Sunday, 11th of October 2026

ਪੰਜਾਬ ਸਰਕਾਰ ਫ਼ਸਲਾਂ ਦੀ ਕਰਵਾਏਗੀ ਵਿਸ਼ੇਸ਼ ਗਿਰਦਾਵਰੀ, CM ਮਾਨ ਦਾ ਐਲਾਨ - ਬਾਰਿਸ਼ ਤੇ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਦੀ ਹੋਵੇਗੀ ਭਰਪਾਈ

Edited By: Lajwinder Kaur | Updated at:
ਪੰਜਾਬ ਸਰਕਾਰ ਫ਼ਸਲਾਂ ਦੀ ਕਰਵਾਏਗੀ ਵਿਸ਼ੇਸ਼ ਗਿਰਦਾਵਰੀ, CM ਮਾਨ ਦਾ ਐਲਾਨ - ਬਾਰਿਸ਼ ਤੇ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਦੀ ਹੋਵੇਗੀ ਭਰਪਾਈ

ਪੰਜਾਬ ਸਰਕਾਰ ਫ਼ਸਲਾਂ ਦੀ ਕਰਵਾਏਗੀ ਵਿਸ਼ੇਸ਼ ਗਿਰਦਾਵਰੀ, CM ਮਾਨ ਦਾ ਐਲਾਨ - ਬਾਰਿਸ਼ ਤੇ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਦੀ ਹੋਵੇਗੀ ਭਰਪਾਈ

ਪੰਜਾਬ ਵਿੱਚ ਪਿਛਲੇ ਦਿਨੀਂ ਹੋਈ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰ ਵੱਲੋਂ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ। ਇਹ ਹੁਕਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਦੇ ਫ਼ਸਲੀ ਨੁਕਸਾਨ ਦਾ ਇੱਕ-ਇੱਕ ਪੈਸਾ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ ਅਤੇ ਸਰਕਾਰ ਹਰ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ।

ਕੈਬਨਿਟ ਮੰਤਰੀ ਖੁੱਡੀਆਂ ਨੇ ਆਖੀ ਇਹ ਗੱਲ

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬੇਮੌਸਮੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਪ੍ਰਭਾਵਿਤ ਹੋਈ ਕਣਕ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ ਅਧਿਕਾਰੀਆਂ ਨੂੰ ਤੁਰੰਤ ਵਿਸ਼ੇਸ਼ ਗਿਰਦਾਵਰੀ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ।

ਮੰਤਰੀ ਗੁਰਮੀਤ ਖੁੱਡੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਗਿਰਦਾਵਰੀ ਦਾ ਕੰਮ ਬਿਨਾਂ ਕਿਸੇ ਦੇਰੀ ਦੇ ਮੁਕੰਮਲ ਕਰਵਾਇਆ ਜਾਵੇਗਾ ਤਾਂ ਜੋ ਪੀੜਤ ਕਿਸਾਨਾਂ ਨੂੰ ਜਲਦ ਤੋਂ ਜਲਦ ਬਣਦਾ ਮੁਆਵਜ਼ਾ ਮਿਲ ਸਕੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਨੇ ਵੀ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਨੁਕਸਾਨ ਦਾ ਜਾਇਜ਼ਾ ਲਿਆ।

ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ

ਦੱਸਣਯੋਗ ਹੈ ਕਿ ਪੰਜਾਬ ਦੇ ਖਾਸ ਕਰਕੇ ਮਾਲਵਾ ਖ਼ਿੱਤੇ ਵਿੱਚ 30-31 ਮਾਰਚ ਨੂੰ ਮੀਂਹ ਅਤੇ ਗੜ੍ਹੇਮਾਰੀ ਨਾਲ ਭਾਰੀ ਨੁਕਸਾਨ ਹੋਇਆ ਹੈ ਅਤੇ ਇਸੇ ਤਰ੍ਹਾਂ ਮਾਝੇ ਅਤੇ ਦੁਆਬਾ ਖੇਤਰ ਵਿੱਚ ਵੀ ਕੁਦਰਤ ਨੇ ਫਸਲਾਂ ਨੂੰ ਮਾਰ ਪਾਈ ਹੈ। ਇਸ ਤੋਂ ਇਲਾਵਾ 3 ਅਪ੍ਰੈਲ ਨੂੰ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਫਸਲ ਨੂੰ ਖਰਾਬ ਕਰ ਦਿੱਤਾ। ਸੂਬੇ ਦੇ ਕਿਸਾਨ ਕੁਦਰਤ ਦੀ ਮਾਰ ਕਰਕੇ ਖਰਾਬ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ। 

ਮੌਸਮ ਦੇ ਬਦਲੇ ਮਿਜ਼ਾਜ ਕਾਰਨ ਕਣਕ ਦੀ ਵਾਢੀ ਵੀ ਲੇਟ ਹੋਣਾ ਸੁਭਾਵਿਕ ਹੈ। ਕਿਸਾਨਾਂ ਲਈ ਖ਼ਤਰਾ ਹਾਲੇ ਟਲਿਆ ਨਹੀਂ ਹੈ। ਪੰਜਾਬ ਵਿੱਚ ਸਭ ਤੋਂ ਵੱਧ ਫ਼ਸਲੀ ਨੁਕਸਾਨ ਜ਼ਿਲ੍ਹਾ ਮੁਕਤਸਰ, ਫਾਜ਼ਿਲਕਾ ਅਤੇ ਬਠਿੰਡਾ ਤੋਂ ਇਲਾਵਾ ਅੰਮ੍ਰਿਤਸਰ ਅਤੇ ਤਰਨ ਤਾਰਨ ਵਿੱਚ ਹੋਇਆ ਹੈ। ਫਸਲ ਦੀ ਪੈਦਾਵਾਰ ਤੇ ਵੀ ਅਸਰ ਪਵੇਗਾ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਵੀ ਦਿੱਕਤ ਆਵੇਗੀ ।