Thursday, 9th of April 2026

ਪੰਜਾਬ 'ਚ ਮੀਂਹ ਨੇ ਦਿੱਤੀ ਗਰਮੀ ਤੋਂ ਰਾਹਤ, ਪਰ ਕਿਸਾਨਾਂ ਲਈ ਔਖਾ ਸਮਾਂ, ਕਈ ਜ਼ਿਲ੍ਹਿਆਂ ‘ਚ ਅੱਜ ਵੀ ਮੀਂਹ-ਤੂਫਾਨ ਦੀ ਵਾਰਨਿੰਗ

By: GTC News Desk | Edited By: Lajwinder Kaur | Updated at: April 09th 2026 09:57 AM
ਪੰਜਾਬ 'ਚ ਮੀਂਹ ਨੇ ਦਿੱਤੀ ਗਰਮੀ ਤੋਂ ਰਾਹਤ, ਪਰ ਕਿਸਾਨਾਂ ਲਈ ਔਖਾ ਸਮਾਂ, ਕਈ ਜ਼ਿਲ੍ਹਿਆਂ ‘ਚ ਅੱਜ ਵੀ ਮੀਂਹ-ਤੂਫਾਨ ਦੀ ਵਾਰਨਿੰਗ

ਪੰਜਾਬ 'ਚ ਮੀਂਹ ਨੇ ਦਿੱਤੀ ਗਰਮੀ ਤੋਂ ਰਾਹਤ, ਪਰ ਕਿਸਾਨਾਂ ਲਈ ਔਖਾ ਸਮਾਂ, ਕਈ ਜ਼ਿਲ੍ਹਿਆਂ ‘ਚ ਅੱਜ ਵੀ ਮੀਂਹ-ਤੂਫਾਨ ਦੀ ਵਾਰਨਿੰਗ

ਪੰਜਾਬ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਇੱਕ ਹਫ਼ਤੇ ਤੱਕ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਅਤੇ ਫਿਲਹਾਲ ਮੀਂਹ ਜਾਂ ਹਨੇਰੀ ਸਬੰਧੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। 7 ਤੇ 8 ਅਪ੍ਰੈਲ ਨੂੰ ਹੋਈ ਬਾਰਿਸ਼ ਕਰਕੇ ਲੋਕਾਂ ਨੂੰ ਮੁੜ ਠੰਡ ਦਾ ਅਹਿਸਾਸ ਹੋਇਆ ਅਤੇ ਲੋਕਾਂ ਨੇ ਮੁੜ ਜੈਕਟਾਂ ਅਤੇ ਗਰਮ ਕੱਪੜੇ ਪਾ ਲਏ। ਹਾਲਾਂਕਿ, ਅੱਜ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੈਦਾਨੀ ਇਲਾਕਿਆਂ ਵਿੱਚ ਮੀਂਹ ਅਤੇ ਪਹਾੜਾਂ ਵਿੱਚ ਬਰਫ਼ਬਾਰੀ ਕਾਰਨ ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 0.3 ਡਿਗਰੀ ਦੀ ਗਿਰਾਵਟ ਆਈ ਹੈ, ਜੋ ਹੁਣ ਆਮ ਨਾਲੋਂ 7.2 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ ਹੈ।

ਸੂਬੇ ਵਿੱਚ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਹੁਸ਼ਿਆਰਪੁਰ ਵਿੱਚ 22.2 ਡਿਗਰੀ ਦਰਜ ਕੀਤਾ ਗਿਆ। ਇਸ ਦੌਰਾਨ ਪੂਰੇ ਪੰਜਾਬ ਵਿੱਚ ਔਸਤਨ 13.5 ਮਿਲੀਮੀਟਰ ਵਰਖਾ ਹੋਈ ਹੈ, ਜੋ ਕਿ ਆਮ ਨਾਲੋਂ 297 ਫ਼ੀਸਦੀ ਜ਼ਿਆਦਾ ਹੈ। ਮੀਂਹ ਦੇ ਇਸ ਸਿਲਸਿਲੇ ਨੇ ਫਿਲਹਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ।

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਹਲਕੀ ਬਾਰਿਸ਼ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ ਅੱਜ ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ। ਖਾਸ ਕਰਕੇ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਰੂਪਨਗਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।

ਜਾਣੋ ਕਿੱਥੇ ਮੀਂਹ ਦੇ ਸਕਦਾ ਦਸਤਕ

ਇਸ ਤੋਂ ਇਲਾਵਾ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਵੀ ਕਈ ਥਾਵਾਂ 'ਤੇ ਛਿੱਟੇ ਪੈਣ ਜਾਂ ਹਲਕੀ ਵਰਖਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ।

ਪੰਜਾਬ ਵਿੱਚ 13.5 ਮਿਲੀਮੀਟਰ ਬਾਰਿਸ਼ ਦਰਜ: ਆਮ ਨਾਲੋਂ 297 ਫ਼ੀਸਦੀ ਜ਼ਿਆਦਾ

ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਦੌਰਾਨ ਕਈ ਥਾਵਾਂ 'ਤੇ ਗੜ੍ਹੇਮਾਰੀ ਹੋਈ ਅਤੇ ਗਰਜ-ਚਮਕ ਦੇ ਨਾਲ ਬਿਜਲੀ ਡਿੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਪੂਰੇ ਸੂਬੇ ਵਿੱਚ ਔਸਤਨ 13.5 ਮਿਲੀਮੀਟਰ ਵਰਖਾ ਹੋਈ, ਜੋ ਕਿ ਆਮ ਤੌਰ 'ਤੇ ਹੋਣ ਵਾਲੀ 3.4 ਮਿਲੀਮੀਟਰ ਬਾਰਿਸ਼ ਨਾਲੋਂ 297 ਫ਼ੀਸਦੀ ਵੱਧ ਹੈ।

ਜ਼ਿਲ੍ਹਾ ਪੱਧਰ 'ਤੇ ਮੋਗਾ ਵਿੱਚ ਸਭ ਤੋਂ ਵੱਧ 40 ਮਿਲੀਮੀਟਰ ਔਸਤ ਬਾਰਿਸ਼ ਰਿਕਾਰਡ ਕੀਤੀ ਗਈ, ਜਦੋਂ ਕਿ ਰੂਪਨਗਰ ਜ਼ਿਲ੍ਹੇ ਦੇ ਕੋਟਲਾ ਅਤੇ ਭਰਤਗੜ੍ਹ ਵਿੱਚ ਵਿਅਕਤੀਗਤ ਤੌਰ 'ਤੇ ਸਭ ਤੋਂ ਵੱਧ 50 ਮਿਲੀਮੀਟਰ (5 ਸੈਂਟੀਮੀਟਰ) ਮੀਂਹ ਪਿਆ। ਹੋਰ ਪ੍ਰਮੁੱਖ ਜ਼ਿਲ੍ਹਿਆਂ ਵਿੱਚ ਰੂਪਨਗਰ (34.8 ਮਿਲੀਮੀਟਰ), ਮੋਹਾਲੀ (23.8 ਮਿਲੀਮੀਟਰ) ਅਤੇ ਫਾਜ਼ਿਲਕਾ (21 ਮਿਲੀਮੀਟਰ) ਸ਼ਾਮਲ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਹੀ ਫਾਜ਼ਿਲਕਾ ਵਿੱਚ ਬਾਰਿਸ਼ ਆਮ ਨਾਲੋਂ 4636 ਫ਼ੀਸਦੀ ਅਤੇ ਮੋਗਾ ਵਿੱਚ 1726 ਫ਼ੀਸਦੀ ਵੱਧ ਦਰਜ ਕੀਤੀ ਗਈ ਹੈ।

11 ਅਪ੍ਰੈਲ ਤੋਂ ਨਵਾਂ ਵੈਸਟਨ ਡਿਸਟਰਬਨ 

ਮੌਸਮ ਵਿਭਾਗ ਅਨੁਸਾਰ ਉੱਤਰੀ ਪਾਕਿਸਤਾਨ ਅਤੇ ਉਸ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਉੱਪਰ ਬਣਿਆ ਵੈਸਟਨ ਡਿਸਟਰਬਨ ਅਜੇ ਵੀ ਸਰਗਰਮ ਹੈ, ਜਿਸ ਕਾਰਨ ਉੱਤਰੀ ਭਾਰਤ ਦੇ ਮੌਸਮ ਵਿੱਚ ਬਦਲਾਅ ਜਾਰੀ ਹੈ। ਇਹ ਪ੍ਰਣਾਲੀ ਸਮੁੰਦਰ ਤਲ ਤੋਂ ਲਗਭਗ 3 ਤੋਂ 9 ਕਿਲੋਮੀਟਰ ਦੀ ਉਚਾਈ ਤੱਕ ਫੈਲੀ ਹੋਈ ਹੈ।

ਇਸ ਦੇ ਨਾਲ ਹੀ, ਉੱਤਰੀ ਭਾਰਤ ਦੇ ਉੱਪਰ ਤੇਜ਼ ਰਫ਼ਤਾਰ ਵਾਲੀ 'ਸਬ-ਟ੍ਰੋਪੀਕਲ ਵੈਸਟਰਨ ਜੈੱਟ ਸਟ੍ਰੀਮ' ਵੀ ਸਰਗਰਮ ਹੈ। ਇਸ ਦੀਆਂ ਹਵਾਵਾਂ ਲਗਭਗ 125 ਨੌਟ (ਕਰੀਬ 230 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ 12.6 ਕਿਲੋਮੀਟਰ ਦੀ ਉਚਾਈ 'ਤੇ ਚੱਲ ਰਹੀਆਂ ਹਨ, ਜੋ ਆਉਣ ਵਾਲੇ ਦਿਨਾਂ ਵਿੱਚ ਮੌਸਮ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

11 ਅਪ੍ਰੈਲ ਤੋਂ ਫਿਰ ਬਦਲੇਗਾ ਮੌਸਮ: ਨਵਾਂ ਵੈਸਟਨ ਡਿਸਟਰਬਨ ਦੇਵੇਗਾ ਦਸਤਕ

ਮੌਸਮ ਵਿਭਾਗ ਦੇ ਅਨੁਸਾਰ, 11 ਅਪ੍ਰੈਲ 2026 ਤੋਂ ਇੱਕ ਨਵਾਂ ਵੈਸਟਨ ਡਿਸਟਰਬਨ (Western Disturbance) ਪੱਛਮੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਕਾਰਨ ਇੱਕ ਵਾਰ ਫਿਰ ਮੀਂਹ ਪੈਣ ਅਤੇ ਮੌਸਮ ਵਿੱਚ ਤਬਦੀਲੀ ਆਉਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਮੱਧ ਪਾਕਿਸਤਾਨ ਦੇ ਉੱਪਰ ਬਣਿਆ ਚੱਕਰਵਾਤੀ ਸੰਚਾਰ (Cyclonic Circulation) ਹੁਣ ਕਮਜ਼ੋਰ ਪੈ ਗਿਆ ਹੈ, ਜਿਸ ਕਰਕੇ ਉਸ ਦਾ ਪ੍ਰਭਾਵ ਹੌਲੀ-ਹੌਲੀ ਘੱਟ ਰਿਹਾ ਹੈ।

ਅਗਲੇ ਚਾਰ ਦਿਨਾਂ ਵਿੱਚ ਵਧੇਗਾ ਤਾਪਮਾਨ

ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਦੇ ਮੁਤਾਬਕ, ਹੁਣ ਮੌਸਮ ਜ਼ਿਆਦਾਤਰ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਅਗਲੇ 24 ਘੰਟਿਆਂ ਦੌਰਾਨ ਮੌਸਮ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ, ਪਰ ਉਸ ਤੋਂ ਬਾਅਦ ਅਗਲੇ ਚਾਰ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਭਗ 5 ਤੋਂ 7 ਡਿਗਰੀ ਸੈਲਸੀਅਸ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਖੁਸ਼ਕ ਹੋਣ ਨਾਲ ਲੋਕਾਂ ਨੂੰ ਹੁਣ ਮੁੜ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ।