Thursday, 23rd of April 2026

ਪੰਜਾਬ ‘ਚ ਗਰਮੀ ਦਾ ਕਹਿਰ, ਪਾਰਾ 42 ਡਿਗਰੀ ਦੇ ਪਾਰ, ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ, ਜਾਣੋ ਕਦੋਂ ਮਿਲ ਸਕਦੀ ਰਾਹਤ!

By: GTC News Desk | Edited By: Lajwinder Kaur | Updated at: April 23rd 2026 10:05 AM
ਪੰਜਾਬ ‘ਚ ਗਰਮੀ ਦਾ ਕਹਿਰ, ਪਾਰਾ 42 ਡਿਗਰੀ ਦੇ ਪਾਰ, ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ, ਜਾਣੋ ਕਦੋਂ ਮਿਲ ਸਕਦੀ ਰਾਹਤ!

ਪੰਜਾਬ ‘ਚ ਗਰਮੀ ਦਾ ਕਹਿਰ, ਪਾਰਾ 42 ਡਿਗਰੀ ਦੇ ਪਾਰ, ਹੀਟ ਵੇਵ ਨੂੰ ਲੈ ਕੇ ਅਲਰਟ ਜਾਰੀ, ਜਾਣੋ ਕਦੋਂ ਮਿਲ ਸਕਦੀ ਰਾਹਤ!

Punjab Weather 23 April: ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਸੀਜ਼ਨ ਵਿੱਚ ਪਹਿਲੀ ਵਾਰ ਦਿਨ ਦਾ ਤਾਪਮਾਨ 42.9 ਡਿਗਰੀ ਤੱਕ ਪਹੁੰਚ ਗਿਆ ਹੈ। ਹਾਲਾਂਕਿ ਅੱਜ ਯਾਨੀਕਿ 23 ਅਪ੍ਰੈਲ ਨੂੰ ਮੌਸਮ ਖ਼ੁਸ਼ਕ ਰਹੇਗਾ ਅਤੇ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਰ ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ। 

24 ਅਤੇ 25 ਅਪ੍ਰੈਲ: ਲਗਾਤਾਰ ਦੋ ਦਿਨਾਂ ਲਈ ਹੀਟਵੇਵ (ਲੂ) ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

26 ਤੋਂ 28 ਅਪ੍ਰੈਲ: ਸੂਬੇ ਵਿੱਚ ਬਿਜਲੀ ਚਮਕਣ ਅਤੇ ਤੇਜ਼ ਹਨੇਰੀ ਦਾ ਅਲਰਟ ਹੈ।

ਬੁੱਧਵਾਰ ਦੇ ਮੁਕਾਬਲੇ ਤਾਪਮਾਨ ਵਿੱਚ 1.0 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪੂਰੇ ਸੂਬੇ ਵਿੱਚੋਂ ਫਰੀਦਕੋਟ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 42.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪਹਾੜਾਂ 'ਤੇ ਪਹੁੰਚੇਗੀ ਵੈਸਟਰਨ ਡਿਸਟਰਬਨ 

ਮੌਸਮ ਵਿਭਾਗ ਦੇ ਅਨੁਸਾਰ, ਅੱਜ ਪਹਾੜੀ ਇਲਾਕਿਆਂ ਵਿੱਚ ਇੱਕ ਪੱਛਮੀ ਗੜਬੜੀ ਦਸਤਕ ਦੇਵੇਗੀ। ਹਾਲਾਂਕਿ, ਇਹ ਪ੍ਰਣਾਲੀ ਬਹੁਤੀ ਮਜ਼ਬੂਤ ਨਹੀਂ ਹੈ। ਦਿਨ ਵੇਲੇ ਗਰਮ ਹਵਾਵਾਂ ਚੱਲਣਗੀਆਂ, ਪਰ 25 ਅਪ੍ਰੈਲ ਤੋਂ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ। ਇਸ ਦੌਰਾਨ ਧੂੜ ਭਰੀ ਹਨੇਰੀ ਚੱਲਣ ਅਤੇ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਭਿਆਨਕ ਗਰਮੀ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲੇਗੀ।

ਤਾਪਮਾਨ 35 ਡਿਗਰੀ ਤੋਂ ਪਾਰ

ਸੂਬੇ ਦੀਆਂ 19 ਥਾਵਾਂ 'ਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤੋਂ ਉੱਪਰ ਰਿਹਾ, ਜਦਕਿ 5 ਥਾਵਾਂ 'ਤੇ ਪਾਰਾ 40 ਡਿਗਰੀ ਦੀ ਹੱਦ ਪਾਰ ਕਰ ਗਿਆ ਹੈ। ਵੱਖ-ਵੱਖ ਸ਼ਹਿਰਾਂ ਦੇ ਅੰਕੜੇ ਇਸ ਪ੍ਰਕਾਰ ਹਨ:

ਚੰਡੀਗੜ੍ਹ: 39.3 ਡਿਗਰੀ (ਚੰਡੀਗੜ੍ਹ ਏਅਰਪੋਰਟ: 38.4 ਡਿਗਰੀ)

ਲੁਧਿਆਣਾ: 40.0 ਡਿਗਰੀ

ਪਟਿਆਲਾ: 40.4 ਡਿਗਰੀ

ਬਠਿੰਡਾ: 41.0 ਡਿਗਰੀ (ਬਠਿੰਡਾ ਏਅਰਪੋਰਟ: 42.8 ਡਿਗਰੀ)

ਅੰਮ੍ਰਿਤਸਰ: 39.0 ਡਿਗਰੀ

ਫਰੀਦਕੋਟ (AWS): ਸਭ ਤੋਂ ਵੱਧ 42.9 ਡਿਗਰੀ

ਹੋਰ ਪ੍ਰਮੁੱਖ ਥਾਵਾਂ ਦਾ ਤਾਪਮਾਨ:

ਗੁਰਦਾਸਪੁਰ ਵਿੱਚ 39.0 ਡਿਗਰੀ, ਪਠਾਨਕੋਟ ਵਿੱਚ 38.2 ਡਿਗਰੀ, ਬਲੋਵਾਲ ਸੌਂਖੜੀ (ਨਵਾਂਸ਼ਹਿਰ) ਵਿੱਚ 38.5 ਡਿਗਰੀ ਅਤੇ ਅਬੋਹਰ (ਫਾਜ਼ਿਲਕਾ) ਵਿੱਚ 39.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿੱਚ 37.8 ਡਿਗਰੀ, ਰੋਪੜ ਵਿੱਚ 37.9 ਡਿਗਰੀ ਅਤੇ ਭਾਖੜਾ ਡੈਮ (ਰੂਪਨਗਰ) ਵਿੱਚ ਪਾਰਾ 40.1 ਡਿਗਰੀ ਤੱਕ ਪਹੁੰਚ ਗਿਆ। ਸ਼ਾਲੇਰਨ, ਪਠਾਨਕੋਟ (KVK) ਅਤੇ ਥੀਨ ਡੈਮ ਵਰਗੇ ਇਲਾਕਿਆਂ ਵਿੱਚ ਵੀ ਤਾਪਮਾਨ 37.0 ਤੋਂ 37.2 ਡਿਗਰੀ ਦੇ ਵਿਚਕਾਰ ਰਿਹਾ।

ਇਸ ਵਾਰ ਅਪ੍ਰੈਲ ਵਿੱਚ ਰਿਕਾਰਡ ਤੋੜ ਗਰਮੀ: ਜਾਣੋ ਇਸ ਦੇ 3 ਮੁੱਖ ਕਾਰਨ

1. ਪੱਛਮੀ ਗੜਬੜੀ (Western Disturbance) ਦੀ ਘਾਟ:

ਆਮ ਤੌਰ 'ਤੇ ਅਪ੍ਰੈਲ ਦੇ ਮਹੀਨੇ ਵਿੱਚ ਪਹਾੜਾਂ ਵੱਲੋਂ ਆਉਣ ਵਾਲੀਆਂ ਪੱਛਮੀ ਗੜਬੜੀਆਂ ਕਾਰਨ ਬੱਦਲਵਾਈ ਹੁੰਦੀ ਹੈ ਅਤੇ ਠੰਢੀਆਂ ਹਵਾਵਾਂ ਚੱਲਦੀਆਂ ਹਨ, ਜਿਸ ਨਾਲ ਮੌਸਮ ਸੁਹਾਵਣਾ ਬਣਿਆ ਰਹਿੰਦਾ ਹੈ। ਪਰ ਇਸ ਵਾਰ ਅਜਿਹਾ ਸਿਸਟਮ ਬਹੁਤ ਘੱਟ ਐਕਟਿਵ ਹੋਇਆ ਹੈ। ਨਤੀਜੇ ਵਜੋਂ, ਅਸਮਾਨ ਸਾਫ਼ ਰਿਹਾ ਅਤੇ ਸਿੱਧੀ ਤੇਜ਼ ਧੁੱਪ ਧਰਤੀ 'ਤੇ ਪੈਣ ਕਾਰਨ ਗਰਮੀ ਵਿੱਚ ਭਾਰੀ ਵਾਧਾ ਹੋਇਆ ਹੈ।

2. ਐਂਟੀ-ਸਾਈਕਲੋਨ (Anti-Cyclone):

ਰਾਜਸਥਾਨ ਦੇ ਉੱਪਰ ਇੱਕ ਅਜਿਹਾ ਸਿਸਟਮ (ਐਂਟੀ-ਸਾਈਕਲੋਨ) ਬਣਿਆ ਹੋਇਆ ਹੈ, ਜੋ ਹਵਾ ਨੂੰ ਹੇਠਾਂ ਵੱਲ ਦਬਾਉਂਦਾ ਹੈ। ਇਸ ਕਾਰਨ ਬੱਦਲ ਨਹੀਂ ਬਣ ਪਾ ਰਹੇ ਅਤੇ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਬਣਿਆ ਹੋਇਆ ਹੈ। ਅਸਮਾਨ ਸਾਫ਼ ਹੋਣ ਕਰਕੇ ਧੁੱਪ ਦਾ ਪ੍ਰਭਾਵ ਵੱਧ ਗਿਆ ਹੈ, ਜੋ ਸਿੱਧੇ ਤੌਰ 'ਤੇ ਤਾਪਮਾਨ ਨੂੰ ਵਧਾ ਰਿਹਾ ਹੈ।

3. ਗਰਮ ਹਵਾਵਾਂ ਦਾ ਪ੍ਰਭਾਵ:

ਖ਼ੁਸ਼ਕ ਮੌਸਮ ਅਤੇ ਮੀਂਹ ਦੀ ਘਾਟ ਕਾਰਨ ਗੁਆਂਢੀ ਰਾਜਾਂ ਤੋਂ ਆਉਣ ਵਾਲੀਆਂ ਗਰਮ ਹਵਾਵਾਂ (ਲੂ) ਨੇ ਮੈਦਾਨੀ ਇਲਾਕਿਆਂ ਨੂੰ ਤਪਾ ਦਿੱਤਾ ਹੈ, ਜਿਸ ਕਾਰਨ ਅਪ੍ਰੈਲ ਵਿੱਚ ਹੀ ਜੂਨ ਵਰਗੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ।

ਪਾਕਿਸਤਾਨ ਵੱਲੋਂ ਆ ਰਹੀਆਂ ਗਰਮ ਹਵਾਵਾਂ

ਥਾਰ ਰੇਗਿਸਤਾਨ ਅਤੇ ਪਾਕਿਸਤਾਨ ਵਾਲੇ ਪਾਸਿਓਂ ਬਹੁਤ ਹੀ ਗਰਮ ਅਤੇ ਖ਼ੁਸ਼ਕ ਹਵਾਵਾਂ ਚੱਲ ਰਹੀਆਂ ਹਨ। ਇਹ ਹਵਾਵਾਂ ਸਿੱਧੇ ਤੌਰ 'ਤੇ ਪੰਜਾਬ ਅਤੇ ਹਰਿਆਣਾ ਤੱਕ ਪਹੁੰਚ ਰਹੀਆਂ ਹਨ, ਜਿਸ ਕਾਰਨ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਨ੍ਹਾਂ ਗਰਮ ਹਵਾਵਾਂ ਕਰਕੇ ਸੂਬੇ ਵਿੱਚ ਲੂ (Heatwave) ਵਰਗੀ ਸਥਿਤੀ ਬਣੀ ਹੋਈ ਹੈ, ਜਿਸ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ।

26 ਤੋਂ 28 ਅਪ੍ਰੈਲ ਤੱਕ ਮੀਂਹ ਪੈਣ ਦੀ ਸੰਭਾਵਨਾ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, 26 ਤੋਂ 28 ਤਾਰੀਖ ਤੱਕ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ 4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਹੌਲੀ-ਹੌਲੀ 3 ਤੋਂ 4 ਡਿਗਰੀ ਦਾ ਹੋਰ ਵਾਧਾ ਹੋਵੇਗਾ। ਵੱਧ ਰਹੀ ਗਰਮੀ ਦੇ ਕਰਕੇ ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਦੁਪਹਿਰ ਸਮੇਂ ਜੇਕਰ ਕੋਈ ਜ਼ਰੂਰੀ ਕੰਮ ਨਾ ਹੋਏ ਤਾਂ ਘਰ ਤੋਂ ਨਾ ਹੀ ਨਿਕਲਣ। ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਏ। ਜੇਕਰ ਕੋਈ ਵੀ ਇਨਸਾਨ ਗਰਮੀ ਦੇ ਵਿੱਚ ਬਾਹਰ ਜਾ ਰਿਹਾ ਹੈ ਤਾਂ ਸਿਰ ਨੂੰ ਚੰਗੀ ਤਰ੍ਹਾਂ ਢੱਕ ਕੇ ਨਿਕਲੇ ਤਾਂ ਜੋ ਤੇਜ਼ ਗਰਮੀ ਦੀ ਮਾਰ ਤੋਂ ਬਚਾਅ ਕੀਤਾ ਜਾ ਸਕੇ। ਪਾਣੀ ਅਤੇ ਜੂਸ ਵਰਗੀਆਂ ਚੀਜ਼ਾਂ ਦਾ ਸੇਵਨ ਕਰਨਾ ਨਾ ਭੁੱਲੋ। ਜੇਕਰ ਸਿਹਤ ਠੀਕ ਨਾ ਲੱਗੇ ਤਾਂ ਤੁਰੰਤ ਡਾਕਟਰ ਦੇ ਨਾਲ ਸੰਪਰਕ ਕਰੋ। ਇਸ ਤੋਂ ਇਲਾਵਾ ਹਸਪਤਾਲਾਂ ਦੇ ਵਿੱਚ ਗਰਮੀ ਕਰਕੇ ਬਿਮਾਰ ਹੋਣ ਵਾਲੇ ਮਰੀਜ਼ਾਂ ਦੇ ਲਈ  ਸਪੈਸ਼ਲ ਵਾਰਡ ਬਣਾਏ ਗਏ ਹਨ ਅਤੇ 24 ਘੰਟੇ ਮੈਡੀਕਲ ਸਟਾਫ਼ ਦੀ ਤਾਇਨਾਤੀ ਯਕੀਨੀ ਬਣਾਈ ਗਈ ਹੈ। 

Latest News