ਪੋਕਸੋ ਐਕਟ ਤਹਿਤ ਫਸਿਆ ਅਕਾਲੀ ਆਗੂ; ਮਾਸੂਮ ਕੁੜੀ ਨਾਲ ਹੋਟਲ 'ਚ ਜਿਣਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਹੇਠ ਪੁਲਿਸ ਦੀ ਵੱਡੀ ਕਾਰਵਾਈ
ਪੰਜਾਬ ਦੀ ਸਿਆਸਤ ਦੇ ਵਿੱਚ ਉਸ ਸਮੇਂ ਭੂਚਾਲ ਆ ਗਿਆ ਜਦੋਂ ਅਕਾਲੀ ਆਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਦਾਖਾ ਦੇ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਖ਼ਿਲਾਫ਼ ਮੋਹਾਲੀ ਦੇ ਮਟੌਰ ਥਾਣੇ ਵਿੱਚ ਨਾਬਾਲਗ ਕੁੜੀ ਨਾਲ ਜਿਣਸੀ ਸ਼ੋਸ਼ਣ ਕਰਨ, ਬੰਧਕ ਬਣਾ ਕੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ ਹੇਠ ਸੰਗੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਜਸਕਰਨਜੀਤ ਸਿੰਘ ਦਿਓਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਹਿਲਾਂ ਘਰ ਬਰਬਾਦ ਕੀਤਾ, ਫਿਰ ਧੀ 'ਤੇ ਰੱਖੀ ਮਾੜੀ ਨੀਅਤ: ਪੀੜਤ ਦਾ ਪਿਤਾ
ਇਹ ਮਾਮਲਾ ਮੋਹਾਲੀ ਦੇ ਸੈਕਟਰ-70 ਸਥਿਤ 'ਹੋਮਲੈਂਡ ਹਾਈਟਸ' ਦਾ ਹੈ। ਪੀੜਤ ਕੁੜੀ ਦੇ ਪਿਤਾ ਪਰਮਿੰਦਰ ਸਿੰਘ (ਵਾਸੀ ਪਿੰਡ ਬੀਰਮੀ, ਲੁਧਿਆਣਾ) ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜ਼ਮ ਜਸਕਰਨਜੀਤ ਦਿਓਲ ਨੇ ਪਹਿਲਾਂ ਉਸ ਦੀ ਪਤਨੀ ਨੂੰ ਆਪਣੇ ਜਾਲ ਵਿੱਚ ਫਸਾ ਕੇ ਨਜਾਇਜ਼ ਸੰਬੰਧ ਬਣਾਏ। ਇਸ ਤੋਂ ਬਾਅਦ ਅਕਤੂਬਰ 2024 ਵਿੱਚ ਉਹ ਪਰਿਵਾਰ ਨੂੰ ਮੋਹਾਲੀ ਦੇ ਇੱਕ ਫਲੈਟ ਵਿੱਚ ਲੈ ਆਇਆ, ਜਿੱਥੇ ਉਸ ਦੀਆਂ ਦੋਵੇਂ ਧੀਆਂ ਵੀ ਰਹਿ ਰਹੀਆਂ ਸਨ। ਪਿਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਪਹਿਲਾਂ ਉਸ ਦਾ ਹੱਸਦਾ-ਖੇਡਦਾ ਘਰ ਬਰਬਾਦ ਕੀਤਾ ਅਤੇ ਫਿਰ ਉਸ ਦੀ ਸਾਢੇ 14 ਸਾਲ ਦੀ ਨਾਬਾਲਗ ਧੀ 'ਤੇ ਵੀ ਮਾੜੀ ਨੀਅਤ ਰੱਖਣੀ ਸ਼ੁਰੂ ਕਰ ਦਿੱਤੀ।
ਹੋਟਲ ਲਿਜਾ ਕੇ ਕੀਤਾ ਜਿਣਸੀ ਸ਼ੋਸ਼ਣ, ਗੈਂਗਸਟਰਾਂ ਦੀ ਦਿੱਤੀ ਧਮਕੀ
ਸ਼ਿਕਾਇਤ ਮੁਤਾਬਕ, ਜਦੋਂ ਮੁਲਜ਼ਮ ਨਾਬਾਲਗ ਕੁੜੀ ਨੂੰ ਸਕੂਲ ਦੇ ਹੋਸਟਲ ਤੋਂ ਵਾਪਸ ਲਿਆ ਰਿਹਾ ਸੀ, ਤਾਂ ਉਹ ਉਸ ਨੂੰ ਘਰ ਲਿਜਾਣ ਦੀ ਬਜਾਏ ਜ਼ਬਰਦਸਤੀ ਇੱਕ ਹੋਟਲ ਵਿੱਚ ਲੈ ਗਿਆ। ਉੱਥੇ ਉਸ ਨੇ ਮਾਸੂਮ ਕੁੜੀ ਦਾ ਜਿਣਸੀ ਸ਼ੋਸ਼ਣ ਕੀਤਾ। ਜਦੋਂ ਕੁੜੀ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਦੇ ਪਿਤਾ ਨੂੰ ਕੈਨੇਡਾ ਬੈਠੇ ਗੈਂਗਸਟਰਾਂ ਤੋਂ ਮਰਵਾ ਦੇਵੇਗਾ।
9 ਮਈ ਨੂੰ ਪਿਤਾ ਕੋਲ ਪਹੁੰਚੀ ਪੀੜਤ ਧੀ
ਮੁਲਜ਼ਮ ਦੇ ਡਰ ਅਤੇ ਤਸ਼ੱਦਦ ਤੋਂ ਤੰਗ ਆ ਕੇ 9 ਮਈ ਨੂੰ ਪੀੜਤ ਕੁੜੀ ਕਿਸੇ ਤਰ੍ਹਾਂ ਆਪਣੇ ਪਿਤਾ ਕੋਲ ਪਹੁੰਚੀ ਅਤੇ ਰੋਂਦੇ ਹੋਏ ਸਾਰੀ ਹੱਡਬੀਤੀ ਸੁਣਾਈ। ਪਿਤਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਦੀ ਧੀ ਨੇ ਦੱਸਿਆ ਕਿ ਉਸ ਦੀ ਮਾਂ ਅਤੇ ਜਸਕਰਨਜੀਤ ਸਿੰਘ ਦੇ ਨਜਾਇਜ਼ ਸੰਬੰਧਾਂ ਕਾਰਨ ਇੱਕ ਬੱਚੀ ਦਾ ਜਨਮ ਵੀ ਹੋਇਆ ਸੀ, ਜਿਸ ਨੂੰ ਸਮਾਜ ਤੋਂ ਲੁਕਾ ਕੇ ਰੱਖਿਆ ਗਿਆ ਹੈ। ਸ਼ਿਕਾਇਤਕਰਤਾ ਅਨੁਸਾਰ, ਨਾ ਤਾਂ ਜਸਕਰਨਜੀਤ ਦਿਓਲ ਦਾ ਆਪਣੀ ਪਤਨੀ ਨਾਲ ਤਲਾਕ ਹੋਇਆ ਹੈ ਅਤੇ ਨਾ ਹੀ ਉਸ ਦੀ ਪਤਨੀ ਦਾ ਉਸ (ਪਰਮਿੰਦਰ ਸਿੰਘ) ਨਾਲ ਡਿਵੋਰਸ ਹੋਇਆ ਹੈ।
ਪੁਲਿਸ ਵੱਲੋਂ ਮਾਮਲਾ ਦਰਜ
ਪਿਤਾ ਦੀ ਲਿਖਤੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਮਟੌਰ ਥਾਣਾ ਪੁਲਿਸ ਨੇ ਭਾਰਤੀ ਨਿਆ ਸੰਹਿਤਾ (BNS) ਅਤੇ ਪੋਕਸੋ (POCSO) ਐਕਟ ਦੀ ਧਾਰਾ 6 ਤਹਿਤ ਬਲਾਤਕਾਰ, ਅਗਵਾ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮ ਜਸਕਰਨਜੀਤ ਸਿੰਘ ਦਿਓਲ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।