Wednesday, 28th of October 2026

ਪੰਜਾਬ-ਚੰਡੀਗੜ੍ਹ ‘ਚ ਗਰਮੀ ਦਾ ਕਹਿਰ! ਤਾਪਮਾਨ ਨੇ ਤੋੜੇ ਸਾਰੇ ਰਿਕਾਰਡ, ਇਸ ਦਿਨ ਮੀਂਹ ਅਤੇ ਗੜ੍ਹੇਮਾਰੀ ਦੀ ਚਿਤਾਵਨੀ

Edited By: Lajwinder Kaur | Updated at:
ਪੰਜਾਬ-ਚੰਡੀਗੜ੍ਹ ‘ਚ ਗਰਮੀ ਦਾ ਕਹਿਰ! ਤਾਪਮਾਨ ਨੇ ਤੋੜੇ ਸਾਰੇ ਰਿਕਾਰਡ, ਇਸ ਦਿਨ  ਮੀਂਹ ਅਤੇ ਗੜ੍ਹੇਮਾਰੀ ਦੀ ਚਿਤਾਵਨੀ

ਪੰਜਾਬ-ਚੰਡੀਗੜ੍ਹ ‘ਚ ਗਰਮੀ ਦਾ ਕਹਿਰ! ਤਾਪਮਾਨ ਨੇ ਤੋੜੇ ਸਾਰੇ ਰਿਕਾਰਡ, ਇਸ ਦਿਨ ਮੀਂਹ ਅਤੇ ਗੜ੍ਹੇਮਾਰੀ ਦੀ ਚਿਤਾਵਨੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਅਨੁਸਾਰ, ਅੱਜ ਚੰਡੀਗੜ੍ਹ ਅਤੇ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਹੀਟਵੇਵ (ਲੂ) ਚੱਲਣ ਦੀ ਸੰਭਾਵਨਾ ਹੈ, ਜਿਸ ਲਈ ਵਿਭਾਗ ਵੱਲੋਂ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ। ਹਾਲਾਂਕਿ, 11 ਜੂਨ ਤੋਂ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ। ਅਗਲੇ ਦੋ ਦਿਨਾਂ ਦੌਰਾਨ ਹੀਟਵੇਵ ਦੇ ਨਾਲ-ਨਾਲ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਅਤੇ ਗੜ੍ਹੇਮਾਰੀ ਹੋਣ ਦੀ ਵੀ ਸੰਭਾਵਨਾ ਹੈ।

ਤੇਜ਼ ਹਵਾਵਾਂ ਦੀ ਵਾਰਨਿੰਗ

ਇਸ ਦੌਰਾਨ, ਤੇਜ਼ ਹਵਾਵਾਂ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣਗੀਆਂ। ਸੂਬੇ ਦੇ ਤਾਪਮਾਨ ਵਿੱਚ 0.9 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 3.8 ਡਿਗਰੀ ਜ਼ਿਆਦਾ ਹੈ। ਬਠਿੰਡਾ ਵਿੱਚ ਸਭ ਤੋਂ ਵੱਧ 46.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਕਿ ਜੂਨ ਮਹੀਨੇ ਦਾ ਸਭ ਤੋਂ ਵੱਧ ਤਾਪਮਾਨ ਹੈ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਵੀ ਤਾਪਮਾਨ 40.0 ਤੋਂ 46.3 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ ਹੈ।

ਇਹ ਵਾਲੇ ਜ਼ਿਲ੍ਹਿਆਂ ਚ ਲੂ ਦਾ ਅਲਰਟ

ਮੌਸਮ ਵਿਗਿਆਨ ਕੇਂਦਰ ਅਨੁਸਾਰ, ਰਾਜਸਥਾਨ ਨਾਲ ਲੱਗਦੇ ਜ਼ਿਲ੍ਹਿਆਂ ਜਿਵੇਂ ਕਿ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਕੁਝ ਥਾਵਾਂ 'ਤੇ ਹੀਟਵੇਵ (ਲੂ) ਚੱਲਣ ਦੀ ਸੰਭਾਵਨਾ ਹੈ ਅਤੇ ਮੌਸਮ ਦੇ ਖੁਸ਼ਕ ਬਣੇ ਰਹਿਣ ਦੇ ਆਸਾਰ ਹਨ।

ਬਿਜਲੀ ਦੀ ਮੰਗ ਵਧੀ

9 ਜੂਨ ਨੂੰ ਬਿਜਲੀ ਦੀ ਮੰਗ 15,500 ਮੈਗਾਵਾਟ ਤੱਕ ਪਹੁੰਚ ਗਈ, ਜੋ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਹੈ। ਇਸ ਦੇ ਮੁੱਖ ਕਾਰਨ ਝੋਨੇ ਦਾ ਸੀਜ਼ਨ ਅਤੇ ਗਰਮੀ ਦੀਆਂ ਛੁੱਟੀਆਂ ਕਾਰਨ ਲੋਕਾਂ ਦਾ ਘਰਾਂ ਵਿੱਚ ਰਹਿਣਾ ਹੈ। ਇਸ ਦੌਰਾਨ ਰਾਜ ਦੀ ਆਪਣੀ ਉਤਪਾਦਨ ਸਮਰੱਥਾ ਲਗਭਗ 5,000 ਮੈਗਾਵਾਟ ਰਹੀ, ਜਦਕਿ 8,000 ਮੈਗਾਵਾਟ ਬਿਜਲੀ ਸੈਂਟਰਲ ਪੂਲ ਤੋਂ ਲਈ ਗਈ।

ਸਰਕਾਰੀ ਬਦਲਾਅ ਅਤੇ ਸਾਵਧਾਨੀ: ਗਰਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 15 ਜੁਲਾਈ ਤੱਕ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਕਰ ਦਿੱਤਾ ਹੈ। ਸਕੂਲ 30 ਜੂਨ ਤੱਕ ਬੰਦ ਰਹਿਣਗੇ ਅਤੇ ਹੁਣ 1 ਜੁਲਾਈ ਤੋਂ ਖੁੱਲ੍ਹਣਗੇ। ਇਸ ਦੇ ਨਾਲ ਹੀ, ਸਿਹਤ ਵਿਭਾਗ ਨੇ ਲੋਕਾਂ ਨੂੰ ਲੂ ਤੋਂ ਬਚਣ ਲਈ ਵਿਸ਼ੇਸ਼ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।

11 ਜੂਨ ਤੋਂ ਪੱਛਮੀ ਗੜਬੜੀ (Western Disturbance) ਸਰਗਰਮ ਹੋਵੇਗੀ

ਮੌਸਮ ਵਿਭਾਗ ਮੁਤਾਬਕ, ਪੰਜਾਬ ਵਿੱਚ ਫਿਲਹਾਲ ਮਾਨਸੂਨ ਨੇ ਦਸਤਕ ਨਹੀਂ ਦਿੱਤੀ ਹੈ। 11 ਜੂਨ ਤੋਂ ਬਾਅਦ ਪੱਛਮੀ ਗੜਬੜੀ ਅਤੇ ਮੌਸਮੀ ਬਦਲਾਅ ਦੇ ਪ੍ਰਭਾਵ ਕਾਰਨ ਕੁਝ ਇਲਾਕਿਆਂ ਵਿੱਚ ਬੱਦਲਵਾਈ, ਤੇਜ਼ ਹਵਾਵਾਂ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਮਾਨਸੂਨ ਦੇ ਜੂਨ ਦੇ ਆਖਰੀ ਹਫ਼ਤੇ ਤੱਕ ਪਹੁੰਚਣ ਦੇ ਆਸਾਰ ਹਨ, ਹਾਲਾਂਕਿ ਇਹ ਆਉਣ ਵਾਲੇ ਦਿਨਾਂ ਦੇ ਮੌਸਮ 'ਤੇ ਨਿਰਭਰ ਕਰੇਗਾ।

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਅਗਲੇ ਦੋ ਦਿਨਾਂ ਤੱਕ ਟ੍ਰਾਈਸਿਟੀ (ਚੰਡੀਗੜ੍ਹ, ਮੋਹਾਲੀ, ਪੰਚਕੂਲਾ) ਵਿੱਚ ਲੂ (ਹੀਟਵੇਵ) ਚੱਲਣ ਦੀ ਸੰਭਾਵਨਾ ਹੈ। 12, 13 ਅਤੇ 14 ਜੂਨ ਨੂੰ ਇੱਕ ਹੋਰ ਪੱਛਮੀ ਗੜਬੜੀ (Western Disturbance) ਸਰਗਰਮ ਹੋਵੇਗੀ, ਜਿਸ ਨਾਲ ਮੀਂਹ, ਤੂਫ਼ਾਨ ਅਤੇ ਬਿਜਲੀ ਚਮਕਣ ਦੇ ਆਸਾਰ ਹਨ ਅਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਇਸ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਦੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਵੀ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਹੈ, ਅਤੇ ਪਹਾੜੀ ਇਲਾਕਿਆਂ ਵਿੱਚ ਵੀ ਮੌਸਮ ਖਰਾਬ ਰਹਿ ਸਕਦਾ ਹੈ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਔਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।