Friday, 26th of June 2026

ਪੰਜਾਬ ਮੰਤਰੀ ਮੰਡਲ ‘ਚ ਵੱਡਾ ਫੇਰਬਦਲ; ਤਿੰਨ ਮੰਤਰੀਆਂ ਨੂੰ ਮਿਲੇ ਨਵੇਂ ਵਿਭਾਗ, ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ ਹੋਇਆ ਬਦਲਾਅ

Edited By: Lajwinder Kaur | Updated at: May 12th 2026 10:35 AM
Trending News
ਪੰਜਾਬ ਮੰਤਰੀ ਮੰਡਲ ‘ਚ ਵੱਡਾ ਫੇਰਬਦਲ; ਤਿੰਨ ਮੰਤਰੀਆਂ ਨੂੰ ਮਿਲੇ ਨਵੇਂ ਵਿਭਾਗ, ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ ਹੋਇਆ ਬਦਲਾਅ

ਪੰਜਾਬ ਮੰਤਰੀ ਮੰਡਲ ‘ਚ ਵੱਡਾ ਫੇਰਬਦਲ; ਤਿੰਨ ਮੰਤਰੀਆਂ ਨੂੰ ਮਿਲੇ ਨਵੇਂ ਵਿਭਾਗ, ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ ਹੋਇਆ ਬਦਲਾਅ

ਪੰਜਾਬ ਦੀ ਸਿਆਸਤ 'ਚ ਪਿਛਲੇ ਕੁੱਝ ਦਿਨਾਂ ਤੋਂ ਵੱਡੀ ਉਥਲ-ਪੁਥਲ ਮੱਚੀ ਹੋਈ ਹੈ। ਹਾਲ ਦੇ ਵਿੱਚ ਹੀ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਹੋਈ, ਜਿਸ ਕਰਕੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮਾਨ ਸਰਕਾਰ ਨੇ ਉਨ੍ਹਾਂ ਦੇ ਵਿਭਾਗਾਂ ਨੂੰ ਤਿੰਨ ਹੋਰ ਮੰਤਰੀਆਂ ਵਿੱਚ ਵੰਡ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਈਡੀ (ED) ਵੱਲੋਂ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਰਿਮਾਂਡ 'ਤੇ ਹਨ। ਉਨ੍ਹਾਂ ਕੋਲ ਤਿੰਨ ਅਹਿਮ ਵਿਭਾਗ ਸਨ, ਜਿਸ ਕਾਰਨ ਪ੍ਰਸ਼ਾਸਨਿਕ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਨ੍ਹਾਂ ਮਹਿਕਮਿਆਂ ਦੀ ਜ਼ਿੰਮੇਵਾਰੀ ਹੁਣ ਦੂਜੇ ਮੰਤਰੀਆਂ ਨੂੰ ਸੌਂਪ ਦਿੱਤੀ ਗਈ ਹੈ।

ਹੁਣ ਤਰੁਣਪ੍ਰੀਤ ਸੌਂਦ ਸੰਭਾਲਣਗੇ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ

ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਜੋ ਮੌਜੂਦਾ ਸਮੇਂ ਵਿੱਚ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਅਤੇ ਕਿਰਤ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ, ਨੂੰ ਹੁਣ ਬਿਜਲੀ ਵਿਭਾਗ ਦਾ ਚਾਰਜ ਦਿੱਤਾ ਗਿਆ ਹੈ। ਮਾਰਚ 2022 ਵਿੱਚ ਸਰਕਾਰ ਦੇ ਗਠਨ ਸਮੇਂ ਬਿਜਲੀ ਵਿਭਾਗ ਹਰਭਜਨ ਸਿੰਘ ਈ.ਟੀ.ਓ. ਨੂੰ ਸੌਂਪਿਆ ਗਿਆ ਸੀ, ਜਿਨ੍ਹਾਂ ਨੇ ਅਗਸਤ 2025 ਤੱਕ ਇਸ ਅਹੁਦੇ 'ਤੇ ਸੇਵਾ ਨਿਭਾਈ। ਇਸ ਤੋਂ ਬਾਅਦ 18 ਅਗਸਤ 2025 ਨੂੰ ਹੋਏ ਕੈਬਨਿਟ ਫੇਰਬਦਲ ਦੌਰਾਨ ਇਹ ਵਿਭਾਗ ਉਨ੍ਹਾਂ ਤੋਂ ਵਾਪਸ ਲੈ ਕੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਸੀ, ਜੋ ਹੁਣ (ਮਈ 2026) ਤੱਕ ਬਿਜਲੀ ਮੰਤਰੀ ਦੇ ਅਹੁਦੇ 'ਤੇ ਰਹੇ। ਹੁਣ ਸਰਕਾਰ ਨੇ ਇਹ ਅਹਿਮ ਜ਼ਿੰਮੇਵਾਰੀ ਤਰੁਣਪ੍ਰੀਤ ਸਿੰਘ ਸੌਂਦ ਨੂੰ ਸੌਂਪ ਦਿੱਤੀ ਹੈ।

ਸਥਾਨਕ ਸਰਕਾਰਾਂ (ਲੋਕਲ ਬਾਡੀ) ਵਿਭਾਗ ਵਿੱਚ 7ਵੀਂ ਵਾਰ ਫੇਰਬਦਲ

ਹਰਜੋਤ ਸਿੰਘ ਬੈਂਸ, ਜੋ ਕਿ ਮੁੱਖ ਤੌਰ 'ਤੇ ਸਕੂਲ ਸਿੱਖਿਆ, ਉੱਚ ਸਿੱਖਿਆ ਤੇ ਭਾਸ਼ਾ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਨ, ਹੁਣ ਉਨ੍ਹਾਂ ਨੂੰ ਲੋਕਲ ਬਾਡੀ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਦੱਸਣਯੋਗ ਹੈ ਕਿ 16 ਮਾਰਚ 2022 ਨੂੰ ਸਰਕਾਰ ਦੇ ਗਠਨ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਵਿਭਾਗ ਦੀ ਕਮਾਨ ਸੰਭਾਲੀ ਸੀ। ਇਸ ਤੋਂ ਬਾਅਦ 5 ਜੁਲਾਈ 2022 ਨੂੰ ਕੈਬਨਿਟ ਦੇ ਪਹਿਲੇ ਵਿਸਥਾਰ ਦੌਰਾਨ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਿਯੁਕਤ ਕੀਤਾ ਗਿਆ ਸੀ।

ਲਗਭਗ 11 ਮਹੀਨਿਆਂ ਬਾਅਦ, ਉਨ੍ਹਾਂ ਦੇ ਅਸਤੀਫ਼ੇ 'ਤੇ 31 ਮਈ 2023 ਨੂੰ ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਤੋਂ ਬਾਅਦ ਸਤੰਬਰ 2024 ਵਿੱਚ ਹੋਏ ਇੱਕ ਵੱਡੇ ਫੇਰਬਦਲ ਦੌਰਾਨ, 23 ਸਤੰਬਰ 2024 ਨੂੰ ਸ਼ਾਮ ਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਸਿੰਘ ਨੂੰ ਨਵਾਂ ਸਥਾਨਕ ਸਰਕਾਰਾਂ (ਲੋਕਲ ਬਾਡੀ) ਮੰਤਰੀ ਬਣਾਇਆ ਗਿਆ ਸੀ।

ਹਾਲ ਹੀ ਵਿੱਚ 8 ਜਨਵਰੀ 2026 ਨੂੰ ਹੋਏ ਤਾਜ਼ਾ ਫੇਰਬਦਲ ਦੌਰਾਨ ਇਹ ਵਿਭਾਗ ਸੰਜੀਵ ਅਰੋੜਾ ਨੂੰ ਸੌਂਪਿਆ ਗਿਆ ਸੀ, ਜੋ ਆਪਣੀ ਗ੍ਰਿਫ਼ਤਾਰੀ ਤੱਕ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।

ਉਦਯੋਗ ਅਤੇ ਵਣਜ ਵਿਭਾਗ ਵਿੱਚ ਚੌਥੀ ਵਾਰ ਬਦਲਾਅ

ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਦੇ ਉਦਯੋਗ ਅਤੇ ਵਣਜ (Industries & Commerce) ਅਤੇ ਨਿਵੇਸ਼ ਪ੍ਰੋਤਸਾਹਨ ਵਿਭਾਗ ਵਿੱਚ ਕਈ ਵੱਡੇ ਪ੍ਰਸ਼ਾਸਨਿਕ ਫੇਰਬਦਲ ਹੋਏ ਹਨ। ਸਰਕਾਰ ਦੇ ਸ਼ੁਰੂਆਤੀ ਦੌਰ (ਮਾਰਚ 2022) ਵਿੱਚ ਇਹ ਵਿਭਾਗ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਸੀ। ਇਸ ਤੋਂ ਬਾਅਦ ਹੋਏ ਕੈਬਨਿਟ ਵਿਸਥਾਰ ਦੌਰਾਨ ਅਨਮੋਲ ਗਗਨ ਮਾਨ ਨੂੰ ਇਸ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ, ਜਿਨ੍ਹਾਂ ਨੇ ਸਤੰਬਰ 2024 ਤੱਕ ਇਸ ਅਹੁਦੇ ਨੂੰ ਸੰਭਾਲਿਆ।

ਸਤੰਬਰ 2024 ਵਿੱਚ ਹੋਏ ਵੱਡੇ ਫੇਰਬਦਲ ਦੌਰਾਨ ਅਨਮੋਲ ਗਗਨ ਮਾਨ ਨੂੰ ਕੈਬਨਿਟ ਵਿੱਚੋਂ ਹਟਾ ਦਿੱਤਾ ਗਿਆ ਅਤੇ ਇਹ ਵਿਭਾਗ ਤਰੁਣਪ੍ਰੀਤ ਸਿੰਘ ਨੂੰ ਸੌਂਪਿਆ ਗਿਆ ਸੀ। ਇਸ ਤੋਂ ਬਾਅਦ ਜੁਲਾਈ 2025 ਵਿੱਚ ਇੱਕ ਹੋਰ ਅਹਿਮ ਬਦਲਾਅ ਹੋਇਆ, ਜਦੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਨੂੰ ਕੈਬਨਿਟ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਉਦਯੋਗ, ਨਿਵੇਸ਼ ਪ੍ਰੋਤਸਾਹਨ ਅਤੇ ਐੱਨ.ਆਰ.ਆਈ. ਮਾਮਲਿਆਂ ਦਾ ਮੰਤਰੀ ਬਣਾਇਆ ਗਿਆ। ਹੁਣ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਜ਼ਿੰਮੇਵਾਰੀ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੌਂਪ ਦਿੱਤੀ ਗਈ ਹੈ।

ਕੈਬਨਿਟ ਵਿੱਚ ਹੁਣ ਦੋ ਅਹੁਦੇ ਖਾਲੀ

11 ਮਈ 2026 ਤੱਕ ਪੰਜਾਬ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਮੇਤ ਕੁੱਲ 16 ਮੰਤਰੀ ਕੰਮ ਕਰ ਰਹੇ ਹਨ। ਸੰਵਿਧਾਨਕ ਨਿਯਮਾਂ ਅਨੁਸਾਰ ਪੰਜਾਬ ਵਿੱਚ ਵੱਧ ਤੋਂ ਵੱਧ 18 ਮੰਤਰੀ ਹੋ ਸਕਦੇ ਹਨ, ਜਿਸ ਕਾਰਨ ਅਜੇ ਵੀ ਦੋ ਅਹੁਦੇ ਖਾਲੀ ਪਏ ਹਨ। ਸਰਕਾਰ ਦੇ ਸਭ ਤੋਂ ਪ੍ਰਭਾਵਸ਼ਾਲੀ ਮੰਤਰੀਆਂ ਵਿੱਚ ਹਰਪਾਲ ਸਿੰਘ ਚੀਮਾ ਦਾ ਨਾਂ ਸ਼ਾਮਲ ਹੈ, ਜੋ ਵਿੱਤ, ਆਬਕਾਰੀ ਤੇ ਕਰ ਅਤੇ ਯੋਜਨਾਬੰਦੀ ਵਰਗੇ ਅਹਿਮ ਵਿਭਾਗ ਸੰਭਾਲ ਰਹੇ ਹਨ ਅਤੇ ਉਨ੍ਹਾਂ ਨੂੰ ਕੈਬਨਿਟ ਵਿੱਚ ਪ੍ਰਮੁੱਖ ਭੂਮਿਕਾ ਵਾਲਾ ਮੰਤਰੀ ਮੰਨਿਆ ਜਾਂਦਾ ਹੈ।

ਉੱਥੇ ਹੀ ਅਮਨ ਅਰੋੜਾ ਵੀ ਇੱਕ ਅਹਿਮ ਮੰਤਰੀ ਹਨ, ਜਿਨ੍ਹਾਂ ਨੂੰ ਉਦਯੋਗ ਅਤੇ ਵਣਜ ਤੇ ਨਿਵੇਸ਼ ਪ੍ਰੋਤਸਾਹਨ ਵਿਭਾਗ ਦੇ ਨਾਲ-ਨਾਲ ਨਵੀਂ ਅਤੇ ਨਵਿਆਉਣਯੋਗ ਊਰਜਾ (ਨਿਊ ਐਂਡ ਰੀਨਿਊਏਬਲ ਐਨਰਜੀ) ਅਤੇ ਪ੍ਰਸ਼ਾਸਨਿਕ ਸੁਧਾਰਾਂ ਵਰਗੇ ਮਹੱਤਵਪੂਰਨ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Punjabi Shorts

Latest News