Friday, 16th of October 2026

ਨੌਜਵਾਨ ਆਗੂ ਸਰਬਜੀਤ ਸਿੰਘ ਸਮਾਣਾ ਦੀ ਹੈਟ੍ਰਿਕ: ਤੀਜੀ ਵਾਰ ਸ਼ਾਨਦਾਰ ਜਿੱਤ, 'ਆਪ' ਦਫ਼ਤਰ 'ਚ ਜਸ਼ਨ

Edited By: Lajwinder Kaur | Updated at:
ਨੌਜਵਾਨ ਆਗੂ ਸਰਬਜੀਤ ਸਿੰਘ ਸਮਾਣਾ ਦੀ ਹੈਟ੍ਰਿਕ: ਤੀਜੀ ਵਾਰ ਸ਼ਾਨਦਾਰ ਜਿੱਤ, 'ਆਪ' ਦਫ਼ਤਰ 'ਚ ਜਸ਼ਨ

ਨੌਜਵਾਨ ਆਗੂ ਸਰਬਜੀਤ ਸਿੰਘ ਸਮਾਣਾ ਦੀ ਹੈਟ੍ਰਿਕ: ਤੀਜੀ ਵਾਰ ਸ਼ਾਨਦਾਰ ਜਿੱਤ, 'ਆਪ' ਦਫ਼ਤਰ 'ਚ ਜਸ਼ਨ

ਮੋਹਾਲੀ ਦੇ ਵਾਰਡ ਨੰਬਰ 42 ਤੋਂ ਸਰਦਾਰ ਸਰਬਜੀਤ ਸਿੰਘ ਸਮਾਣਾ ਨੇ ਇੱਕ ਵਾਰ ਫਿਰ ਵੱਡੀ ਜਿੱਤ ਹਾਸਲ ਕਰਕੇ ਆਪਣੀ ਮਜ਼ਬੂਤ ਸਿਆਸੀ ਪਕੜ ਦਾ ਸਬੂਤ ਦਿੱਤਾ ਹੈ। ਇਹ ਲਗਾਤਾਰ ਤੀਜੀ ਵਾਰ ਹੈ ਜਦੋਂ ਉਨ੍ਹਾਂ ਨੇ ਵਾਰਡ ਵਾਸੀਆਂ ਦਾ ਦਿਲ ਜਿੱਤਿਆ ਹੈ। ਸਰਬਜੀਤ ਸਿੰਘ ਦੀ ਇਸ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਅਤੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਹੈ।

ਸਰਬਜੀਤ ਸਿੰਘ ਸਮਾਣਾ ਨੇ ਕੀਤਾ ਇਮਾਨਦਾਰੀ ਨਾਲ ਸੇਵਾ ਦਾ ਵਾਅਦਾ

ਚੋਣ ਪ੍ਰਚਾਰ ਦੌਰਾਨ ਸਰਬਜੀਤ ਸਿੰਘ ਸਮਾਣਾ ਨੇ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਰਾਜਨੀਤੀ ਦੇ ਰਾਹੀਂ ਲੋਕਾਂ ਦੀ ਸੇਵਾ ਕਰਨਗੇ ਅਤੇ ਇਲਾਕੇ ਦੀ ਨੁਹਾਰ ਬਦਲਣਗੇ। ਲੋਕਾਂ ਨੇ ਵੀ ਉਨ੍ਹਾਂ ਦੀ ਇਮਾਨਦਾਰ ਕਾਰਜਸ਼ੈਲੀ 'ਤੇ ਵਿਸ਼ਵਾਸ ਜਤਾਉਂਦੇ ਹੋਏ ਉਨ੍ਹਾਂ ਨੂੰ ਭਰਪੂਰ ਸਮਰਥਨ ਦਿੱਤਾ। ਜਿੱਤ ਤੋਂ ਬਾਅਦ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦੀ ਨਹੀਂ, ਸਗੋਂ ਸਮੂਹ ਇਲਾਕਾ ਵਾਸੀਆਂ ਦੀ ਜਿੱਤ ਹੈ। ਉਨ੍ਹਾਂ ਵਾਅਦਾ ਕੀਤਾ ਕਿ ਲੋਕਾਂ ਨੇ ਜੋ ਭਰੋਸਾ ਉਨ੍ਹਾਂ 'ਤੇ ਜਤਾਇਆ ਹੈ, ਉਹ ਉਸ ਨੂੰ ਕਦੇ ਟੁੱਟਣ ਨਹੀਂ ਦੇਣਗੇ ਅਤੇ ਖੇਤਰ ਦੇ ਵਿਕਾਸ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿਨ-ਰਾਤ ਮਿਹਨਤ ਕਰਨਗੇ।

ਵਾਰਡ ਦੇ ਹਰ ਇੱਕ ਵਾਸੀ ਦੀ ਜਿੱਤ ਹੈ-ਸਰਬਜੀਤ ਸਮਾਣਾ 

ਜਿੱਤ ਤੋਂ ਬਾਅਦ ਸਰਬਜੀਤ ਸਿੰਘ ਸਮਾਣਾ ਨੇ ਸੋਸ਼ਲ ਮੀਡੀਆ 'ਤੇ ਵਾਰਡ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ, "ਮੈਂ ਅੱਜ ਇਸ ਸ਼ਾਨਦਾਰ ਜਿੱਤ ਲਈ ਵਾਰਡ ਨੰ. 42 ਦੇ ਸਮੂਹ ਵਾਸੀਆਂ ਅਤੇ ਹਰ ਉਸ ਸਖ਼ਸ਼ ਨੂੰ ਵਧਾਈ ਦਿੰਦਾ ਹਾਂ ਅਤੇ ਸਭ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇਸ ਚੋਣ 'ਚ ਆਪਣਾ ਸਹਿਯੋਗ ਦਿੱਤਾ। ਇਹ ਮੇਰੀ ਜਿੱਤ ਨਹੀਂ ਇਹ ਤੁਹਾਡੀ ਸਾਰਿਆਂ ਦੀ ਜਿੱਤ ਹੈ, ਅਸੀਂ ਇਕੱਠੇ ਹੋ ਕੇ ਅੱਗੇ ਵੀ ਵਾਰਡ ਦੇ ਹਰ ਤਰ੍ਹਾਂ ਦੇ ਵਿਕਾਸ ਲਈ ਕੰਮ ਕਰਦੇ ਰਹਾਂਗੇ।''

ਪਾਰਟੀ ਦਫਤਰ 'ਚ ਜਿੱਤ ਦਾ ਜਸ਼ਨ

ਜਦੋਂ ਸਰਬਜੀਤ ਸਿੰਘ ਸਮਾਣਾ 'ਆਪ' ਪਾਰਟੀ ਦੇ ਦਫ਼ਤਰ ਪਹੁੰਚੇ ਤਾਂ ਉੱਥੇ ਵਰਕਰਾਂ ਨੇ ਢੋਲ-ਢਮੱਕੇ ਅਤੇ ਭੰਗੜੇ ਪਾ ਕੇ ਜਿੱਤ ਦਾ ਜਸ਼ਨ ਮਨਾਇਆ। ਇਸ ਮੌਕੇ 'ਆਪ' ਵਿਧਾਇਕ ਕੁਲਵੰਤ ਸਿੰਘ ਨੇ ਵੀ ਸਰਬਜੀਤ ਸਿੰਘ ਸਮਾਣਾ ਨੂੰ ਜੱਫੀ ਪਾ ਕੇ ਵਧਾਈ ਦਿੱਤੀ ਅਤੇ ਆਪਣਾ ਆਸ਼ੀਰਵਾਦ ਵੀ ਦਿੱਤਾ। ਬਹੁਤ ਹੀ ਘੱਟ ਉਮਰ ਵਿੱਚ ਸਿਆਸੀ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਸਰਬਜੀਤ ਸਿੰਘ ਸਮਾਣਾ ਦੀ ਇਸ ਜਿੱਤ ਨੂੰ ਇਲਾਕੇ ਵਿੱਚ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।

ਦੂਜੇ ਪਾਸੇ, ਪੂਰੇ ਪੰਜਾਬ ਵਿੱਚ ਚੱਲ ਰਹੀਆਂ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਚੱਲ ਰਹੀ ਹੈ ਅਤੇ ਪਾਰਟੀ ਲਗਾਤਾਰ ਸਭ ਤੋਂ ਅੱਗੇ ਚੱਲ ਰਹੀ ਹੈ।