Trending:
ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਖੇਤਰ ਦੇ ਬਲਾਕ ਸਿੱਧਵਾਂ ਬੇਟ ਅਧੀਨ ਪੈਂਦੇ ਪਿੰਡ ਸ਼ੇਰੇਵਾਲ ਵਿੱਚ ਨਸ਼ਿਆਂ ਨੇ ਇੱਕ ਪੂਰੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ। ਪਿੰਡ ਦੇ 25 ਸਾਲਾ ਨੌਜਵਾਨ ਜਸਵੀਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਦੋਂ ਸਾਡੀ ਟੀਮ ਮ੍ਰਿਤਕ ਦੇ ਘਰ ਪਹੁੰਚੀ ਤਾਂ ਘਰ ਦੀ ਮਾਲੀ ਅਤੇ ਸਮਾਜਿਕ ਹਾਲਤ ਬਹੁਤ ਹੀ ਤਰਸਯੋਗ ਨਜ਼ਰ ਆਈ। ਸਭ ਤੋਂ ਦੁੱਖਦਾਈ ਗੱਲ ਇਹ ਸਾਹਮਣੇ ਆਈ ਕਿ ਇਸੇ ਘਰ ਵਿੱਚ ਜਸਵੀਰ ਸਿੰਘ ਤੋਂ ਪਹਿਲਾਂ ਉਸਦੇ ਪੰਜ ਭਰਾ ਅਤੇ ਪਿਤਾ ਵੀ ਨਸ਼ਿਆਂ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ।
ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਮੁਤਾਬਕ, ਮ੍ਰਿਤਕ ਦੇ ਪਿਤਾ ਮੁਖਤਿਆਰ ਸਿੰਘ ਦੀ ਸਾਲ 2012 ਵਿੱਚ ਜ਼ਿਆਦਾ ਸ਼ਰਾਬ ਪੀਣ ਕਾਰਨ ਨਸ਼ੇ ਦੀ ਹਾਲਤ ਵਿੱਚ ਹਾਦਸੇ ਦੌਰਾਨ ਮੌਤ ਹੋ ਗਈ ਸੀ। ਉਸੇ ਸਾਲ ਪਰਿਵਾਰ ਦੇ ਇੱਕ ਹੋਰ ਪੁੱਤਰ ਦੀ ਵੀ ਨਸ਼ਿਆਂ ਕਾਰਨ ਮੌਤ ਹੋਈ। ਇਸ ਤੋਂ ਬਾਅਦ ਸਾਲ 2021 ਤੋਂ ਲੈ ਕੇ ਜਨਵਰੀ 2026 ਤੱਕ ਮੁਖਤਿਆਰ ਸਿੰਘ ਦੇ ਪੰਜ ਹੋਰ ਪੁੱਤਰ ਇੱਕ-ਇੱਕ ਕਰਕੇ ਨਸ਼ਿਆਂ ਦੀ ਭੇਟ ਚੜ੍ਹ ਗਏ। ਹੁਣ ਇਸ ਪਰਿਵਾਰ ਵਿੱਚ ਸਿਰਫ਼ ਬਜ਼ੁਰਗ ਮਾਂ ਹੀ ਬਚੀ ਹੈ, ਜੋ ਆਪਣੀਆਂ ਦੋ ਨੂੰਹਾਂ, ਦੋ ਪੋਤਿਆਂ ਅਤੇ ਇੱਕ ਪੋਤੀ ਸਮੇਤ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰ ਰਹੀ ਹੈ।
ਪਰਿਵਾਰ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਇਲਾਕੇ ਵਿੱਚ ਨਸ਼ਾ ਖੁੱਲ੍ਹੇਆਮ ਵਿਕਦਾ ਹੈ ਅਤੇ ਪੁਲਿਸ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਲਾਪਰਵਾਹੀ ਕਾਰਨ ਹਰ ਰੋਜ਼ ਕਿਸੇ ਨਾ ਕਿਸੇ ਦੀ ਜਾਨ ਜਾ ਰਹੀ ਹੈ। ਜਸਵੀਰ ਸਿੰਘ ਦੀ ਮੌਤ ਤੋਂ ਬਾਅਦ ਪੁਲਿਸ ਨੇ ਇੱਕ ਔਰਤ ਸਮੇਤ ਇੱਕ ਹੋਰ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ, ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

ਇਸ ਮਾਮਲੇ ਸਬੰਧੀ ਜਦੋਂ ਗਿੱਦੜਵਿੰਡੀ ਪੁਲਿਸ ਚੌਂਕੀ ਦੇ ਇੰਚਾਰਜ ਰਾਜਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਸਵੀਰ ਸਿੰਘ ਦੀ ਮੌਤ ਨਸ਼ੇ ਨਾਲ ਹੋਈ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਫਿਲਹਾਲ ਪੁਲਿਸ ਨੇ ਇੱਕ ਔਰਤ ਅਤੇ ਇੱਕ ਵਿਅਕਤੀ ਖ਼ਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਿਸ ਔਰਤ 'ਤੇ ਹੁਣ ਨਸ਼ਾ ਵੇਚਣ ਦਾ ਪਰਚਾ ਦਰਜ ਹੋਇਆ ਹੈ, ਉਸਦੇ ਪਤੀ ਨੂੰ ਵੀ 9 ਜਨਵਰੀ ਨੂੰ ਨਸ਼ਾ ਵੇਚਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ।