Friday, 24th of April 2026

ਪੰਜਾਬ ‘ਚ ਭੱਖਦੀ ਗਰਮੀ ਤੇ ਲੂ ਕਰ ਰਹੀ ਪ੍ਰੇਸ਼ਾਨ, ਬਠਿੰਡਾ ਸਭ ਤੋਂ ਗਰਮ, 10 ਜ਼ਿਲ੍ਹਿਆਂ 'ਚ ਪਾਰਾ 40 ਤੋਂ ਪਾਰ; 26 ਨੂੰ ਮੀਂਹ ਦੇ ਆਸਾਰ

By: GTC News Desk | Edited By: Lajwinder Kaur | Updated at: April 24th 2026 09:58 AM
ਪੰਜਾਬ ‘ਚ ਭੱਖਦੀ ਗਰਮੀ ਤੇ ਲੂ ਕਰ ਰਹੀ ਪ੍ਰੇਸ਼ਾਨ, ਬਠਿੰਡਾ ਸਭ ਤੋਂ ਗਰਮ, 10 ਜ਼ਿਲ੍ਹਿਆਂ 'ਚ ਪਾਰਾ 40 ਤੋਂ ਪਾਰ; 26 ਨੂੰ ਮੀਂਹ ਦੇ ਆਸਾਰ

ਪੰਜਾਬ ‘ਚ ਭੱਖਦੀ ਗਰਮੀ ਤੇ ਲੂ ਕਰ ਰਹੀ ਪ੍ਰੇਸ਼ਾਨ, ਬਠਿੰਡਾ ਸਭ ਤੋਂ ਗਰਮ, 10 ਜ਼ਿਲ੍ਹਿਆਂ 'ਚ ਪਾਰਾ 40 ਤੋਂ ਪਾਰ; 26 ਨੂੰ ਮੀਂਹ ਦੇ ਆਸਾਰ

Punjab Weather: ਅਪ੍ਰੈਲ ਮਹੀਨੇ ਦੇ ਸ਼ੁਰੂਆਤ ਚ ਮੀਂਹ ਪੈਣ ਕਰਕੇ ਮੌਸਮ ਸੁਹਾਵਨਾ ਹੋ ਗਿਆ ਸੀ। ਪਰ ਉਸ ਤੋਂ ਬਾਅਦ ਇੱਕ ਦਮ ਗਰਮੀ ਨੇ ਰਫਤਾਰ ਫੜ ਲਈ ਹੈ। ਗਰਮੀ ਦੇ ਨਾਲ-ਨਾਲ ਲੂ ਵੀ ਲੋਕਾਂ ਨੂੰ ਖੂਬ ਪ੍ਰੇਸ਼ਾਨ ਕਰ ਰਹੀ ਹੈ। ਪੰਜਾਬ ਦੇ 9 ਤੋਂ ਵੱਧ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। 

ਇਹ ਸ਼ਹਿਰ ਰਿਹਾ ਸਭ ਤੋਂ ਗਰਮ

ਵੀਰਵਾਰ ਨੂੰ ਬਠਿੰਡਾ ਵਿੱਚ ਸਭ ਤੋਂ ਵੱਧ 44.0 ਡਿਗਰੀ ਤਾਪਮਾਨ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 4 ਡਿਗਰੀ ਜ਼ਿਆਦਾ ਹੈ ਅਤੇ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਵਧਦੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਲੋਕਾਂ ਨੂੰ ਦੁਪਹਿਰ ਵੇਲੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਮੌਸਮ ਵਿਗਿਆਨ ਕੇਂਦਰ ਨੇ ਅੱਜ ਅਤੇ ਭਲਕੇ ਪੰਜਾਬ ਤੇ ਚੰਡੀਗੜ੍ਹ ਵਿੱਚ ਹੀਟ ਵੇਵ (ਲੂ) ਦਾ ਯੈਲੋ ਅਲਰਟ ਜਾਰੀ ਕੀਤਾ ਹੈ, ਜਦਕਿ ਚੰਡੀਗੜ੍ਹ ਵਿੱਚ ਰਾਤਾਂ ਵੀ ਗਰਮ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, 26 ਤੋਂ 29 ਅਪ੍ਰੈਲ ਦਰਮਿਆਨ ਮੀਂਹ ਅਤੇ ਤੇਜ਼ ਹਨੇਰੀ ਆਉਣ ਦੀ ਉਮੀਦ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।

ਇਨ੍ਹਾਂ ਜ਼ਿਲ੍ਹਿਆਂ 'ਚ ਪਾਰਾ 40 ਤੋਂ ਪਾਰ

ਪੰਜਾਬ ਵਿੱਚ ਗਰਮੀ ਦੇ ਮਾਰੂ ਪ੍ਰਭਾਵ ਸਾਫ਼ ਦਿਖਾਈ ਦੇ ਰਹੇ ਹਨ ਅਤੇ ਬਠਿੰਡਾ ਇਸ ਵੇਲੇ ਗਰਮੀ ਦੇ ਮਾਮਲੇ ਵਿੱਚ ਸੂਬੇ ਵਿੱਚ ਸਿਖਰ 'ਤੇ ਹੈ। ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਪਾਰ ਦਰਜ ਕੀਤਾ ਗਿਆ, ਜਦੋਂ ਕਿ 7 ਜ਼ਿਲ੍ਹਿਆਂ ਵਿੱਚ ਇਹ 35 ਤੋਂ 40 ਡਿਗਰੀ ਦੇ ਵਿਚਕਾਰ ਰਿਹਾ। ਸਭ ਤੋਂ ਵੱਧ ਤਪਸ਼ ਬਠਿੰਡਾ (ਏਅਰਪੋਰਟ) ਵਿੱਚ ਮਹਿਸੂਸ ਕੀਤੀ ਗਈ, ਜਿੱਥੇ ਪਾਰਾ 44.0 ਡਿਗਰੀ ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਫਰੀਦਕੋਟ ਵਿੱਚ 42.0 ਡਿਗਰੀ, ਪਟਿਆਲਾ ਵਿੱਚ 41.6 ਡਿਗਰੀ ਅਤੇ ਭਾਖੜਾ ਡੈਮ (ਰੂਪਨਗਰ) ਵਿੱਚ 41.1 ਡਿਗਰੀ ਤਾਪਮਾਨ ਰਿਕਾਰਡ ਹੋਇਆ। ਲੁਧਿਆਣਾ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ ਅਤੇ ਚੰਡੀਗੜ੍ਹ ਸ਼ਹਿਰ ਵਿੱਚ ਵੀ ਪਾਰਾ 40 ਡਿਗਰੀ ਜਾਂ ਇਸ ਤੋਂ ਉੱਪਰ ਰਿਹਾ। ਐਸ.ਬੀ.ਐਸ. ਨਗਰ, ਪਠਾਨਕੋਟ, ਮੋਗਾ ਅਤੇ ਰੋਪੜ ਵਰਗੇ ਇਲਾਕਿਆਂ ਵਿੱਚ ਵੀ ਤਾਪਮਾਨ 38 ਤੋਂ 39.5 ਡਿਗਰੀ ਦੇ ਵਿਚਕਾਰ ਰਹਿਣ ਕਾਰਨ ਲੋਕ ਗਰਮੀ ਨਾਲ ਬੇਹਾਲ ਹਨ।

ਇਸ ਵਜ੍ਹਾ ਕਰਕੇ ਲੱਗ ਰਹੇ ਲੰਬੇ ਬਿਜਲੀ ਦੇ ਕੱਟ

ਗਰਮੀ ਵਧਣ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ ਕਾਫ਼ੀ ਜ਼ਿਆਦਾ ਵਧ ਗਈ ਹੈ, ਜਿਸ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ। ਬਿਜਲੀ ਵਿਭਾਗ ਵੱਲੋਂ ਮੁਰੰਮਤ ਅਤੇ ਰੱਖ-ਰਖਾਅ ਦੇ ਨਾਂ 'ਤੇ ਵੱਖ-ਵੱਖ ਥਾਵਾਂ 'ਤੇ ਸ਼ਟਡਾਊਨ ਲਏ ਜਾ ਰਹੇ ਹਨ। ਇਸ ਕਾਰਨ ਸ਼ਹਿਰੀ ਖੇਤਰਾਂ ਤੋਂ ਲੈ ਕੇ ਪੇਂਡੂ ਇਲਾਕਿਆਂ ਤੱਕ ਦਿਨ ਵੇਲੇ ਲੰਬੇ ਬਿਜਲੀ ਕੱਟ ਲੱਗ ਰਹੇ ਹਨ। ਤੇਜ਼ ਧੁੱਪ ਅਤੇ ਉੱਪਰੋਂ ਬਿਜਲੀ ਗੁੱਲ ਹੋਣ ਕਾਰਨ ਆਮ ਲੋਕਾਂ ਦੀਆਂ ਮੁਸ਼ਕਲਾਂ ਕਾਫ਼ੀ ਵਧ ਗਈਆਂ ਹਨ ਅਤੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।

ਪੰਜਾਬ ਵਿੱਚ ਭਾਰੀ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ, 16 ਅਪ੍ਰੈਲ 2026 ਤੋਂ ਸਰਕਾਰੀ ਹਸਪਤਾਲਾਂ ਦੀ ਓ.ਪੀ.ਡੀ. (OPD) ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਹਸਪਤਾਲਾਂ ਦੀ ਓ.ਪੀ.ਡੀ. ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਚੱਲ ਰਹੀ ਹੈ। ਇਹ ਨਵੀਂ ਵਿਵਸਥਾ 16 ਅਕਤੂਬਰ 2026 ਤੱਕ ਲਾਗੂ ਰਹੇਗੀ, ਤਾਂ ਜੋ ਮਰੀਜ਼ਾਂ ਅਤੇ ਸਟਾਫ਼ ਨੂੰ ਦੁਪਹਿਰ ਦੀ ਅਤਿ ਦੀ ਗਰਮੀ ਤੋਂ ਬਚਾਇਆ ਜਾ ਸਕੇ।

ਮਰੀਜ਼ਾਂ ਦੀ ਸਹੂਲਤ ਲਈ ਰਜਿਸਟ੍ਰੇਸ਼ਨ ਕਾਊਂਟਰ ਸਵੇਰੇ 7:30 ਵਜੇ ਹੀ ਖੋਲ੍ਹੇ ਜਾ ਰਹੇ ਹਨ, ਤਾਂ ਜੋ ਭੀੜ ਘੱਟ ਹੋ ਸਕੇ ਅਤੇ ਲੋਕਾਂ ਨੂੰ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਵੇ। ਇਹ ਫੈਸਲਾ ਵਧਦੀ ਗਰਮੀ ਅਤੇ ਲੂ ਦੇ ਪ੍ਰਭਾਵ ਨੂੰ ਦੇਖਦੇ ਹੋਏ ਲਿਆ ਗਿਆ ਹੈ, ਤਾਂ ਜੋ ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ਼ ਦੋਵਾਂ ਨੂੰ ਰਾਹਤ ਮਿਲ ਸਕੇ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, 24 ਅਤੇ 25 ਅਪ੍ਰੈਲ ਨੂੰ ਸੂਬੇ ਦੇ ਕੁਝ ਹਿੱਸਿਆਂ ਵਿੱਚ ਲੂ (ਹੀਟ ਵੇਵ) ਚੱਲਣ ਦੀ ਸੰਭਾਵਨਾ ਹੈ। ਅਗਲੇ ਚਾਰ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 2-3 ਡਿਗਰੀ ਦਾ ਹੋਰ ਵਾਧਾ ਹੋ ਸਕਦਾ ਹੈ, ਪਰ ਇਸ ਤੋਂ ਬਾਅਦ ਪਾਰੇ ਵਿੱਚ ਲਗਭਗ 2 ਡਿਗਰੀ ਦੀ ਗਿਰਾਵਟ ਆਵੇਗੀ। 25 ਤੋਂ 29 ਅਪ੍ਰੈਲ ਦੇ ਦਰਮਿਆਨ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ। ਖਾਸ ਕਰਕੇ 26, 27 ਅਤੇ 28 ਤਾਰੀਖ ਨੂੰ ਗਰਜ-ਚਮਕ ਦੇ ਨਾਲ ਮੀਂਹ ਪੈਣ ਅਤੇ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਭਖਦੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ।

Latest News