Thursday, 11th of June 2026

ਪੰਜਾਬ 'ਚ ਵਿਗੜਿਆ ਮੌਸਮ ਦਾ ਮਿਜ਼ਾਜ; ਸੂਬੇ ‘ਚ 4 ਦਿਨ ਮੀਂਹ ਅਤੇ ਤੂਫਾਨ ਦਾ ਅਲਰਟ, ਲੋਕ ਰਹਿਣ ਸਾਵਧਾਨ!

Edited By: Lajwinder Kaur | Updated at: June 11th 2026 10:20 AM
Trending News
ਪੰਜਾਬ 'ਚ ਵਿਗੜਿਆ ਮੌਸਮ ਦਾ ਮਿਜ਼ਾਜ; ਸੂਬੇ ‘ਚ 4 ਦਿਨ ਮੀਂਹ ਅਤੇ ਤੂਫਾਨ ਦਾ ਅਲਰਟ, ਲੋਕ ਰਹਿਣ ਸਾਵਧਾਨ!

ਪੰਜਾਬ 'ਚ ਵਿਗੜਿਆ ਮੌਸਮ ਦਾ ਮਿਜ਼ਾਜ; ਸੂਬੇ ‘ਚ 4 ਦਿਨ ਮੀਂਹ ਅਤੇ ਤੂਫਾਨ ਦਾ ਅਲਰਟ, ਲੋਕ ਰਹਿਣ ਸਾਵਧਾਨ!

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਨੇ ਮਿਜ਼ਾਜ ਬਦਲ ਲਿਆ ਹੈ। ਮੌਸਮ ਵਿਭਾਗ ਨੇ 14 ਜੂਨ ਤੱਕ ਸੂਬੇ ਵਿੱਚ ਮੀਂਹ, ਤੇਜ਼ ਹਵਾਵਾਂ ਅਤੇ ਕਈ ਥਾਵਾਂ 'ਤੇ ਗੜ੍ਹੇਮਾਰੀ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ, ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ (ਟਰਾਈਸਿਟੀ) ਵਿੱਚ ਅਗਲੇ 3 ਘੰਟਿਆਂ ਲਈ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ, ਜਿਸ ਦਾ ਅਸਰ ਦਿਖਾਈ ਦੇਣ ਲੱਗਾ ਹੈ ਅਤੇ ਮੋਹਾਲੀ ਵਿੱਚ ਮੀਂਹ ਸ਼ੁਰੂ ਵੀ ਹੋ ਚੁੱਕਾ ਹੈ। ਵੀਰਵਾਰ ਦੀ ਸਵੇਰ 5 ਵਜੇ ਪਟਿਆਲਾ ਸ਼ਹਿਰ ਦੇ ਵਿੱਚ ਅਚਾਨਕ ਮੌਸਮ ਨੇ ਕਰਵਟ ਲਈ, ਤੇਜ਼ ਹਨੇਰੀ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ। ਜਿਸ ਕਰਕੇ ਮੌਸਮ ਕੁੱਝ ਸੁਹਾਵਨਾ ਤਾਂ ਹੋਇਆ ਪਰ ਜਿਵੇਂ-ਜਿਵੇਂ ਦਿਨ ਚੜ੍ਹਿਆ ਧੁੱਪ ਵੱਧਣ ਲੱਗ ਪਈ।

ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ, ਬੁੱਧਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਬਹੁਤ ਮਾਮੂਲੀ (0.1 ਡਿਗਰੀ) ਫਰਕ ਦੇਖਿਆ ਗਿਆ ਹੈ, ਪਰ ਇਹ ਅਜੇ ਵੀ ਆਮ ਨਾਲੋਂ 4.4 ਡਿਗਰੀ ਜ਼ਿਆਦਾ ਬਣਿਆ ਹੋਇਆ ਹੈ। ਸੂਬੇ ਵਿੱਚ ਸਭ ਤੋਂ ਵੱਧ ਗਰਮੀ ਬਠਿੰਡਾ ਵਿੱਚ ਦਰਜ ਕੀਤੀ ਗਈ ਹੈ, ਜਿੱਥੇ ਪਾਰਾ 46.2 ਡਿਗਰੀ ਤੱਕ ਪਹੁੰਚ ਗਿਆ ਹੈ।

10 ਜ਼ਿਲ੍ਹਿਆਂ ਚ ਗੜ੍ਹੇਮਾਰੀ ਦਾ ਖ਼ਦਸ਼ਾ

ਮੌਸਮ ਵਿਭਾਗ ਅਨੁਸਾਰ ਭਾਵੇਂ ਪੂਰੇ ਸੂਬੇ ਵਿੱਚ ਮੀਂਹ ਅਤੇ ਹਨੇਰੀ ਦੀ ਸੰਭਾਵਨਾ ਹੈ, ਪਰ ਦਸ ਜ਼ਿਲ੍ਹਿਆਂ ਵਿੱਚ ਗੜ੍ਹੇਮਾਰੀ ਦਾ ਖ਼ਦਸ਼ਾ ਜਤਾਇਆ ਗਿਆ ਹੈ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਕਪੂਰਥਲਾ, ਜਲੰਧਰ ਅਤੇ ਫ਼ਤਿਹਗੜ੍ਹ ਸਾਹਿਬ ਸ਼ਾਮਲ ਹਨ।

ਹੀਟ ਸਟ੍ਰੋਕ (ਲੂ) ਨੂੰ ਲੈ ਕੇ ਐਡਵਾਈਜ਼ਰੀ ਜਾਰੀ:

ਸਿਵਲ ਸਰਜਨ ਮੋਹਾਲੀ ਡਾ. ਸੰਗੀਤਾ ਜੈਨ ਨੇ ਜ਼ਿਲ੍ਹਾ ਵਾਸੀਆਂ ਨੂੰ ਲੂ (ਹੀਟ ਸਟ੍ਰੋਕ) ਤੋਂ ਬਚਾਅ ਲਈ ਬੁੱਧਵਾਰ ਨੂੰ ਇੱਕ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਵੱਧ ਰਹੀ ਗਰਮੀ ਅਤੇ ਗਰਮ ਹਵਾਵਾਂ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ, ਜਿਸ ਨਾਲ ਹੀਟ ਸਟ੍ਰੋਕ ਦਾ ਖ਼ਤਰਾ ਕਾਫੀ ਵੱਧ ਜਾਂਦਾ ਹੈ। ਉਨ੍ਹਾਂ ਨੇ ਸਲਾਹ ਦਿੱਤੀ ਹੈ ਕਿ ਬੱਚਿਆਂ, ਬਜ਼ੁਰਗਾਂ, ਗਰਭਵਤੀ ਔਰਤਾਂ, ਦਿਲ ਦੇ ਮਰੀਜ਼ਾਂ ਅਤੇ ਸਰੀਰਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਇਸ ਮੌਸਮ ਵਿੱਚ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ।

ਹੀਟ ਸਟ੍ਰੋਕ (ਲੂ) ਦੇ ਲੱਛਣਾਂ ਵਿੱਚ ਚੱਕਰ ਆਉਣੇ, ਤੇਜ਼ ਬੁਖ਼ਾਰ, ਬਹੁਤ ਜ਼ਿਆਦਾ ਪਿਆਸ ਲੱਗਣੀ, ਸਿਰ ਦਰਦ, ਉਲਟੀਆਂ ਆਉਣੀਆਂ, ਬੇਹੋਸ਼ੀ ਹੋ ਜਾਣਾ ਅਤੇ ਚਮੜੀ ਦਾ ਗਰਮ ਤੇ ਖੁਸ਼ਕ ਹੋ ਜਾਣਾ ਮੁੱਖ ਹਨ। ਜੇਕਰ ਅਜਿਹੇ ਲੱਛਣ ਦਿਖਾਈ ਦੇਣ, ਤਾਂ ਵਿਅਕਤੀ ਨੂੰ ਤੁਰੰਤ ਛਾਂ ਵਾਲੀ ਥਾਂ 'ਤੇ ਲਿਜਾ ਕੇ ਤਰਲ ਪਦਾਰਥ ਪਿਲਾਉਣੇ ਚਾਹੀਦੇ ਹਨ ਅਤੇ ਲੋੜ ਪੈਣ 'ਤੇ ਤੁਰੰਤ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ। ਡਾ. ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰੋਂ ਬਾਹਰ ਨਿਕਲਣ ਵੇਲੇ ਕਾਫ਼ੀ ਮਾਤਰਾ ਵਿੱਚ ਪਾਣੀ ਪੀਣ, ਸਿਰ ਅਤੇ ਚਿਹਰੇ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣ ਅਤੇ ਪਾਣੀ, ਲੱਸੀ ਤੇ ਓ.ਆਰ.ਐਸ. (ORS) ਦਾ ਵੱਧ ਤੋਂ ਵੱਧ ਸੇਵਨ ਕਰਨ। ਇਸ ਦੇ ਨਾਲ ਹੀ, ਦੁਪਹਿਰ ਦੇ ਸਮੇਂ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ।

ਪੰਜਾਬ ਵਿੱਚ ਅਜੇ ਮਾਨਸੂਨ ਨਹੀਂ ਪਹੁੰਚਿਆ

ਮੌਸਮ ਵਿਭਾਗ ਮੁਤਾਬਕ ਮਾਨਸੂਨ ਲਗਾਤਾਰ ਅੱਗੇ ਵਧ ਰਿਹਾ ਹੈ ਅਤੇ ਅਗਲੇ 3-4 ਦਿਨਾਂ ਵਿੱਚ ਮਹਾਰਾਸ਼ਟਰ, ਤੇਲੰਗਾਨਾ, ਆਂਧਰਾ ਪ੍ਰਦੇਸ਼, ਓਡੀਸ਼ਾ, ਝਾਰਖੰਡ, ਬਿਹਾਰ ਅਤੇ ਪੱਛਮੀ ਬੰਗਾਲ ਦੇ ਹੋਰ ਇਲਾਕਿਆਂ ਵਿੱਚ ਪਹੁੰਚ ਸਕਦਾ ਹੈ। ਪੰਜਾਬ ਵਿੱਚ ਅਜੇ ਮਾਨਸੂਨ ਦਾ ਆਗਮਨ ਨਹੀਂ ਹੋਇਆ ਹੈ। ਹਾਲਾਂਕਿ, ਪੰਜਾਬ ਤੋਂ ਲੈ ਕੇ ਬਿਹਾਰ ਤੱਕ ਇੱਕ ਮੌਸਮੀ ਸਿਸਟਮ ਬਣਿਆ ਹੋਇਆ ਹੈ ਅਤੇ ਇੱਕ ਪੱਛਮੀ ਗੜਬੜੀ (Western Disturbance) ਵੀ ਸਰਗਰਮ ਹੈ। ਇਸੇ ਕਾਰਨ ਪੰਜਾਬ ਵਿੱਚ ਅਗਲੇ ਕੁਝ ਦਿਨਾਂ ਤੱਕ ਮੌਸਮ ਵਿੱਚ ਬਦਲਾਅ ਬਣਿਆ ਰਹੇਗਾ।

ਅਗਲੇ ਤਿੰਨ ਦਿਨਾਂ ਦਾ ਮੌਸਮ:

12 ਜੂਨ: ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਨੇਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ, ਜੋ ਕਿ ਕੁਝ ਥਾਵਾਂ 'ਤੇ 80 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੀ ਪਹੁੰਚ ਸਕਦੀਆਂ ਹਨ।

13 ਜੂਨ: ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਰੂਪਨਗਰ (ਰੋਪੜ), ਪਟਿਆਲਾ, ਮੋਹਾਲੀ (ਐਸ.ਏ.ਐਸ. ਨਗਰ), ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿੱਚ ਤੇਜ਼ ਹਨੇਰੀ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਸਮੇਂ ਹਵਾਵਾਂ ਦੀ ਰਫ਼ਤਾਰ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿ ਸਕਦੀ ਹੈ।

14 ਜੂਨ ਦਾ ਮੌਸਮ:

ਮੌਸਮ ਵਿਭਾਗ ਵੱਲੋਂ 14 ਜੂਨ ਲਈ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦਿਨ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਰੂਪਨਗਰ (ਰੋਪੜ), ਪਟਿਆਲਾ, ਮੋਹਾਲੀ (ਐਸ.ਏ.ਐਸ. ਨਗਰ), ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਿੱਚ ਤੇਜ਼ ਹਨੇਰੀ ਚੱਲਣ, ਮੀਂਹ ਪੈਣ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਲੋਕਾਂ ਨੂੰ ਇਨ੍ਹਾਂ ਦਿਨਾਂ ਵਿੱਚ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

Latest News