Wednesday, 30th of September 2026

Punjab News: ਜਾਅਲੀ ਸਰਟੀਫਿਕੇਟ ਮਾਮਲੇ 'ਚ ਵੱਡੀ ਕਾਰਵਾਈ, 3 ਮੁਲਜ਼ਮ ਗ੍ਰਿਫ਼ਤਾਰ, ਇਨ੍ਹਾਂ ਅਧਿਕਾਰੀਆਂ 'ਤੇ ਵੀ ਡਿੱਗੀ ਗਾਜ਼, ਕੇਸ ਦਰਜ

Edited By: Lajwinder Kaur | Updated at:
Punjab News: ਜਾਅਲੀ ਸਰਟੀਫਿਕੇਟ ਮਾਮਲੇ 'ਚ ਵੱਡੀ ਕਾਰਵਾਈ, 3 ਮੁਲਜ਼ਮ ਗ੍ਰਿਫ਼ਤਾਰ, ਇਨ੍ਹਾਂ ਅਧਿਕਾਰੀਆਂ 'ਤੇ ਵੀ ਡਿੱਗੀ ਗਾਜ਼, ਕੇਸ ਦਰਜ

Punjab News: ਜਾਅਲੀ ਸਰਟੀਫਿਕੇਟ ਮਾਮਲੇ 'ਚ ਵੱਡੀ ਕਾਰਵਾਈ, 3 ਮੁਲਜ਼ਮ ਗ੍ਰਿਫ਼ਤਾਰ, ਇਨ੍ਹਾਂ ਅਧਿਕਾਰੀਆਂ 'ਤੇ ਵੀ ਡਿੱਗੀ ਗਾਜ਼, ਕੇਸ ਦਰਜ

ਮੋਹਾਲੀ ਪੁਲਿਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨਾਲ ਜੁੜੇ ਜਾਅਲੀ ਸਰਟੀਫਿਕੇਟ ਘੁਟਾਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਮੌਜੂਦਾ ਪ੍ਰਧਾਨ ਪਰਮਿੰਦਰ ਸਿੰਘ ਖੰਗੂੜਾ ਸਮੇਤ ਚਾਰ ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਹ ਪੂਰਾ ਮਾਮਲਾ ਸਾਲ 2025 ਵਿੱਚ ਥਾਣਾ ਫੇਜ਼-8 ਵਿਖੇ ਦਰਜ ਹੋਈ ਇੱਕ ਐਫਆਈਆਰ (FIR) ਨਾਲ ਸਬੰਧਤ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਅਤੇ ਕ੍ਰਿਸ਼ਨ ਸਿੰਘ (ਸਿੱਖਿਆ ਬੋਰਡ ਦਾ ਪ੍ਰਾਈਵੇਟ ਮੁਲਾਜ਼ਮ) ਵਜੋਂ ਹੋਈ ਹੈ, ਜੋ ਫਿਲਹਾਲ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਹਨ। ਇਸੇ ਮਾਮਲੇ ਵਿੱਚ ਤੀਜੇ ਮੁਲਜ਼ਮ ਜਗਤਾਰ ਸਿੰਘ (ਬੋਰਡ ਦਾ ਕੰਟਰੈਕਟ ਮੁਲਾਜ਼ਮ) ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੇ ਮੌਜੂਦਾ ਪ੍ਰਧਾਨ ਪਰਮਿੰਦਰ ਸਿੰਘ ਖੰਗੂੜਾ, ਹਰਮਨਦੀਪ ਸਿੰਘ ਬੋਪਾਰਾਏ (ਸੀਨੀਅਰ ਸਹਾਇਕ), ਰਣਜੀਤ ਸਿੰਘ (ਹੈਲਪਰ) ਅਤੇ ਰਜਿੰਦਰ ਸਿੰਘ (ਹੈਲਪਰ) ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ, ਜੋ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸੂਤਰਾਂ ਅਨੁਸਾਰ, ਹਰਮਨਦੀਪ ਸਿੰਘ ਦੀ ਲਿਖਤ (Handwriting) ਦੀ ਫੋਰੈਂਸਿਕ ਜਾਂਚ ਕਰਵਾਈ ਗਈ ਸੀ, ਜਿਸ ਵਿੱਚ ਉਸ ਦੀ ਲਿਖਾਵਟ ਜਾਅਲੀ ਦਸਤਾਵੇਜ਼ਾਂ ਨਾਲ ਮੇਲ ਖਾ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਹਰਮਨਦੀਪ ਸਿੰਘ ਬੋਪਾਰਾਏ ਦੀ ਜ਼ਮਾਨਤ ਅਰਜ਼ੀ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ ਹੈ। ਪੁਲਿਸ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ, ਜਾਅਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਰਚਣ ਵਰਗੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਮਾਮਲਾ 2023 ਦੇ ਨਾਲ ਜੁੜਿਆ ਹੋਇਆ

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਾਰਾ ਮਾਮਲਾ ਸਾਲ 2023 ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ (ਪੜਤਾਲ) ਦੌਰਾਨ ਵਿਰੋਧੀ ਰਿਪੋਰਟਾਂ ਸਾਹਮਣੇ ਆਈਆਂ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲੀ ਜਾਂਚ ਵਿੱਚ ਇਹਨਾਂ ਸਰਟੀਫਿਕੇਟਾਂ ਨੂੰ ਬਿਲਕੁਲ ਸਹੀ ਦੱਸਿਆ ਗਿਆ ਸੀ, ਪਰ ਜਦੋਂ ਦੁਬਾਰਾ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਉਹੀ ਦਸਤਾਵੇਜ਼ ਜਾਅਲੀ ਪਾਏ ਗਏ।

ਪੁਲਿਸ ਜਾਂਚ ਦੌਰਾਨ ਵੈਰੀਫਿਕੇਸ਼ਨ (ਪੜਤਾਲ) ਦੀ ਪ੍ਰਕਿਰਿਆ ਵਿੱਚ ਗੰਭੀਰ ਖਾਮੀਆਂ ਅਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਦੇ ਪੁਖ਼ਤਾ ਸਬੂਤ ਵੀ ਮਿਲੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਜਿਸਟਰ ਵਿੱਚ ਐਂਟਰੀਆਂ ਦੀ ਕਮੀ ਸੀ ਅਤੇ 13 ਜੁਲਾਈ ਤੋਂ 9 ਅਗਸਤ 2023 ਦੇ ਵਿਚਕਾਰ ਪੀਅਨ ਬੁੱਕ ਰਿਕਾਰਡ ਵਿੱਚ ਵੀ ਵੱਡੀਆਂ ਗੜਬੜੀਆਂ ਪਾਈਆਂ ਗਈਆਂ ਸਨ।

ਮੁੱਢਲੀ ਜਾਂਚ ਦੇ ਅਨੁਸਾਰ, ਮੁਲਜ਼ਮਾਂ ਨੇ ਆਪਸ ਵਿੱਚ ਮਿਲ ਕੇ ਰਿਕਾਰਡ ਵਿੱਚ ਹੇਰ-ਫੇਰ ਕੀਤੀ ਅਤੇ ਜਾਅਲੀ ਵੈਰੀਫਿਕੇਸ਼ਨ ਰਿਪੋਰਟਾਂ ਜਾਰੀ ਕੀਤੀਆਂ। ਇਸ ਦੇ ਨਾਲ ਹੀ, ਪੁਲਿਸ ਹੁਣ ਇਸ ਪੂਰੇ ਮਾਮਲੇ ਵਿੱਚ ਪੈਸਿਆਂ ਦੇ ਲੈਣ-ਦੇਣ ਅਤੇ ਰਿਸ਼ਵਤਖੋਰੀ ਦੇ ਪਹਿਲੂ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬਲ ਨੇ ਇਸ ਮਾਮਲੇ ਦੀ ਗੰਭੀਰਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮਾਮਲਾ ਬਹੁਤ ਹੀ ਸੰਵੇਦਨਸ਼ੀਲ ਹੈ ਕਿਉਂਕਿ ਇਸ ਨਾਲ ਇੱਕ ਸਰਕਾਰੀ ਸੰਸਥਾ ਦੀ ਭਰੋਸੇਯੋਗਤਾ ਜੁੜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਲਗਾਤਾਰ ਜਾਰੀ ਹੈ।

ਇਸ ਦੇ ਨਾਲ ਹੀ, ਜਿਹੜੇ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ, ਉਨ੍ਹਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਸਾਰਿਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਂਦਾ ਜਾ ਸਕੇ।