ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ, ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਜੇਲ੍ਹ ਤੋਂ 40 ਦਿਨਾਂ ਦੀ ਪੈਰੋਲ ਮਿਲ ਗਈ ਹੈ।
ਸੋਮਵਾਰ ਨੂੰ ਸਿਰਸਾ ਡੇਰੇ ਤੋਂ ਰਾਮ ਰਹੀਮ ਨੂੰ ਲੈਣ ਲਈ ਲਗਜ਼ਰੀ ਗੱਡੀਆਂ ਦਾ ਕਾਫਲਾ ਪਹੁੰਚਿਆ, ਜਿਸ ਵਿੱਚ 2 ਬੁਲੇਟਪਰੂਫ ਲੈਂਡ ਕਰੂਜ਼ਰ, 2 ਫਾਰਚੂਨਰ ਅਤੇ 2 ਹੋਰ ਵਾਹਨ ਸ਼ਾਮਲ ਸਨ। ਉਹ ਸਵੇਰੇ ਲਗਭਗ 11:30 ਵਜੇ ਸੁਨਾਰੀਆ ਜੇਲ੍ਹ ਤੋਂ ਸਿਰਸਾ ਡੇਰੇ ਲਈ ਰਵਾਨਾ ਹੋਏ ਅਤੇ ਦੁਪਹਿਰ 2:45 ਵਜੇ ਸਿਰਸਾ ਪਹੁੰਚੇ। ਇਸ ਵਾਰ 15ਵੀਂ ਵਾਰ ਡੇਰਾ ਮੁਖੀ ਨੂੰ ਜੇਲ੍ਹ ਤੋਂ ਪੈਰੋਲ 'ਤੇ ਰਿਹਾਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਡੇਰਾ ਮੁਖੀ ਨੂੰ 15 ਅਗਸਤ ਨੂੰ ਆਪਣਾ ਜਨਮਦਿਨ ਮਨਾਉਣ ਲਈ ਜੇਲ੍ਹ ਤੋਂ ਪੈਰੋਲ 'ਤੇ ਰਿਹਾਅ ਕੀਤਾ ਸੀ।
ਸਿਰਸਾ ਡੇਰੇ 'ਚ ਰਹਿਣਗੇ ਗੁਰੂ ਜੀ, ਬੁਲਾਰਾ:- ਡੇਰਾ ਸੱਚਾ ਸੌਦਾ ਦੇ ਬੁਲਾਰੇ ਜਤਿੰਦਰ ਖੁਰਾਨਾ ਨੇ ਕਿਹਾ, "ਹਰੇਕ ਕੈਦੀ ਨੂੰ ਪੈਰੋਲ ਅਤੇ ਫਰਲੋ ਦਾ ਅਧਿਕਾਰ ਹੈ। ਇਸ ਦੇ ਤਹਿਤ, ਇੱਕ ਕੈਦੀ ਪ੍ਰਤੀ ਸਾਲ 70 ਦਿਨ ਦੀ ਪੈਰੋਲ ਅਤੇ 21 ਦਿਨ ਦੀ ਫਰਲੋ ਦਾ ਹੱਕਦਾਰ ਹੈ। ਅਜਿਹਾ ਨਹੀਂ ਹੈ ਕਿ ਸਿਰਫ ਗੁਰੂ ਜੀ ਹੀ ਇਸ ਪੈਰੋਲ ਅਤੇ ਫਰਲੋ ਦਾ ਲਾਭ ਉਠਾਉਂਦੇ ਹਨ, ਲਗਭਗ 6,000 ਅਜਿਹੇ ਕੈਦੀ ਹਨ, ਜਿਨ੍ਹਾਂ ਨੂੰ ਰਾਜ ਦੇ ਸਮਰੱਥ ਅਧਿਕਾਰੀ ਦੁਆਰਾ ਪੈਰੋਲ ਅਤੇ ਫਰਲੋ 'ਤੇ ਰਿਹਾਅ ਕੀਤਾ ਜਾਂਦਾ ਹੈ। ਗੁਰੂ ਜੀ ਹਰ ਵਾਰ ਕਾਨੂੰਨੀ ਢਾਂਚੇ ਦੇ ਅੰਦਰ ਪੈਰੋਲ ਜਾਂ ਫਰਲੋ 'ਤੇ ਬਾਹਰ ਆਉਂਦੇ ਹਨ। ਹੁਣ ਉਨ੍ਹਾਂ ਨੂੰ 40 ਦਿਨਾਂ ਲਈ ਪੈਰੋਲ ਦਿੱਤੀ ਗਈ ਹੈ। ਇਸ ਸਮੇਂ ਦੌਰਾਨ, ਉਹ ਸਿਰਸਾ ਦੇ ਡੇਰਾ ਸੱਚਾ ਸੌਦਾ ਵਿੱਚ ਰਹਿਣਗੇ।"
ਸਾਲ 2017 ਤੋਂ ਜੇਲ੍ਹ 'ਚ ਬੰਦ ਰਾਮ ਰਹੀਮ :- 25 ਅਗਸਤ, 2017 ਨੂੰ ਰਾਮ ਰਹੀਮ ਨੂੰ 2 ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਫਿਰ ਉਸਨੂੰ 17 ਜਨਵਰੀ, 2019 ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉੱਥੇ ਹੀ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਅਕਤੂਬਰ 2021 ਵਿੱਚ CBI ਦੀ ਇੱਕ ਅਦਾਲਤ ਨੇ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉੱਥੇ ਹੀ ਸਜ਼ਾ ਮਿਲਣ ਤੋਂ 3 ਸਾਲ ਬਾਅਦ ਰਾਮ ਰਹੀਮ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਣਜੀਤ ਕਤਲ ਮਾਮਲੇ ਵਿੱਚ ਬਰੀ ਕਰ ਦਿੱਤਾ ਸੀ। ਵਰਤਮਾਨ ਵਿੱਚ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।