Sunday, 11th of October 2026

ਅਕਾਲੀ ਦਲ ਪੁਨਰ ਸੁਰਜੀਤ 'ਚ ਵੱਡਾ ਸਿਆਸੀ ਭੂਚਾਲ: ਇੱਕ ਝਟਕੇ ‘ਚ ਕਈ ਅਹਿਮ ਆਗੂਆਂ ਨੇ ਇਕੱਠੇ ਦਿੱਤੇ ਅਸਤੀਫ਼ੇ!

Edited By: Lajwinder Kaur | Updated at:
ਅਕਾਲੀ ਦਲ ਪੁਨਰ ਸੁਰਜੀਤ 'ਚ ਵੱਡਾ ਸਿਆਸੀ ਭੂਚਾਲ: ਇੱਕ ਝਟਕੇ ‘ਚ ਕਈ ਅਹਿਮ ਆਗੂਆਂ ਨੇ ਇਕੱਠੇ ਦਿੱਤੇ ਅਸਤੀਫ਼ੇ!

ਅਕਾਲੀ ਦਲ ਪੁਨਰ ਸੁਰਜੀਤ 'ਚ ਵੱਡਾ ਸਿਆਸੀ ਭੂਚਾਲ: ਇੱਕ ਝਟਕੇ ‘ਚ ਕਈ ਅਹਿਮ ਆਗੂਆਂ ਨੇ ਇਕੱਠੇ ਦਿੱਤੇ ਅਸਤੀਫ਼ੇ!

ਪੰਜਾਬ ਦੇ ਸਿਆਸੀ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। 'ਅਕਾਲੀ ਦਲ ਪੁਨਰ ਸੁਰਜੀਤ' ਵਿੱਚ ਉਸ ਵੇਲੇ ਵੱਡਾ ਸਿਆਸੀ ਭੂਚਾਲ ਆ ਗਿਆ, ਜਦੋਂ ਜ਼ਿਲ੍ਹਾ ਫਰੀਦਕੋਟ ਦੀ ਜੱਥੇਬੰਦੀ ਨਾਲ ਜੁੜੇ ਕਈ ਅਹਿਮ ਅਤੇ ਸੀਨੀਅਰ ਆਗੂਆਂ ਨੇ ਇਕੱਠੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ। ਆਗੂਆਂ ਵੱਲੋਂ ਲਏ ਗਏ ਇਸ ਅਚਾਨਕ ਫੈਸਲੇ ਨੇ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਖੁੱਲ੍ਹੇਆਮ ਸਾਹਮਣੇ ਲਿਆ ਦਿੱਤਾ ਹੈ ਅਤੇ ਰਾਜਨੀਤਿਕ ਗਲਿਆਰਿਆਂ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।

ਅਸਤੀਫ਼ਾ ਦੇਣ ਵਾਲਿਆਂ ਵਿੱਚ ਸ਼ਾਮਲ ਹਨ ਇਹ ਵੱਡੇ ਨਾਮ

ਇਹ ਸਾਰੇ ਅਸਤੀਫੇ ਸਮੂਹ ਸਟੇਟ ਡੈਲੀਗੇਟ ਦੇ ਨਾਮ ਭੇਜੇ ਗਏ ਹਨ। ਅਸਤੀਫ਼ਾ ਦੇਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਹੇਠ ਲਿਖੇ ਨਾਮ ਸ਼ਾਮਲ ਹਨ:

ਐਡਵੋਕੇਟ ਜੋਗਿੰਦਰ ਸਿੰਘ ਬਰਾੜ (ਲੀਗਲ ਸੈੱਲ)

ਐਡਵੋਕੇਟ ਕਰਮਜੀਤ ਸਿੰਘ ਭੰਗੇਵਾਲਾ (ਲੀਗਲ ਸੈੱਲ)

ਲਾਲਜੀਤ ਸਿੰਘ ਜਟਾਣਾ ਝੋਟੀਵਾਲਾ (ਜ਼ਿਲ੍ਹਾ ਜਨਰਲ ਸਕੱਤਰ)

ਬਲਦੇਵ ਸਿੰਘ ਨੰਬਰਦਾਰ (ਮੀਤ ਪ੍ਰਧਾਨ ਸ਼ਹਿਰੀ)

ਅਮਰਦੀਪ ਸਿੰਘ ਬਰਾੜ (ਸਰਕਲ ਪ੍ਰਧਾਨ ਕੋਟਕਪੂਰਾ ਸ਼ਹਿਰੀ)

ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ 'ਤੇ ਲਾਏ ਗੰਭੀਰ ਦੋਸ਼

ਸਮੂਹਿਕ ਤੌਰ ‘ਤੇ ਜਾਰੀ ਕੀਤੇ ਗਏ ਆਪਣੇ ਬਿਆਨ ਵਿੱਚ ਇਨ੍ਹਾਂ ਆਗੂਆਂ ਨੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਦੋਸ਼ ਲਗਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਖੁਦ 2 ਦਸੰਬਰ ਦੇ ਹੁਕਮਨਾਮੇ ਤੋਂ ਭਗੌੜੇ ਬਣੇ ਹੋਏ ਹਨ ਅਤੇ ਨਿੱਜੀ ਲਾਭ ਲਈ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।

ਆਗੂਆਂ ਨੇ ਕਿਹਾ ਕਿ ਜਿਸ ਪੰਥਕ ਵਿਚਾਰਧਾਰਾ ਅਤੇ ਸਿਧਾਂਤਾਂ ਦੇ ਆਧਾਰ ‘ਤੇ ਇਸ ਨਵੀਂ ਸਿਆਸੀ ਲਹਿਰ ਦੀ ਸ਼ੁਰੂਆਤ ਕੀਤੀ ਗਈ ਸੀ, ਹੁਣ ਪਾਰਟੀ ਉਨ੍ਹਾਂ ਸਿਧਾਂਤਾਂ ਤੋਂ ਦੂਰ ਹੋ ਰਹੀ ਹੈ। ਪਾਰਟੀ ਅੰਦਰ ਸਿਧਾਂਤਕ ਪੱਖ ਨੂੰ ਪਿੱਛੇ ਛੱਡ ਕੇ ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਕਾਰਨ ਵਰਕਰਾਂ ਵਿੱਚ ਭਾਰੀ ਨਾਰਾਜ਼ਗੀ ਹੈ।

ਆਗੂਆਂ ਵੱਲੋਂ ਕੀਤੀ ਗਈ ਇਹ ਮੁੱਖ ਮੰਗ

ਅਸਤੀਫ਼ਾ ਦੇਣ ਵਾਲੇ ਆਗੂਆਂ ਨੇ ਮੰਗ ਕੀਤੀ ਹੈ ਕਿ:

ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਜਾਵੇ।

ਪੰਜ ਮੈਂਬਰੀ ਭਰਤੀ ਕਮੇਟੀ ਨੂੰ ਸੰਗਤ ਦੀਆਂ ਭਾਵਨਾਵਾਂ ਅਤੇ ਪੰਥਕ ਸੋਚ ਨੂੰ ਧਿਆਨ ਵਿੱਚ ਰੱਖਦਿਆਂ ਹੀ ਅਗਲਾ ਕੋਈ ਫੈਸਲਾ ਕਰਨਾ ਚਾਹੀਦਾ ਹੈ।

ਆਗੂਆਂ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਲੱਖਾਂ ਸ਼ਹਾਦਤਾਂ ਅਤੇ ਕੁਰਬਾਨੀਆਂ ਵਿੱਚੋਂ ਨਿਕਲੀ ਪੰਥ ਦੀ ਨੁਮਾਇੰਦਾ ਜਮਾਤ ਹੈ, ਪਰ ਕੁਝ ਲੋਕ ਆਪਣੇ ਨਿੱਜੀ ਸਵਾਰਥਾਂ ਲਈ ਇਸ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸੇ ਇੱਕ ਵਿਅਕਤੀ ਖ਼ਿਲਾਫ਼ ਨਹੀਂ, ਸਗੋਂ ਸਿਧਾਂਤਾਂ ਦੀ ਲੜਾਈ ਹੈ ਅਤੇ ਉਹ ਪੰਜਾਬ ਦੇ ਹੱਕਾਂ ਲਈ ਪਹਿਲਾਂ ਵਾਂਗ ਹੀ ਡਟੇ ਰਹਿਣਗੇ।

ਇਸ ਘਟਨਾ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਅੰਦਰ ਕੁਝ ਹੋਰ ਵੱਡੇ ਫੇਰਬਦਲ ਜਾਂ ਫੈਸਲੇ ਦੇਖਣ ਨੂੰ ਮਿਲ ਸਕਦੇ ਹਨ।

ਇਸ ਨਾਮੀ ਆਗੂ ਨੇ ਵੀ ਛੱਡੀ ਪਾਰਟੀ

ਦੱਸ ਦਈਏ  ਮਨਪ੍ਰੀਤ ਸਿੰਘ ਇਆਲੀ ਵੱਲੋਂ ਹਾਲ ਦੇ ਵਿੱਚ ‘ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ’ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ, ਜਿਸ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਗਈ। ਉਨ੍ਹਾਂ ਨੇ ਆਪਣਾ ਵੀਡੀਓ ਸੁਨੇਹਾ ਜਾਰੀ ਕਰਦੇ ਹੋਏ ਕਿਹਾ ਸੀ ਕਿ ਭਵਿੱਖ ਵਿੱਚ ਕਦੇ ਵੀ ਬੀ.ਜੇ.ਪੀ, ਬਾਦਲ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਬਣਾਂਗਾ। ਪੰਥ, ਪੰਜਾਬ,ਪੰਜਾਬੀਅਤ ਤੇ ਕੌਮ ਦੀ ਚੜ੍ਹਦੀ ਕਲਾ ਲਈ ਪੰਥਕ ਧਿਰ ਨਾਲ ਰਲ ਕੇ ਕੰਮ ਕਰਾਂਗਾ।