Sunday, 18th of January 2026

LUDHIANA: ਪੁਲਿਸ ਨੇ ਵਿਦੇਸ਼ੀ ਪਿਸਤੌਲ ਸਣੇ ਗੋਲਡੀ ਬਰਾੜ ਦੇ ਗੁਰਗੇ ਕੀਤੇ ਕਾਬੂ

Reported by: GTC News Desk  |  Edited by: Gurjeet Singh  |  January 18th 2026 01:11 PM  |  Updated: January 18th 2026 01:12 PM
LUDHIANA: ਪੁਲਿਸ ਨੇ ਵਿਦੇਸ਼ੀ ਪਿਸਤੌਲ ਸਣੇ ਗੋਲਡੀ ਬਰਾੜ ਦੇ ਗੁਰਗੇ ਕੀਤੇ ਕਾਬੂ

LUDHIANA: ਪੁਲਿਸ ਨੇ ਵਿਦੇਸ਼ੀ ਪਿਸਤੌਲ ਸਣੇ ਗੋਲਡੀ ਬਰਾੜ ਦੇ ਗੁਰਗੇ ਕੀਤੇ ਕਾਬੂ

ਲੁਧਿਆਣਾ: -  ਪੁਲਿਸ ਕਮਿਸ਼ਨਰੇਟ ਨੇ ਸੰਗਠਿਤ ਅਪਰਾਧ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਗੋਲਡੀ ਬਰਾੜ ਨਾਲ ਜੁੜੇ ਹਥਿਆਰ ਸਪਲਾਈ ਅਤੇ ਜਬਰਨ ਉਗਰਾਹੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਤਿੰਨ ਹਫ਼ਤਿਆਂ ਤੱਕ ਚੱਲੀ ਲਗਾਤਾਰ ਕਾਰਵਾਈ ਦੌਰਾਨ ਪੁਲਿਸ ਨੇ 10 ਸ਼ੂਟਰਾਂ ਅਤੇ ਸਪਲਾਇਰਾਂ ਨੂੰ ਗ੍ਰਿਫ਼ਤਾਰ ਕਰਕੇ 12 ਅਤਿਆਧੁਨਿਕ ਹਥਿਆਰ ਬਰਾਮਦ ਕੀਤੇ ਹਨ।

ਵਿਦੇਸ਼ੀ ਹਥਿਆਰਾਂ ਦਾ ਜ਼ਖੀਰਾ ਬਰਾਮਦ

ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਾਣਕਾਰੀ ਸਾਂਝੀ ਕੀਤੀ। ਪੁਲਿਸ ਵੱਲੋਂ ਦੋ ਆਸਟ੍ਰੀਅਨ ਗਲੌਕ ਪਿਸਟਲਾਂ ਸਮੇਤ 10 ਹੋਰ ਅਤਿਆਧੁਨਿਕ ਹਥਿਆਰ ਜ਼ਬਤ ਕੀਤੇ ਗਏ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਪੰਜਾਬ ਵਿੱਚ ਗੈਰਕਾਨੂੰਨੀ ਹਥਿਆਰ ਤਸਕਰੀ, ਜਬਰੀ ਵਸੂਲੀ ਅਤੇ ਸੁਪਾਰੀ ਕਿਲਿੰਗ ਵਰਗੀਆਂ ਅਪਰਾਧਕ ਗਤੀਵਿਧੀਆਂ ਵਿੱਚ ਸਰਗਰਮ ਸੀ। ਗਿਰੋਹ ਰਾਜ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਸਾਜ਼ਿਸ਼ ਰਚ ਰਿਹਾ ਸੀ।

16 ਦਿਨਾਂ ਦੀ ਮਿਹਨਤ ਤੋਂ ਬਾਅਦ ਮਿਲੀ ਸਫ਼ਲਤਾ

ਵਿਸ਼ੇਸ਼ ਗੱਲ ਇਹ ਹੈ ਕਿ ਇਸ ਗਿਰੋਹ ਦੇ ਮੈਂਬਰਾਂ ਨੂੰ ਪੁਲਿਸ ਨੇ ਕਰੀਬ 16 ਦਿਨ ਪਹਿਲਾਂ ਕਾਬੂ ਕਰ ਲਿਆ ਸੀ, ਜਿਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਹੁਣ ਵੱਡੀ ਬਰਾਮਦਗੀ ਹੋਈ ਹੈ। ਸਾਰੇ ਮਾਮਲੇ ਦੀ ਕੜੀ ਜੋੜਨ ਤੋਂ ਬਾਅਦ ਡੀਜੀਪੀ ਨੇ ਹੁਣ ਆਪਣੇ 'ਐਕਸ' (Twitter) ਖਾਤੇ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ।

BNS ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ

ਪੁਲਿਸ ਨੇ ਸਾਰੇ ਆਰੋਪੀਆਂ ਖ਼ਿਲਾਫ਼ BNS ਅਤੇ ਆਰਮਜ਼ ਐਕਟ ਦੀਆਂ ਸੰਬੰਧਤ ਧਾਰਾਵਾਂ ਤਹਿਤ ਐਫ਼ਆਈਆਰ ਦਰਜ ਕਰ ਲਈ ਹੈ। ਗਿਰੋਹ ਦੇ ਬਾਕੀ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਪੰਜਾਬ ਪੁਲਿਸ ਨੇ ਦੁਹਰਾਇਆ ਹੈ ਕਿ ਰਾਜ ਤੋਂ ਗੈਂਗਸਟਰ ਨੈੱਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਉਹ ਪੱਕੀ ਤਰ੍ਹਾਂ ਵਚਨਬੱਧ ਹੈ ਅਤੇ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ।