ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। 24 ਦਸੰਬਰ ਤੋਂ 31 ਦਸੰਬਰ ਤੱਕ ਪੰਜਾਬ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਬੰਦ ਰਹਿਣਗੇ। ਪੰਜਾਬ ਸਰਕਾਰ ਵੱਲੋਂ ਵੱਧਦੀ ਠੰਡ ਦਾ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਸਿੱਖਿਆ ਵਿਭਾਗ ਨੇ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰਦਿਆਂ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਸੂਬੇ ਦੇ ਸਕੂਲ 24 ਦਸੰਬਰ, 2025 ਤੋਂ 31 ਦਸੰਬਰ, 2025 ਤੱਕ ਬੰਦ ਰਹਿਣਗੇ। ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਦੋਵੇਂ ਤਾਰੀਖਾਂ (24 ਅਤੇ 31 ਦਸੰਬਰ) ਛੁੱਟੀਆਂ ਵਿੱਚ ਸ਼ਾਮਲ ਹੋਣਗੀਆਂ। ਇਸਦਾ ਮਤਲਬ ਹੈ ਕਿ ਸਕੂਲ ਸਿਰਫ਼ ਉਦੋਂ ਹੀ ਖੁੱਲ੍ਹਣਗੇ ਜਦੋਂ ਨਵਾਂ ਸਾਲ ਸ਼ੁਰੂ ਹੋਵੇਗਾ। ਇਹ ਫੈਸਲਾ ਬੱਚਿਆਂ ਨੂੰ ਕੜਾਕੇ ਦੀ ਠੰਢ ਤੋਂ ਬਚਾਉਣ ਲਈ ਲਿਆ ਗਿਆ ਹੈ।

ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਸਕੱਤਰ ਆਈਏਐਸ ਅਨਿੰਦਿਤਾ ਮਿੱਤਰਾ ਦੇ ਦਸਤਖਤ ਵਾਲੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਹੁਕਮ ਪੰਜਾਬ ਦੇ ਸਾਰੇ ਸਰਕਾਰੀ, ਨਿੱਜੀ ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ 'ਤੇ ਬਰਾਬਰ ਲਾਗੂ ਹੁੰਦਾ ਹੈ। ਸਾਰੇ ਸਕੂਲ ਪ੍ਰਬੰਧਕਾਂ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਦਿੱਲੀ 'ਚ ਪੜ੍ਹਾਈ ਦੇ ਤਰੀਕੇ 'ਚ ਬਦਲਾਅ:- ਜਾਣਕਾਰੀ ਦੱਸ ਦਈਏ ਕਿ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਹੈ, ਜਿਸ ਕਾਰਨ ਦਿੱਲੀ ਸਰਕਾਰ ਨੇ ਕੰਟਰੋਲ ਕਰਨ ਲਈ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ ਦਾ ਚੌਥਾ ਅਤੇ ਸਭ ਤੋਂ ਸਖ਼ਤ ਪੜਾਅ GRAP-4 ਲਾਗੂ ਕਰ ਦਿੱਤਾ ਹੈ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਲੀ ਦਾ AQI 462 ਦਰਜ ਕੀਤਾ ਗਿਆ, ਜੋ ਕਿ ਗੰਭੀਰ ਦਰਜੇ ਵਿੱਚ ਆਉਂਦਾ ਹੈ। ਇਸ ਦੇ ਮੱਦੇਨਜ਼ਰ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਪੂਰੇ NCR ਵਿੱਚ GRAP-IV ਨੂੰ ਲਾਗੂ ਕੀਤਾ ਹੈ।

ਉੱਥੇ ਹੀ ਦਿੱਲੀ NCR ਵਿੱਚ ਸਕੂਲ ਪੂਰੀ ਤਰ੍ਹਾਂ ਬੰਦ ਨਹੀਂ ਕੀਤੇ ਗਏ,ਸਗੋਂ ਪੜ੍ਹਾਈ ਦੇ ਤਰੀਕੇ ਵਿੱਚ ਬਦਲੇ ਗਏ ਹਨ। ਦਿੱਲੀ ਸਿੱਖਿਆ ਡਾਇਰੈਕਟੋਰੇਟ ਦੇ ਹੁਕਮਾਂ ਅਨੁਸਾਰ ਪ੍ਰਾਈਵੇਟ ਸਕੂਲਾਂ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕਲਾਸ ਨੌਵੀਂ ਤੋਂ 11ਵੀਂ ਤੱਕ ਹਾਈਬ੍ਰਿਡ ਮੋਡ ਵਿੱਚ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਅਧੀਨ ਵਿਦਿਆਰਥੀ ਆਪਣੀ ਮਰਜ਼ੀ ਅਨੁਸਾਰ ਸਕੂਲ ਆ ਕੇ ਪੜ੍ਹ ਸਕਦੇ ਹਨ ਜਾਂ ਘਰ ਬੈਠੇ ਆਨਲਾਈਨ ਵੀ ਕਲਾਸਾਂ ਲਗਾ ਸਕਦੇ ਹਨ। ਇਹ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀ ਮਰਜ਼ੀ ਉੱਤੇ ਨਿਰਭਰ ਕਰਦਾ ਹੈ। ਉੱਥੇ ਹੀ 5ਵੀਂ ਕਲਾਸ ਦੇ ਬੱਚਿਆਂ ਨੂੰ ਹਾਈਬ੍ਰਿਡ ਮੋਡ ਵਿੱਚ ਪੜ੍ਹਾਈ ਕਰਵਾਈ ਜਾਵੇਗੀ।