Sunday, 5th of July 2026

Punjab Weather: ਪੰਜਾਬ-ਚੰਡੀਗੜ੍ਹ 'ਚ ਅੱਜ ਤੋਂ ਮੌਸਮ ਨੇ ਲਈ ਕਰਵਟ, ਠੰਡੀ ਹਵਾਵਾਂ ਕਰਕੇ ਡਿੱਗਿਆ ਪਾਰਾ, 19 ਮਾਰਚ ਤੱਕ ਹਨੇਰੀ ਤੇ ਮੀਂਹ ਦਾ ਅਲਰਟ

Edited By: Lajwinder Kaur | Updated at: March 14th 2026 09:50 AM
Trending News
Punjab Weather: ਪੰਜਾਬ-ਚੰਡੀਗੜ੍ਹ 'ਚ ਅੱਜ ਤੋਂ ਮੌਸਮ ਨੇ ਲਈ ਕਰਵਟ, ਠੰਡੀ ਹਵਾਵਾਂ ਕਰਕੇ ਡਿੱਗਿਆ ਪਾਰਾ, 19 ਮਾਰਚ ਤੱਕ ਹਨੇਰੀ ਤੇ ਮੀਂਹ ਦਾ ਅਲਰਟ

Punjab Weather: ਪੰਜਾਬ-ਚੰਡੀਗੜ੍ਹ 'ਚ ਅੱਜ ਤੋਂ ਮੌਸਮ ਨੇ ਲਈ ਕਰਵਟ, ਠੰਡੀ ਹਵਾਵਾਂ ਕਰਕੇ ਡਿੱਗਿਆ ਪਾਰਾ, 19 ਮਾਰਚ ਤੱਕ ਹਨੇਰੀ ਤੇ ਮੀਂਹ ਦਾ ਅਲਰਟ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ। ਲੰਘੀ ਸ਼ਾਮ ਤੋਂ ਹੀ ਲੋਕਾਂ ਨੂੰ ਠੰਡ ਦਾ ਅਹਿਸਾਸ ਹੋਣ ਲੱਗ ਪਿਆ ਸੀ। ਅੱਜ ਸਵੇਰ ਤੋਂ ਹੀ ਆਸਾਮਨ ਵਿੱਚ ਛਾਏ ਕਾਲੇ ਬੱਦਲਾਂ ਕਰਕੇ ਮੌਸਮ ਠੰਡਾ-ਠੰਡਾ ਮਹਿਸੂਸ ਹੋ ਰਿਹਾ ਹੈ। 

ਮੌਸਮ ਵਿਭਾਗ ਨੇ ਅੱਜ (14 ਮਾਰਚ) ਤੋਂ ਅਗਲੇ 4 ਦਿਨਾਂ ਤੱਕ ਸੂਬੇ ਵਿੱਚ ਗਰਜ-ਚਮਕ, ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਨੂੰ ਲੈ ਕੇ 'ਯੈਲੋ ਅਲਰਟ' ਜਾਰੀ ਕੀਤਾ ਹੈ। ਇਸ ਦੌਰਾਨ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ। ਵੱਧ ਤੋਂ ਵੱਧ ਤਾਪਮਾਨ ਵਿੱਚ ਲਗਭਗ 0.4 ਡਿਗਰੀ ਦੀ ਕਮੀ ਆਈ ਹੈ, ਹਾਲਾਂਕਿ ਇਹ ਅਜੇ ਵੀ ਆਮ ਨਾਲੋਂ 3.8 ਡਿਗਰੀ ਜ਼ਿਆਦਾ ਬਣਿਆ ਹੋਇਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 31.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹੁਣ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ ਇਸ ਤੋਂ ਹੇਠਾਂ ਆ ਗਿਆ ਹੈ, ਜਦਕਿ ਇਸ ਤੋਂ ਪਹਿਲਾਂ ਕਈ ਥਾਵਾਂ 'ਤੇ ਪਾਰਾ 35 ਡਿਗਰੀ ਤੱਕ ਪਹੁੰਚ ਗਿਆ ਸੀ।

ਅੱਜ ਤੋਂ ਵੈਸਟਨ ਡਿਸਟਰਬਨ ਐਕਟਿਵ

ਮੌਸਮ ਵਿਭਾਗ ਦੇ ਅਨੁਸਾਰ, ਅੱਜ ਤੋਂ ਇੱਕ ਨਵੀਂ ਵੈਸਟਨ ਡਿਸਟਰਬਨ (Western Disturbance)  ਸਰਗਰਮ ਹੋ ਰਹੀ ਹੈ, ਜੋ ਸਭ ਤੋਂ ਪਹਿਲਾਂ ਪਹਾੜੀ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ। ਇਸ ਦੇ ਪ੍ਰਭਾਵ ਕਾਰਨ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ

ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਕਈ ਥਾਵਾਂ 'ਤੇ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਬਿਜਲੀ ਲਿਸ਼ਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਵੀ ਅਨੁਮਾਨ ਜਤਾਇਆ ਗਿਆ ਹੈ।

ਸੂਬੇ ਵਿੱਚ 97% ਘੱਟ ਮੀਂਹ ਦਰਜ

ਮਾਰਚ ਮਹੀਨੇ ਵਿੱਚ ਪੰਜਾਬ ਵਿੱਚ ਆਮ ਤੌਰ 'ਤੇ 11.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਜਾਂਦੀ ਹੈ, ਪਰ ਇਸ ਵਾਰ ਹੁਣ ਤੱਕ ਸੂਬੇ ਵਿੱਚ ਸਿਰਫ਼ 0.4 ਮਿਲੀਮੀਟਰ ਮੀਂਹ ਹੀ ਪਿਆ ਹੈ। ਇਸ ਦਾ ਮਤਲਬ ਹੈ ਕਿ ਪੂਰੇ ਪੰਜਾਬ ਵਿੱਚ ਔਸਤ ਵਰਖਾ ਆਮ ਨਾਲੋਂ ਲਗਭਗ 97 ਪ੍ਰਤੀਸ਼ਤ ਘੱਟ ਰਹੀ ਹੈ।

ਜ਼ਿਲ੍ਹਿਆਂ ਦੇ ਅਨੁਸਾਰ ਵੇਰਵਾ:

ਗੁਰਦਾਸਪੁਰ: 2.7 ਮਿਲੀਮੀਟਰ ਮੀਂਹ ਪਿਆ, ਜੋ ਆਮ ਨਾਲੋਂ 87% ਘੱਟ ਹੈ।

ਅੰਮ੍ਰਿਤਸਰ: 2.1 ਮਿਲੀਮੀਟਰ ਬਾਰਿਸ਼ ਹੋਈ, ਜੋ ਆਮ ਨਾਲੋਂ 86% ਘੱਟ ਰਹੀ।

ਪਠਾਨਕੋਟ: 1.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਆਮ ਨਾਲੋਂ 94% ਘੱਟ ਹੈ।

ਹੁਸ਼ਿਆਰਪੁਰ: 0.5 ਮਿਲੀਮੀਟਰ ਮੀਂਹ ਪਿਆ, ਜੋ ਆਮ ਨਾਲੋਂ 97% ਘੱਟ ਹੈ।

ਤਰਨਤਾਰਨ: ਸਿਰਫ਼ 0.3 ਮਿਲੀਮੀਟਰ ਬਾਰਿਸ਼ ਹੋਈ, ਜੋ ਆਮ ਨਾਲੋਂ 98% ਘੱਟ ਹੈ।

ਕਈ ਜ਼ਿਲ੍ਹਿਆਂ ਵਿੱਚ ਮੀਂਹ ਦੀ 100% ਕਮੀ

ਇਸ ਤੋਂ ਇਲਾਵਾ, ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਬਿਲਕੁਲ ਵੀ ਮੀਂਹ ਦਰਜ ਨਹੀਂ ਕੀਤਾ ਗਿਆ। ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਸੰਗਰੂਰ ਸਮੇਤ ਕਈ ਜ਼ਿਲ੍ਹਿਆਂ ਵਿੱਚ 0 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਆਮ ਦੇ ਮੁਕਾਬਲੇ 100 ਫ਼ੀਸਦੀ ਕਮੀ ਨੂੰ ਦਰਸਾਉਂਦੀ ਹੈ। ਇਸ ਤੋਂ ਸਾਫ਼ ਹੈ ਕਿ ਇਸ ਸਮੇਂ ਦੌਰਾਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਆਮ ਨਾਲੋਂ ਬਹੁਤ ਘੱਟ ਰਿਹਾ ਹੈ।

ਹਲਕੀ ਬਾਰਿਸ਼ ਦੀ ਸੰਭਾਵਨਾ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਦੇ ਅਨੁਸਾਰ, ਸੂਬੇ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ, ਆਉਣ ਵਾਲੇ 7 ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਹੌਲੀ-ਹੌਲੀ 3 ਤੋਂ 5 ਡਿਗਰੀ ਤੱਕ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਅਗਲੇ 3 ਦਿਨਾਂ ਦਾ ਮੌਸਮ

15 ਅਤੇ 16 ਮਾਰਚ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਐੱਸ.ਬੀ.ਐੱਸ. ਨਗਰ (ਨਵਾਂਸ਼ਹਿਰ), ਰੂਪਨਗਰ, ਐੱਸ.ਏ.ਐੱਸ. ਨਗਰ (ਮੋਹਾਲੀ), ਫਤਿਹਗੜ੍ਹ ਸਾਹਿਬ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਗਰਜ-ਚਮਕ ਦੇ ਨਾਲ ਮੀਂਹ ਪੈਣ, ਬਿਜਲੀ ਲਿਸ਼ਕਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

17 ਮਾਰਚ: ਪਠਾਨਕੋਟ, ਹੁਸ਼ਿਆਰਪੁਰ, ਐੱਸ.ਬੀ.ਐੱਸ. ਨਗਰ (ਨਵਾਂਸ਼ਹਿਰ) ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਕੁਝ ਸਥਾਨਾਂ 'ਤੇ ਗਰਜ-ਚਮਕ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਸਕਦਾ ਹੈ।

Punjabi Shorts

Latest News