Friday, 9th of October 2026

ਭੂਚਾਲ ਦੇ ਝਟਕਿਆਂ ਨਾਲ ਕੰਬਿਆ ਉੱਤਰ ਭਾਰਤ; ਪੰਜਾਬ ਤੇ ਚੰਡੀਗੜ੍ਹ 'ਚ ਵੀ ਮਹਿਸੂਸ ਹੋਏ ਝਟਕੇ, ਜਾਣੋ ਕਿੰਨੀ ਸੀ ਤੀਬਰਤਾ

Edited By: Lajwinder Kaur | Updated at:
ਭੂਚਾਲ ਦੇ ਝਟਕਿਆਂ ਨਾਲ ਕੰਬਿਆ ਉੱਤਰ ਭਾਰਤ; ਪੰਜਾਬ ਤੇ ਚੰਡੀਗੜ੍ਹ 'ਚ ਵੀ ਮਹਿਸੂਸ ਹੋਏ ਝਟਕੇ, ਜਾਣੋ ਕਿੰਨੀ ਸੀ ਤੀਬਰਤਾ

ਭੂਚਾਲ ਦੇ ਝਟਕਿਆਂ ਨਾਲ ਕੰਬਿਆ ਉੱਤਰ ਭਾਰਤ; ਪੰਜਾਬ ਤੇ ਚੰਡੀਗੜ੍ਹ 'ਚ ਵੀ ਮਹਿਸੂਸ ਹੋਏ ਝਟਕੇ, ਜਾਣੋ ਕਿੰਨੀ ਸੀ ਤੀਬਰਤਾ

ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸ਼ੁੱਕਰਵਾਰ ਰਾਤ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਾਤ 9:46 ਵਜੇ ਆਏ ਇਸ ਭੂਚਾਲ ਕਾਰਨ ਲੋਕ ਦਹਿਸ਼ਤ ਵਿੱਚ ਆ ਗਏ ਅਤੇ ਤੁਰੰਤ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਭੂਚਾਲ ਇੰਨਾ ਜ਼ੋਰਦਾਰ ਸੀ ਕਿ ਘਰਾਂ ਵਿੱਚ ਲੱਗੇ ਪੱਖੇ ਅਤੇ ਝੂਮਰ ਹਿੱਲਣ ਲੱਗ ਪਏ, ਜਿਸ ਦੀਆਂ ਵੀਡੀਓਜ਼ ਵੀ ਕਈ ਲੋਕਾਂ ਨੇ ਆਪਣੇ ਮੋਬਾਈਲ ਵਿੱਚ ਕੈਦ ਕੀਤੀਆਂ।

ਪਠਾਨਕੋਟ ਦੇ ਭੁੱਲਾ ਚੌਕ ਬਾਜ਼ਾਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਘਰ ਵਿੱਚ ਲਟਕ ਰਹੇ ਤਾਲੇ ਤੇਜ਼ੀ ਨਾਲ ਹਿੱਲਦੇ ਦਿਖਾਈ ਦੇ ਰਹੇ ਹਨ; ਇਹ ਵੀਡੀਓ ਘਰ ਦੇ ਮਾਲਕ ਅਨਮੋਲ ਸ਼ਰਮਾ ਵੱਲੋਂ ਬਣਾਈ ਗਈ। ਹਾਲਾਂਕਿ, ਅਜੇ ਤੱਕ ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਪੰਜਾਬ ਦੇ ਗੁਆਂਢੀ ਸੂਬਿਆਂ 'ਚ ਵੀ ਝਟਕੇ ਹੋਏ ਮਹਿਸੂਸ

ਭੂਚਾਲ ਦੇ ਇਹ ਝਟਕੇ ਸਿਰਫ਼ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਤੱਕ ਹੀ ਸੀਮਤ ਨਹੀਂ ਰਹੇ, ਸਗੋਂ ਉੱਤਰਾਖੰਡ, ਹਰਿਆਣਾ, ਦਿੱਲੀ ਅਤੇ ਜੰਮੂ-ਕਸ਼ਮੀਰ ਵਿੱਚ ਵੀ ਇਨ੍ਹਾਂ ਦੀ ਗੂੰਜ ਸੁਣਾਈ ਦਿੱਤੀ। ਮੌਸਮ ਵਿਭਾਗ ਅਤੇ ਭੂ-ਵਿਗਿਆਨਕ ਅੰਕੜਿਆਂ ਅਨੁਸਾਰ, ਇਸ ਭੂਚਾਲ ਦਾ ਮੁੱਖ ਕੇਂਦਰ ਅਫ਼ਗਾਨਿਸਤਾਨ ਦਾ ਹਿੰਦੂਕੁਸ਼ ਖੇਤਰ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.9 ਮਾਪੀ ਗਈ ਹੈ, ਜਿਸ ਕਾਰਨ ਇੰਨੇ ਵੱਡੇ ਖੇਤਰ ਵਿੱਚ ਲੋਕਾਂ ਨੇ ਝਟਕੇ ਮਹਿਸੂਸ ਕੀਤੇ।

ਭੂਚਾਲ ਦੇ ਪ੍ਰਭਾਵ ਵਜੋਂ ਮੋਹਾਲੀ ਵਿੱਚ ਇੱਕ ਘਰ ਅੰਦਰ ਲੱਗਾ ਝੂਮਰ ਤੇਜ਼ੀ ਨਾਲ ਹਿੱਲਦਾ ਦੇਖਿਆ ਗਿਆ, ਜਿਸ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ।

ਕਿਉਂ ਆਉਂਦਾ ਭੂਚਾਲ

ਜੇਕਰ ਗੱਲ ਕਰੀਏ ਕਿ ਭੂਚਾਲ ਕਿਉਂ ਆਉਂਦਾ ਹੈ, ਤਾਂ ਸਾਡੀ ਧਰਤੀ ਦੀ ਸਤਹ ਮੁੱਖ ਤੌਰ 'ਤੇ 7 ਵੱਡੀਆਂ ਅਤੇ ਕਈ ਛੋਟੀਆਂ ਟੈਕਟੋਨਿਕ ਪਲੇਟਾਂ (Tectonic Plates) ਤੋਂ ਮਿਲ ਕੇ ਬਣੀ ਹੋਈ ਹੈ।

ਇਹ ਪਲੇਟਾਂ ਧਰਤੀ ਦੇ ਅੰਦਰ ਲਗਾਤਾਰ ਤੈਰਦੀਆਂ ਰਹਿੰਦੀਆਂ ਹਨ ਅਤੇ ਕਈ ਵਾਰ ਆਪਸ ਵਿੱਚ ਟਕਰਾ ਜਾਂਦੀਆਂ ਹਨ। ਇਸ ਟਕਰਾਅ ਕਾਰਨ ਪਲੇਟਾਂ ਦੇ ਕੋਨੇ ਮੁੜ ਜਾਂਦੇ ਹਨ ਅਤੇ ਜਦੋਂ ਦਬਾਅ ਜ਼ਿਆਦਾ ਵੱਧ ਜਾਂਦਾ ਹੈ, ਤਾਂ ਇਹ ਪਲੇਟਾਂ ਟੁੱਟਣ ਲੱਗਦੀਆਂ ਹਨ। ਅਜਿਹੀ ਸਥਿਤੀ ਵਿੱਚ ਅੰਦਰੂਨੀ ਊਰਜਾ ਬਾਹਰ ਨਿਕਲਣ ਦਾ ਰਸਤਾ ਲੱਭਦੀ ਹੈ, ਜਿਸ ਕਾਰਨ ਧਰਤੀ ਵਿੱਚ ਹਲਚਲ ਪੈਦਾ ਹੁੰਦੀ ਹੈ ਅਤੇ ਸਾਨੂੰ ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹਨ।