ਪੰਜਾਬ-ਚੰਡੀਗੜ੍ਹ 'ਚ ਭਿਆਨਕ ਗਰਮੀ, ਕੱਲ੍ਹ ਤੋਂ ਚੱਲੇਗੀ 'ਲੂ', ਰਾਤਾਂ ਵੀ ਰਹਿਣਗੀਆਂ ਤੱਤੀਆਂ, ਹੈਲਥ ਵਿਭਾਗ ਵੱਲੋਂ ਚੇਤਾਵਨੀ! ਲੋਕ ਰੱਖਣ ਸਿਹਤ ਦਾ ਧਿਆਨ
ਅਪ੍ਰੈਲ ਮਹੀਨਾ ਮਈ-ਜੂਨ ਵਾਂਗ ਤਪਣ ਲੱਗ ਪਿਆ ਹੈ। ਦਿਨ ਦੇ ਨਾਲ-ਨਾਲ ਹੁਣ ਰਾਤਾਂ ਵੀ ਸੇਕ ਮਾਰਨ ਲੱਗ ਪਈਆਂ ਹਨ। ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਮੌਸਮ ਵਿਭਾਗ ਨੇ 21 ਤੋਂ 23 ਅਪ੍ਰੈਲ ਤੱਕ 'ਹੀਟ ਵੇਵ' (ਲੂ) ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਕੁਝ ਇਲਾਕਿਆਂ ਵਿੱਚ ਦਿਨ ਦੇ ਨਾਲ-ਨਾਲ ਰਾਤਾਂ ਵੀ ਕਾਫੀ ਗਰਮ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਅੱਜ (20 ਅਪ੍ਰੈਲ) ਲਈ ਕੋਈ ਖਾਸ ਅਲਰਟ ਨਹੀਂ ਹੈ, ਪਰ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ।
ਐਤਵਾਰ ਨੂੰ ਤਾਪਮਾਨ ਵਿੱਚ ਕੋਈ ਬਹੁਤ ਵੱਡਾ ਬਦਲਾਅ ਤਾਂ ਨਹੀਂ ਦੇਖਿਆ ਗਿਆ, ਪਰ ਇਹ ਆਮ ਨਾਲੋਂ 3.1 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਬਠਿੰਡਾ 41.3 ਡਿਗਰੀ ਦੇ ਨਾਲ ਸਭ ਤੋਂ ਗਰਮ ਰਿਹਾ, ਜਦਕਿ ਚੰਡੀਗੜ੍ਹ ਵਿੱਚ ਤਾਪਮਾਨ 39.3 ਡਿਗਰੀ ਦਰਜ ਕੀਤਾ ਗਿਆ।
ਹੈਲਥ ਵਿਭਾਗ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਸਿਹਤ ਵਿਭਾਗ ਨੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਬਚਾਉਣ ਲਈ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਯੂਨਿਟ ਸਥਾਪਿਤ ਕਰ ਦਿੱਤੇ ਹਨ। ਵਿਭਾਗ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਤੇਜ਼ ਬੁਖਾਰ ਜਾਂ 'ਲੂ' ਲੱਗਣ ਦੇ ਕੋਈ ਵੀ ਲੱਛਣ ਦਿਖਾਈ ਦੇਣ, ਤਾਂ ਆਪਣੇ ਆਪ ਕੋਈ ਦਵਾਈ ਨਾ ਲੈਣ, ਸਗੋਂ ਤੁਰੰਤ ਨਜ਼ਦੀਕੀ ਹਸਪਤਾਲ ਜਾ ਕੇ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾਉਣ। ਮਰੀਜ਼ਾਂ ਦੀ ਸਹੂਲਤ ਲਈ ਸੀਨੀਅਰ ਡਾਕਟਰਾਂ ਦੀ 24 ਘੰਟੇ ਡਿਊਟੀ ਲਗਾਈ ਗਈ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ।
ਇਹ ਵਾਲੇ ਇਲਾਕਿਆਂ ਚ ਤੰਗ ਕਰਗੇ ਹੀਟਵੇਵ
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੁਣ 'ਲੂ' (ਹੀਟ ਵੇਵ) ਆਪਣਾ ਅਸਰ ਦਿਖਾਏਗੀ। ਹਾਲਾਂਕਿ 19 ਅਪ੍ਰੈਲ ਦੀ ਸ਼ਾਮ ਨੂੰ ਮੌਸਮ ਵਿੱਚ ਅਚਾਨਕ ਬਦਲਾਅ ਆਇਆ ਸੀ ਅਤੇ ਠੰਢੀਆਂ ਹਵਾਵਾਂ ਚੱਲਣ ਕਾਰਨ ਮੀਂਹ ਦੀ ਉਮੀਦ ਜਾਗੀ ਸੀ, ਪਰ 21 ਅਪ੍ਰੈਲ ਤੋਂ ਗਰਮੀ ਫਿਰ ਤੋਂ ਜ਼ੋਰ ਫੜੇਗੀ। ਮੌਸਮ ਵਿਭਾਗ ਮੁਤਾਬਕ 21 ਅਪ੍ਰੈਲ ਨੂੰ ਸੰਗਰੂਰ, ਪਟਿਆਲਾ ਅਤੇ ਮੋਹਾਲੀ ਵਿੱਚ ਕੁਝ ਥਾਵਾਂ 'ਤੇ ਲੂ ਚੱਲ ਸਕਦੀ ਹੈ।
ਇਸ ਦੇ ਨਾਲ ਹੀ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਰਾਤਾਂ ਵੀ ਕਾਫੀ ਗਰਮ ਰਹਿਣ ਦੀ ਸੰਭਾਵਨਾ ਹੈ। 22 ਅਤੇ 23 ਅਪ੍ਰੈਲ ਨੂੰ ਸੰਗਰੂਰ, ਪਟਿਆਲਾ, ਐਸ.ਏ.ਐਸ. ਨਗਰ (ਮੋਹਾਲੀ), ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਲੂ ਦਾ ਪ੍ਰਭਾਵ ਵਧੇਗਾ, ਜਦਕਿ ਮਾਲਵਾ ਅਤੇ ਸਰਹੱਦੀ ਇਲਾਕਿਆਂ ਵਿੱਚ ਗਰਮ ਰਾਤਾਂ ਦਾ ਸਿਲਸਿਲਾ ਜਾਰੀ ਰਹੇਗਾ।
ਮੌਸਮ ਵਿਭਾਗ ਅਨੁਸਾਰ, ਇਸ ਸਮੇਂ ਇੱਕ ਵੈਸਟਰਨ ਡਿਸਟਰਬਨ (Western Disturbance) ਉੱਪਰਲੀ ਹਵਾ ਵਿੱਚ ਕਰੀਬ 5.8 ਕਿਲੋਮੀਟਰ ਦੀ ਉਚਾਈ 'ਤੇ ਸਰਗਰਮ ਹੈ। ਇਸ ਦੇ ਨਾਲ ਹੀ ਦੱਖਣ-ਪੱਛਮੀ ਰਾਜਸਥਾਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 1.5 ਕਿਲੋਮੀਟਰ ਦੀ ਉਚਾਈ 'ਤੇ ਇੱਕ ਚੱਕਰਵਾਤੀ ਸਿਸਟਮ ਬਣਿਆ ਹੋਇਆ ਹੈ। ਉੱਤਰੀ ਭਾਰਤ ਦੇ ਉੱਪਰ ਤੇਜ਼ ਰਫ਼ਤਾਰ ਦੀਆਂ ਜੈੱਟ ਸਟ੍ਰੀਮ ਹਵਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਦੀ ਗਤੀ ਲਗਭਗ 80 ਨੌਟ (Knot) ਹੈ।
23 ਅਪ੍ਰੈਲ ਤੋਂ ਇੱਕ ਨਵਾਂ ਵੈਸਟਰਨ ਡਿਸਟਰਬਨ ਪੱਛਮੀ ਹਿਮਾਲੀਅਨ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਦਕਿ ਉੱਤਰੀ ਪਾਕਿਸਤਾਨ ਦੇ ਨੇੜੇ ਬਣਿਆ ਪੁਰਾਣਾ ਸਿਸਟਮ ਹੁਣ ਕਮਜ਼ੋਰ ਪੈ ਗਿਆ ਹੈ। ਇਸ ਨਵੇਂ ਸਿਸਟਮ ਦੇ ਆਉਣ ਨਾਲ ਮੌਸਮ ਵਿੱਚ ਮੁੜ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ।
ਹੀਟ ਸਟ੍ਰੋਕ ਯੂਨਿਟ ਹੋਇਆ ਐਕਟਿਵ
ਸਰਕਾਰੀ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਯੂਨਿਟ ਪੂਰੀ ਤਰ੍ਹਾਂ ਸਰਗਰਮ ਕਰ ਦਿੱਤੇ ਗਏ ਹਨ ਅਤੇ ਸੀਨੀਅਰ ਡਾਕਟਰਾਂ ਨੂੰ ਚੌਕਸ ਰਹਿਣ ਦੇ ਹੁਕਮ ਦਿੱਤੇ ਗਏ ਹਨ। ਸਿਵਲ ਸਰਜਨ ਮੋਹਾਲੀ, ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਛੋਟੇ ਬੱਚਿਆਂ, ਗਰਭਵਤੀ ਔਰਤਾਂ, ਮੋਟਾਪੇ ਤੋਂ ਪੀੜਤ ਵਿਅਕਤੀਆਂ, ਬਜ਼ੁਰਗਾਂ ਅਤੇ ਦਿਲ ਦੇ ਮਰੀਜ਼ਾਂ ਨੂੰ ਇਸ ਮੌਸਮ ਵਿੱਚ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ।
ਹੀਟ ਵੇਵ ਤੋਂ ਬਚਣ ਲਈ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਦੇ ਮੁਤਾਬਕ, ਆਉਣ ਵਾਲੇ ਦਿਨਾਂ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ। ਹਾਲਾਂਕਿ, 21 ਤੋਂ 23 ਅਪ੍ਰੈਲ ਦੇ ਦਰਮਿਆਨ ਸੂਬੇ ਦੇ ਕੁਝ ਹਿੱਸਿਆਂ ਵਿੱਚ ਭਿਆਨਕ 'ਲੂ' (ਹੀਟ ਵੇਵ) ਚੱਲਣ ਅਤੇ ਰਾਤਾਂ ਦੇ ਤਾਪਮਾਨ ਵਿੱਚ ਵਾਧਾ ਹੋਣ ਦੀ ਪੂਰੀ ਸੰਭਾਵਨਾ ਹੈ, ਜਿਸ ਕਾਰਨ ਲੋਕਾਂ ਨੂੰ ਦਿਨ ਦੇ ਨਾਲ-ਨਾਲ ਰਾਤ ਵੇਲੇ ਵੀ ਤਪਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ।