ਪੰਜਾਬ ‘ਚ ਮਾਨਸੂਨ ਸੁਸਤ, ਅੱਜ 3 ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਦੇ ਆਸਾਰ; 14 ਸਤੰਬਰ ਤੱਕ ਕਿਤੇ-ਕਿਤੇ ਗਰਜ-ਚਮਕ ਤੇ ਬਿਜਲੀ ਲਿਸ਼ਕਣ ਦੀ ਸੰਭਾਵਨਾ
ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਸੁਸਤ ਪੈ ਗਿਆ ਹੈ। ਅੱਜ ਪਠਾਨਕੋਟ, ਰੂਪਨਗਰ ਅਤੇ ਹੁਸ਼ਿਆਰਪੁਰ ਨੂੰ ਛੱਡ ਕੇ ਬਾਕੀ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਹਨਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਵੀ ਸਿਰਫ਼ ਕੁਝ ਥਾਵਾਂ 'ਤੇ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਸੂਬੇ ਦੇ ਬਾਕੀ ਹਿੱਸਿਆਂ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ। ਚੰਡੀਗੜ੍ਹ ਵਿੱਚ ਵੀ ਧੁੱਪ ਖਿੜੀ ਰਹਿਣ ਦੇ ਆਸਾਰ ਹਨ, ਜਿਸ ਕਰਕੇ ਗਰਮੀ ਵਧ ਸਕਦੀ ਹੈ।
ਤਾਪਮਾਨ 'ਚ ਵੱਧਾ ਦਰਜ
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਮੁਤਾਬਕ, ਵੱਧ ਤੋਂ ਵੱਧ ਤਾਪਮਾਨ ਵਿੱਚ 0.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਹੁਣ ਆਮ ਨਾਲੋਂ 1.6 ਡਿਗਰੀ ਜ਼ਿਆਦਾ ਹੋ ਗਿਆ ਹੈ। ਫ਼ਰੀਦਕੋਟ ਵਿੱਚ ਸਭ ਤੋਂ ਵੱਧ 36 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੰਗਲਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ, ਪਰ ਬਾਰਿਸ਼ ਨਹੀਂ ਹੋਈ।
ਮਾਨਸੂਨ ਕਮਜ਼ੋਰ
ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਕਮਜ਼ੋਰ ਪੈ ਗਿਆ ਹੈ। ਮੀਂਹ ਲਿਆਉਣ ਵਾਲੀ ਮਾਨਸੂਨੀ ਰੇਖਾ (ਟਰਫ਼) ਫ਼ਿਰੋਜ਼ਪੁਰ ਤੋਂ ਲੰਘ ਰਹੀ ਹੈ, ਜਿਸ ਕਰਕੇ ਹਵਾ ਵਿੱਚ ਨਮੀ ਤਾਂ ਬਣੀ ਹੋਈ ਹੈ, ਪਰ ਕੋਈ ਮਜ਼ਬੂਤ ਸਿਸਟਮ ਨਾ ਹੋਣ ਕਾਰਨ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਚੰਗੀ ਬਾਰਿਸ਼ ਦੇ ਆਸਾਰ ਨਹੀਂ ਹਨ।
ਪੰਜਾਬ ਦੇ ਕੁਝ ਹਿੱਸਿਆਂ ਵਿੱਚ ਬੱਦਲ ਛਾਏ ਰਹਿ ਸਕਦੇ
ਉੱਤਰੀ ਹਰਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਵਾ ਦੇ ਉੱਪਰੀ ਹਿੱਸੇ ਵਿੱਚ ਇੱਕ ਚੱਕਰਵਾਤੀ ਸਿਸਟਮ ਬਣਿਆ ਹੋਇਆ ਹੈ। ਇਸ ਕਾਰਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਬੱਦਲ ਛਾਏ ਰਹਿ ਸਕਦੇ ਹਨ ਅਤੇ ਕਿਤੇ-ਕਿਤੇ ਗਰਜ-ਚਮਕ ਨਾਲ ਹਲਕਾ ਮੀਂਹ ਜਾਂ ਫੁਹਾਰਾਂ ਪੈ ਸਕਦੀਆਂ ਹਨ। ਦੂਜੇ ਪਾਸੇ, ਪੱਛਮੀ ਗੜਬੜੀ ਹੁਣ ਉੱਤਰ-ਪੂਰਬ ਵੱਲ ਵੱਧ ਗਈ ਹੈ, ਜਿਸ ਕਰਕੇ ਪੰਜਾਬ ਅਤੇ ਚੰਡੀਗੜ੍ਹ 'ਤੇ ਇਸ ਦਾ ਸਿੱਧਾ ਅਸਰ ਘੱਟ ਗਿਆ ਹੈ।
14 ਸਤੰਬਰ ਤੱਕ ਕੁੱਝ ਥਾਵਾਂ ‘ਤੇ ਹੋ ਸਕਦੀ ਹਲਕੀ ਬਾਰਿਸ਼
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, 14 ਸਤੰਬਰ ਤੱਕ ਪੰਜਾਬ ਵਿੱਚ ਕੁੱਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਕਿਤੇ-ਕਿਤੇ ਗਰਜ-ਚਮਕ ਅਤੇ ਬਿਜਲੀ ਲਿਸ਼ਕਣ ਦੀ ਸੰਭਾਵਨਾ ਵੀ ਹੈ।
ਅਗਲੇ ਤਿੰਨ ਦਿਨਾਂ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੌਸਮ ਬਦਲ ਸਕਦਾ ਹੈ। 10 ਸਤੰਬਰ ਨੂੰ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਆਸਾਰ ਹਨ। ਇਸ ਤੋਂ ਬਾਅਦ 11 ਅਤੇ 12 ਸਤੰਬਰ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਵੀ ਕੁਝ ਥਾਵਾਂ 'ਤੇ ਹਲਕਾ ਤੋਂ ਮੱਧਮ ਮੀਂਹ ਪੈ ਸਕਦਾ ਹੈ।