੂ.ਪੀ. ਵਿੱਚ ਭਾਰੀ ਮੀਂਹ ਦਾ ਅਲਰਟ
ਦੱਸ ਦੇਈਏ ਕਿ ਮੌਸਮ ਵਿਭਾਗ ਨੇ ਅੱਜ ਨੋਇਡਾ-ਗਾਜ਼ੀਆਬਾਦ ਸਮੇਤ ਸੂਬੇ ਦੇ ਸਾਰੇ 75 ਜ਼ਿਲ੍ਹਿਆਂ ਵਿੱਚ ਬੱਦਲਾਂ ਦੀ ਗਰਜ, ਬਿਜਲੀ ਡਿੱਗਣ ਅਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਸਵੇਰ ਤੋਂ ਹੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਈ ਥਾਵਾਂ 'ਤੇ ਪਾਣੀ ਭਰਨ ਦੀ ਸਮੱਸਿਆ ਪੈਦਾ ਹੋ ਗਈ ਹੈ। ਅਜਿਹੇ ਵਿੱਚ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।