Monday, 25th of May 2026

ਪੰਜਾਬ 'ਚ ਗਰਮੀ ਨੇ ਕੱਢੇ ਵੱਟ, ਹੀਟਵੇਵ ਦਾ ਔਰੇਂਜ ਅਲਰਟ, ਜਾਣੋ ਕਦੋਂ ਮਿਲੇਗੀ ਗਰਮੀ ਤੋਂ ਰਾਹਤ

By: GTC News Desk | Edited By: Lajwinder Kaur | Updated at: May 25th 2026 09:58 AM
ਪੰਜਾਬ 'ਚ ਗਰਮੀ ਨੇ ਕੱਢੇ ਵੱਟ, ਹੀਟਵੇਵ ਦਾ ਔਰੇਂਜ ਅਲਰਟ, ਜਾਣੋ ਕਦੋਂ ਮਿਲੇਗੀ ਗਰਮੀ ਤੋਂ ਰਾਹਤ

ਪੰਜਾਬ 'ਚ ਗਰਮੀ ਨੇ ਕੱਢੇ ਵੱਟ, ਹੀਟਵੇਵ ਦਾ ਔਰੇਂਜ ਅਲਰਟ, ਜਾਣੋ ਕਦੋਂ ਮਿਲੇਗੀ ਗਰਮੀ ਤੋਂ ਰਾਹਤ

ਪੰਜਾਬ ਅਤੇ ਚੰਡੀਗੜ੍ਹ ਵਿੱਚ ਭਿਆਨਕ ਗਰਮੀ ਪੈ ਰਹੀ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਅਗਲੇ 3 ਦਿਨਾਂ ਤੱਕ ਸਖ਼ਤ ਲੂ (ਸੀਵੀਅਰ ਹੀਟਵੇਵ) ਦਾ ਅਲਰਟ ਜਾਰੀ ਕੀਤਾ ਹੈ। ਕਈ ਜ਼ਿਲ੍ਹਿਆਂ ਵਿੱਚ ਲੂ ਕਾਰਨ ਹਾਲਾਤ ਬਹੁਤ ਖ਼ਰਾਬ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਵਧਦੇ ਤਾਪਮਾਨ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਅੱਜ ਤੋਂ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ।

ਚੰਡੀਗੜ੍ਹ ਦੇ ਸਕੂਲਾਂ ਬਾਰੇ ਅਹਿਮ ਫੈਸਲਾ

ਚੰਡੀਗੜ੍ਹ ਵਿੱਚ 30 ਜੂਨ ਤੱਕ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਭਿਆਨਕ ਗਰਮੀ ਨੂੰ ਦੇਖਦੇ ਹੋਏ ਚੰਡੀਗੜ੍ਹ ਵਿੱਚ ਸਕੂਲਾਂ ਦੇ ਸਮਰ ਕੈਂਪਾਂ (ਗਰਮੀਆਂ ਦੇ ਕੈਂਪਾਂ) ਵਿੱਚ ਆਊਟਡੋਰ ਐਕਟੀਵਿਟੀਜ਼ (ਬਾਹਰ ਹੋਣ ਵਾਲੀਆਂ ਗਤੀਵਿਧੀਆਂ) 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।

ਬਠਿੰਡਾ 'ਚ ਪਾਰਾ 44.6 ਡਿਗਰੀ ਤੱਕ ਪਹੁੰਚਿਆ

ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 0.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਐਤਵਾਰ ਨੂੰ ਬਠਿੰਡਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 44.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਇਹਨਾਂ ਜ਼ਿਲ੍ਹਿਆਂ ਵਿੱਚ ਹੀਟਵੇਵ ਦਾ ਅਲਰਟ

ਸੋਮਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਲੁਧਿਆਣਾ, ਬਰਨਾਲਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਵਿੱਚ ਭਿਆਨਕ ਲੂ (ਹੀਟਵੇਵ) ਚੱਲਣ ਦੀ ਸੰਭਾਵਨਾ ਹੈ। ਦੂਜੇ ਪਾਸੇ ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਅਤੇ ਮਾਨਸਾ ਵਿੱਚ ਸਖ਼ਤ ਲੂ (ਸੀਵੀਅਰ ਹੀਟਵੇਵ) ਦਾ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ 25 ਤੋਂ 27 ਮਈ ਤੱਕ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਲੂ (ਹੀਟਵੇਵ) ਅਤੇ ਕਈ ਇਲਾਕਿਆਂ ਵਿੱਚ ਬਹੁਤ ਸਖ਼ਤ ਲੂ ਦਾ ਅਲਰਟ ਜਾਰੀ ਕੀਤਾ ਹੈ।

ਸਕੂਲਾਂ ਅਤੇ ਦਫ਼ਤਰਾਂ ਦਾ ਸਮਾਂ ਬਦਲਿਆ

ਪੰਜਾਬ ਸਰਕਾਰ ਨੇ ਅੱਜ ਤੋਂ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਅਦਾਰਿਆਂ ਦਾ ਸਮਾਂ ਬਦਲ ਦਿੱਤਾ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਸਥਿਤ ਸਰਕਾਰੀ ਦਫ਼ਤਰ ਹੁਣ ਅਗਲੇ ਹੁਕਮਾਂ ਤੱਕ ਸਵੇਰੇ ਸਾਢੇ 7 ਵਜੇ ਤੋਂ ਦੁਪਹਿਰ ਡੇਢ (1:30) ਵਜੇ ਤੱਕ ਖੁੱਲ੍ਹਣਗੇ। ਸਰਕਾਰ ਨੇ ਸਾਰੇ ਵਿਭਾਗਾਂ, ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ (DC) ਨੂੰ ਇਹਨਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਬਿਜਲੀ ਦੀ ਮੰਗ 9000 ਮੈਗਾਵਾਟ ਤੱਕ ਪਹੁੰਚੀ

ਐਤਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 9000 ਮੈਗਾਵਾਟ ਦੇ ਕਰੀਬ ਪਹੁੰਚ ਗਈ। ਪਾਵਰਕਾਮ ਮੁਤਾਬਕ ਐਤਵਾਰ ਹੋਣ ਕਰਕੇ ਬਿਜਲੀ ਦੀ ਖਪਤ ਆਮ ਦਿਨਾਂ ਦੇ ਮੁਕਾਬਲੇ ਘੱਟ ਰਹੀ। ਸੂਬੇ ਵਿੱਚ ਲਗਭਗ 4000 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਇਆ, ਜਦੋਂ ਕਿ ਕਰੀਬ 5000 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਖਰੀਦਣੀ ਪਈ।

28 ਮਈ ਤੋਂ ਬਦਲ ਸਕਦਾ ਹੈ ਮੌਸਮ

ਚੰਡੀਗੜ੍ਹ ਦੇ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਅੱਜ ਤੋਂ 27 ਮਈ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਕ 29 ਅਤੇ 30 ਮਈ ਨੂੰ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਅਗਲੇ ਚਾਰ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ। ਇਸ ਤੋਂ ਬਾਅਦ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 28, 29 ਅਤੇ 30 ਮਈ ਨੂੰ ਕਈ ਇਲਾਕਿਆਂ ਵਿੱਚ ਗਰਜ-ਚਮਕ, ਧੂੜ ਭਰੀ ਅੰਧੇਰੀ, ਬਿਜਲੀ ਲਿਸ਼ਕਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ।

Latest News