ਪੰਜਾਬ ‘ਚ ਦਿਨ-ਦਿਹਾੜੇ ਹੋਈ ਵੱਡੀ ਵਾਰਦਾਤ! ਆਂਗਣਵਾੜੀ ਸੈਂਟਰ ‘ਚ ਮਹਿਲਾ ਦਾ ਕਤਲ, CCTV ‘ਚ ਕੈਦ ਹੋਇਆ ਮੁਲਜ਼ਮ…ਕੰਧ ਟੱਪ ਹੋਇਆ ਫਰਾਰ, ਪੁਲਿਸ ਕਰ ਰਹੀ ਜਾਂਚ
ਹਲਕਾ ਲੰਬੀ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲੰਬੀ ਦੇ ਅਧੀਨ ਪੈਂਦੇ ਪਿੰਡ ਫਤਿਹਪੁਰ ਮਣੀਆਂ ਦੇ ਵਿੱਚ ਆਂਗਣਵਾੜੀ ਕੇਂਦਰ ਵਿੱਚ ਇੱਕ ਰਮਨਦੀਪ ਕੌਰ ਨਾਂ ਦੀ ਮਹਿਲਾ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਅਣਪਛਾਤੇ ਵਿਅਕਤੀ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਮਹਿਲਾ ਦੀ ਬਹੁਤ ਹੀ ਦਰਿੰਦਗੀ ਦੇ ਨਾਲ ਹੱਤਿਆ ਕੀਤੀ ਗਈ, ਚਾਰੇ ਪਾਸੇ ਖੂਨ ਹੀ ਖੂਨ ਨਜ਼ਰ ਆ ਰਿਹਾ ਸੀ। ਜਦੋਂ ਇਹ ਖਬਰ ਪਰਿਵਾਰ ਕੋਲ ਪਹੁੰਚੀ ਤਾਂ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ।
ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ
ਕਤਲ ਕਰ ਫਰਾਰ ਹੋਣ ਲੱਗੇ ਵਿਅਕਤੀ ਦੀ ਭੱਜਣ ਦੀ ਵੀਡੀਓ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ (DSP) ਲੰਬੀ ਅਤੇ ਥਾਣਾ ਲੰਬੀ ਐਸਐਚ ਓ ਅਤੇ ਉਹਨਾਂ ਦੀ ਟੀਮ ਮੌਕੇ ਉੱਪਰ ਪਹੁੰਚ ਪੂਰੀ ਘਟਨਾ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ।
ਪੁਲਿਸ ਦੇ ਨਾਲ-ਨਾਲ ਫੋਰੈਂਸਿੰਗ ਟੀਮ ਵੀ ਬਰੀਕੀ ਦੇ ਨਾਲ ਕਰ ਰਹੀ ਜਾਂਚ
ਮੌਕੇ ਉੱਤੇ ਫੋਰੈਂਸਿੰਗ ਟੀਮ ਵੀ ਪਹੁੰਚ ਗਈ, ਜਿਨ੍ਹਾਂ ਵੱਲੋਂ ਪੂਰੀ ਘਟਨਾ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਗਈ। ਉੱਥੇ ਹੀ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਲੰਬੀ ਹਰਬੰਸ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਸੀ ਕਿ ਕਿਸੇ ਵਿਅਕਤੀ ਵੱਲੋਂ ਫਤਿਹਪੁਰ ਮਣੀਆਂ ਦੇ ਆਂਗਣਵਾੜੀ ਸੈਂਟਰ ਦੇ ਵਿੱਚ ਇੱਕ ਮਹਿਲਾ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਜੇ ਤੱਕ ਮਹਿਲਾ ਨੂੰ ਕਤਲ ਕਰਨ ਦੇ ਪਿੱਛੇ ਕੀ ਵਜ੍ਹਾ ਸੀ ਉਹ ਸਾਹਮਣੇ ਨਹੀਂ ਆਇਆ ਹੈ।
ਉੱਥੇ ਹੀ ਮ੍ਰਿਤਕ ਮਹਿਲਾ ਰਮਨਦੀਪ ਕੌਰ ਦੇ ਪਤੀ ਦੇ ਕਹਿਣਾ ਸੀ ਕਿ ਉਹਨਾਂ ਦੀ ਪਤਨੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ 8 ਵਜੇ ਆਂਗਣਵਾੜੀ ਸੈਂਟਰ ਵਿੱਚ ਗਈ ਸੀ, ਪਰ ਅੱਜ ਜਦੋਂ ਉਹ ਮੰਡੀ ਦੇ ਵਿੱਚ ਆਪਣੇ ਕੰਮ ਉੱਤੇ ਸਨ ਤਾਂ ਉਹਨਾਂ ਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ ਤੇ ਉਹ ਤੁਰੰਤ ਹੀ ਆਂਗਣਵਾੜੀ ਸੈਂਟਰ ਪਹੁੰਚੇ ਅਤੇ ਦੇਖਿਆ ਕਿ ਉਹਨਾਂ ਦੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਘਰ ਵਿੱਚ ਕੋਈ ਲੜਾਈ ਝਗੜਾ ਨਹੀ ਸੀ ਤੇ ਨਾ ਹੀ ਅਜਿਹੀ ਕੋਈ ਗੱਲ ਸੀ ਜਿਸ ਕਰਕੇ ਇਹ ਘਟਨਾ ਵਾਪਰੀ।