Wednesday, 8th of April 2026

ਸਿਆਸੀ ਹਲਚਲ! 'ਪੁਨਰ-ਸੁਰਜੀਤ' ਨੂੰ ਵੱਡਾ ਝਟਕਾ, ਬੀਬੀ ਪਰਮਜੀਤ ਕੌਰ ਲਾਂਡਰਾਂ ਦੀ ਅਕਾਲੀ ਦਲ 'ਚ 'ਘਰ ਵਾਪਸੀ', ਸੁਖਬੀਰ ਬਾਦਲ ਨੇ ਪਾਇਆ ਸਿਰੋਪਾ

By: GTC News Desk | Edited By: Lajwinder Kaur | Updated at: April 08th 2026 04:24 PM
ਸਿਆਸੀ ਹਲਚਲ! 'ਪੁਨਰ-ਸੁਰਜੀਤ' ਨੂੰ ਵੱਡਾ ਝਟਕਾ, ਬੀਬੀ ਪਰਮਜੀਤ ਕੌਰ ਲਾਂਡਰਾਂ ਦੀ ਅਕਾਲੀ ਦਲ 'ਚ 'ਘਰ ਵਾਪਸੀ', ਸੁਖਬੀਰ ਬਾਦਲ ਨੇ ਪਾਇਆ ਸਿਰੋਪਾ

ਸਿਆਸੀ ਹਲਚਲ! 'ਪੁਨਰ-ਸੁਰਜੀਤ' ਨੂੰ ਵੱਡਾ ਝਟਕਾ, ਬੀਬੀ ਪਰਮਜੀਤ ਕੌਰ ਲਾਂਡਰਾਂ ਦੀ ਅਕਾਲੀ ਦਲ 'ਚ 'ਘਰ ਵਾਪਸੀ', ਸੁਖਬੀਰ ਬਾਦਲ ਨੇ ਪਾਇਆ ਸਿਰੋਪਾ

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ (ਜਿਸ ਨੂੰ ਅਕਸਰ ਵਿਰੋਧੀਆਂ ਵੱਲੋਂ 'ਚੁੱਲ੍ਹਾ ਦਲ' ਜਾਂ ਸੁਧਾਰ ਲਹਿਰ ਕਿਹਾ ਜਾ ਰਿਹਾ ਹੈ) ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁਦ ਬੀਬੀ ਲਾਂਡਰਾਂ ਨੂੰ ਸਿਰੋਪਾ ਪਾ ਕੇ ਪਾਰਟੀ ਵਿੱਚ ਜੀ ਆਇਆਂ ਨੂੰ ਕਿਹਾ।

ਪੰਥਕ ਤੇ ਸਿਆਸੀ ਤਾਕਤ ਦਾ ਮੁੜ ਇਕੱਠ

ਬੀਬੀ ਪਰਮਜੀਤ ਕੌਰ ਲਾਂਡਰਾਂ, ਜੋ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਵੀ ਰਹਿ ਚੁੱਕੇ ਹਨ, ਕੁਝ ਸਮਾਂ ਪਹਿਲਾਂ ਪਾਰਟੀ ਤੋਂ ਵੱਖ ਹੋ ਕੇ 'ਪੁਨਰ ਸੁਰਜੀਤ ਅਕਾਲੀ ਦਲ' (ਸੁਧਾਰ ਲਹਿਰ) ਵਿੱਚ ਚਲੇ ਗਏ ਸਨ। ਅੱਜ ਉਨ੍ਹਾਂ ਦੀ ਇਸ 'ਘਰ ਵਾਪਸੀ' ਨੇ ਅਕਾਲੀ ਦਲ ਦੇ ਕੇਡਰ ਵਿੱਚ ਨਵਾਂ ਉਤਸ਼ਾਹ ਭਰ ਦਿੱਤਾ ਹੈ। ਪਾਰਟੀ ਵਿੱਚ ਸ਼ਾਮਿਲ ਹੋਣ ਉਪਰੰਤ ਉਨ੍ਹਾਂ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ।

ਪੰਜਾਬੀਆਂ ਨੂੰ ਲਾਮਬੰਦ ਹੋਣ ਦੀ ਅਪੀਲ

ਇਸ ਮੌਕੇ ਬੀਬੀ ਲਾਂਡਰਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਪੰਥ ਅਤੇ ਪੰਜਾਬ ਖ਼ਿਲਾਫ਼ ਕਈ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ: "ਸਾਨੂੰ ਪੰਜਾਬ ਵਿਰੋਧੀ ਤਾਕਤਾਂ ਨੂੰ ਪਛਾਣਨ ਦੀ ਲੋੜ ਹੈ। ਸੂਬੇ ਦੇ ਭਲੇ ਲਈ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨੀਲੇ ਝੰਡੇ ਹੇਠ ਇਕੱਠੇ ਹੋਣਾ ਚਾਹੀਦਾ ਹੈ।"

2027 ਦੀਆਂ ਚੋਣਾਂ ਲਈ ਵੱਡਾ ਐਲਾਨ

ਬੀਬੀ ਲਾਂਡਰਾਂ ਨੇ ਭਰੋਸਾ ਦਿਵਾਇਆ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਦਿਨ-ਰਾਤ ਇੱਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

ਇਸ ਘਟਨਾਕ੍ਰਮ ਨੂੰ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਲਈ ਇੱਕ ਵੱਡੀ ਸਿਆਸੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਲਾਂਡਰਾਂ ਵਰਗੇ ਪੁਰਾਣੇ ਅਤੇ ਤਜਰਬੇਕਾਰ ਆਗੂਆਂ ਦਾ ਵਾਪਸ ਆਉਣਾ ਵਿਰੋਧੀ ਧੜਿਆਂ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਬਹੁਤ ਸਾਰੇ ਆਗੂ ਇੱਧਰ-ਉੱਧਰ ਹੋ ਰਹੇ ਹਨ। ਹਰ ਕੋਈ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਿਹਾ ਹੈ। ਅਕਾਲੀ ਦਲ ਵੀ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਪਾਰਟੀ ਤੋਂ ਕਿਸੇ ਕਾਰਨ ਕਰਕੇ ਵੱਖ ਹੋਏ ਆਗੂਆਂ ਨੂੰ ਮੁੜ ਘਰ ਵਾਪਸੀ ਕਰਵਾ ਰਹੇ ਹਨ।