Monday, 23rd of March 2026

ਵੇਅਰਹਾਊਸ DM ਗਗਨਦੀਪ ਰੰਧਾਵਾ ਦਾ ਤੀਜੇ ਦਿਨ ਵੀ ਪੋਸਟਮਾਰਟਮ ਨਹੀਂ, ਪਰਿਵਾਰ ਵੱਲੋਂ ਵੱਡਾ ਐਲਾਨ, ‘ਗ੍ਰਿਫਤਾਰੀ ਤੱਕ ਅੰਤਿਮ ਸੰਸਕਾਰ ਤੋਂ ਇਨਕਾਰ’

By: GTC News Desk | Edited By: Lajwinder Kaur | Updated at: March 23rd 2026 03:01 PM
ਵੇਅਰਹਾਊਸ DM ਗਗਨਦੀਪ ਰੰਧਾਵਾ ਦਾ ਤੀਜੇ ਦਿਨ ਵੀ ਪੋਸਟਮਾਰਟਮ ਨਹੀਂ, ਪਰਿਵਾਰ ਵੱਲੋਂ ਵੱਡਾ ਐਲਾਨ, ‘ਗ੍ਰਿਫਤਾਰੀ ਤੱਕ ਅੰਤਿਮ ਸੰਸਕਾਰ ਤੋਂ ਇਨਕਾਰ’

ਵੇਅਰਹਾਊਸ DM ਗਗਨਦੀਪ ਰੰਧਾਵਾ ਦਾ ਤੀਜੇ ਦਿਨ ਵੀ ਪੋਸਟਮਾਰਟਮ ਨਹੀਂ, ਪਰਿਵਾਰ ਵੱਲੋਂ ਵੱਡਾ ਐਲਾਨ, ‘ਗ੍ਰਿਫਤਾਰੀ ਤੱਕ ਅੰਤਿਮ ਸੰਸਕਾਰ ਤੋਂ ਇਨਕਾਰ’

Punjab News: ਪੰਜਾਬ ਦੇ ਵਿੱਚ ਇਸ ਸਮੇਂ ਵੇਅਰਹਾਊਸ DM ਦੀ ਮੌਤ ਦਾ ਮਾਮਲਾ ਭੱਖਿਆ ਪਿਆ ਹੈ। ਵਿਰੋਧੀ ਪਾਰਟੀਆਂ ਮੌਜੂਦਾ ਸਰਕਾਰ ਆਪ ਨੂੰ ਘੇਰ ਰਹੀਆਂ ਹਨ। ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੇ ਮਾਮਲੇ ਵਿੱਚ ਤੀਜੇ ਦਿਨ ਵੀ ਪੋਸਟਮਾਰਟਮ ਨਹੀਂ ਹੋ ਸਕਿਆ। ਇਸ ਦੌਰਾਨ ਪਰਿਵਾਰ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਜਦ ਤੱਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਹ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਕਰਨ ਲਈ ਤਿਆਰ ਨਹੀਂ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਗਗਨਦੀਪ ਸਿੰਘ ਰੰਧਾਵਾ ਦੇ ਭਰਾਵਾਂ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਉਹ ਭਾਰੀ ਤਣਾਅ ਵਿੱਚ ਸੀ। ਉਹਨਾਂ ਦਾ ਦੋਸ਼ ਹੈ ਕਿ ਰੰਧਾਵਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਅਤੇ ਉਹ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਖਤਰਾ ਹੋਣ ਦੀ ਗੱਲ ਵੀ ਕਹਿੰਦਾ ਰਿਹਾ।

ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਇਨਸਾਫ ਦੇ ਲਈ ਲੜਾਈ ਲੜਣਗੇ

ਪਰਿਵਾਰ ਦਾ ਕਹਿਣਾ ਹੈ ਕਿ ਗਗਨਦੀਪ ਨੇ ਆਪਣੇ ਬੱਚਿਆਂ ਦੀ ਜਾਨ ਬਚਾਉਣ ਲਈ ਇਹ ਕੁਰਬਾਨੀ ਦਿੱਤੀ ਹੈ ਅਤੇ ਹੁਣ ਉਹ ਉਸਦੀ ਲੜਾਈ ਨੂੰ ਅੱਗੇ ਲੜਣਗੇ। ਪਰਿਵਾਰ ਨੇ ਸਰਕਾਰ ਅਤੇ ਪੁਲਿਸ ‘ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਭਾਵੇਂ ਐਫਆਈਆਰ (FIR) ਦਰਜ ਹੋ ਚੁੱਕੀ ਹੈ, ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਜੇ ਜਲਦੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪਰਿਵਾਰ ਸੜਕਾਂ ‘ਤੇ ਉਤਰ ਕੇ ਵੱਡਾ ਸੰਘਰਸ਼ ਕਰੇਗਾ।

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਇਨਸਾਫ਼ ਦਿਵਾਉਣ। ਇਸ ਮੌਕੇ ਗਗਨਦੀਪ ਰੰਧਾਵਾ ਦੇ ਦੂਜੇ ਭਰਾ ਰਵਿੰਦਰ ਨੇ ਵੀ ਗੰਭੀਰ ਦੋਸ਼ ਲਗਾਏ। ਉਸ ਨੇ ਕਿਹਾ ਕਿ ਉਸ ਦੇ ਭਰਾ ਨੂੰ ਕਈ ਧਮਕੀ ਭਰੀਆਂ ਫੋਨ ਕਾਲਾਂ ਆਈਆਂ ਸਨ ਅਤੇ ਘਰ ਵਿੱਚ ਹੋਈ ਮਾਰਕੁੱਟ ਦੀ ਵੀ ਜਾਂਚ ਨਹੀਂ ਕੀਤੀ ਗਈ। ਉਸ ਨੇ ਦਾਅਵਾ ਕੀਤਾ ਕਿ ਸੀਸੀਟੀਵੀ ਫੁਟੇਜ (CCTV footage) ਅਤੇ ਫੋਨ ਕਾਲਾਂ ਦੀ ਜਾਂਚ ਤੱਕ ਨਹੀਂ ਹੋਈ। 

ਪਰਿਵਾਰ ਵੱਲੋਂ ਅਲਟੀਮੇਟਮ – ਕਾਰਵਾਈ ਨਾ ਹੋਈ ਤਾਂ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਤੇ ਭੁੱਖ ਹੜਤਾਲ

ਰਵਿੰਦਰ ਨੇ ਕਿਹਾ ਕਿ ਗਗਨਦੀਪ ਪੀਐਚਡੀ ਕਰ ਚੁੱਕਾ ਸੀ ਅਤੇ ਆਪਣੇ ਬੈਚ ਦਾ ਟੌਪਰ ਸੀ, ਪਰ ਫਿਰ ਵੀ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ। ਪਰਿਵਾਰ ਨੇ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਜਲਦੀ ਦੋਸ਼ੀਆਂ ਦੀ ਗ੍ਰਿਫਤਾਰੀਆਂ ਨਾ ਹੋਈ ਤਾਂ ਸਾਰਾ ਪਰਿਵਾਰ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦੇਵੇਗਾ ਅਤੇ ਭੁੱਖ ਹੜਤਾਲ ‘ਤੇ ਬੈਠੇਗਾ। ਉਹਨਾਂ ਕਿਹਾ ਕਿ ਜਦ ਤੱਕ ਗਗਨਦੀਪ ਨੂੰ ਇਨਸਾਫ ਨਹੀਂ ਮਿਲਦਾ, ਉਹ ਸੰਘਰਸ਼ ਜਾਰੀ ਰੱਖਣਗੇ।

ਖੁਦਕੁਸ਼ੀ ਵਾਲੀ ਸੀਸੀਟੀਵੀ ਵੀ ਆਈ ਸਾਹਮਣੇ

ਇਸ ਮਾਮਲੇ ਵਿੱਚ ਇੱਕ ਬੇਹੱਦ ਦੁਖਦਾਈ ਸੀਸੀਟੀਵੀ (CCTV) ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਗਗਨਦੀਪ ਰੰਧਾਵਾ ਖ਼ੁਦਕੁਸ਼ੀ ਕਰਦੇ ਦਿਖਾਈ ਦੇ ਰਹੇ ਹਨ। ਕਰੀਬ 3 ਮਿੰਟ ਦੀ ਇਸ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ 21 ਮਾਰਚ ਦੀ ਸਵੇਰ ਪੌਣੇ 6 ਵਜੇ ਰੰਧਾਵਾ ਆਪਣੇ ਘਰ ਦੇ ਵਿਹੜੇ ਵਿੱਚ ਟਹਿਲ ਰਹੇ ਸਨ। ਇਸ ਦੌਰਾਨ ਉਹ ਕਾਫ਼ੀ ਚਿੰਤਤ ਨਜ਼ਰ ਆ ਰਹੇ ਸਨ ਅਤੇ ਕੁਝ ਸੋਚ ਰਹੇ ਸਨ। ਟਹਿਲਦੇ ਹੋਏ ਉਹ ਅਚਾਨਕ ਰੁਕਦੇ ਹਨ ਅਤੇ ਸਲਫਾਸ ਦੀਆਂ ਗੋਲੀਆਂ ਮੂੰਹ ਵਿੱਚ ਪਾ ਕੇ ਪਾਣੀ ਪੀ ਲੈਂਦੇ ਹਨ।

ਦੱਸਣਯੋਗ ਹੈ ਕਿ ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਆਪਣੇ ਮੋਬਾਈਲ ਤੋਂ ਇੱਕ ਵੀਡੀਓ ਵੀ ਬਣਾਈ ਸੀ, ਜਿਸ ਵਿੱਚ ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਸੀ, "ਦੋਸਤੋ, ਮੈਂ ਸਲਫਾਸ ਖਾ ਲਈ ਹੈ। ਮੈਂ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਹੈ ਅਤੇ ਹੁਣ ਮੈਂ ਨਹੀਂ ਬਚਾਂਗਾ।"