ਮੰਤਰੀ ਸੰਜੀਵ ਅਰੋੜਾ 'ਤੇ ED ਦਾ ਸ਼ਿਕੰਜਾ: ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਛਾਪੇਮਾਰੀ, CRPF ਨੇ ਪੂਰਾ ਇਲਾਕਾ ਕੀਤਾ ਸੀਲ
ਚੰਡੀਗੜ੍ਹ ਵਿੱਚ ਅੱਜ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਛਾਪੇਮਾਰੀ ਕੀਤੀ ਹੈ। ਟੀਮ ਕਰੀਬ 20 ਗੱਡੀਆਂ ਵਿੱਚ ਸੈਕਟਰ-2 ਸਥਿਤ ਮੰਤਰੀ ਦੀ ਰਿਹਾਇਸ਼ 'ਤੇ ਪਹੁੰਚੀ ਅਤੇ ਅਧਿਕਾਰੀਆਂ ਨੇ ਪੂਰੇ ਘਰ ਨੂੰ ਘੇਰੇ ਵਿੱਚ ਲੈ ਲਿਆ। ਸੁਰੱਖਿਆ ਦੇ ਮੱਦੇਨਜ਼ਰ ਮੌਕੇ 'ਤੇ ਵੱਡੀ ਗਿਣਤੀ ਵਿੱਚ CRPF ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਦੱਸ ਦਈਏ ਦਿੱਲੀ, ਗੁਰੂਗ੍ਰਾਮ ਤੇ ਚੰਡੀਗੜ੍ਹ ਸਣੇ 5 ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਘਰ ਦੇ ਬਾਹਰ ਸਖ਼ਤ ਪਹਿਰਾ
ਫਿਲਹਾਲ, ਕਿਸੇ ਵੀ ਵਿਅਕਤੀ ਨੂੰ ਘਰ ਦੇ ਅੰਦਰ ਜਾਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਅਜੇ ਤੱਕ ਇਸ ਛਾਪੇਮਾਰੀ ਦੇ ਅਧਿਕਾਰਤ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ ਅਤੇ ਇਹ ਵੀ ਸਾਫ਼ ਨਹੀਂ ਹੈ ਕਿ ਮੰਤਰੀ ਅਰੋੜਾ ਘਰ ਵਿੱਚ ਮੌਜੂਦ ਹਨ ਜਾਂ ਨਹੀਂ। ਦੱਸਣਯੋਗ ਹੈ ਕਿ ਇੱਕ ਮਹੀਨੇ ਦੇ ਅੰਦਰ ਮੰਤਰੀ 'ਤੇ ਇਹ ਦੂਜੀ ਵਾਰ ਕਾਰਵਾਈ ਹੋਈ ਹੈ।
ਇਸ ਤੋਂ ਕਰੀਬ 22 ਦਿਨ ਪਹਿਲਾਂ ਵੀ ED ਨੇ ਸੰਜੀਵ ਅਰੋੜਾ ਅਤੇ ਉਨ੍ਹਾਂ ਦੇ ਦੋ ਸਾਥੀਆਂ ਦੇ ਲੁਧਿਆਣਾ ਅਤੇ ਜਲੰਧਰ ਸਥਿਤ ਟਿਕਾਣਿਆਂ 'ਤੇ ਛਾਪਾ ਮਾਰਿਆ ਸੀ। ਅਧਿਕਾਰੀਆਂ ਅਨੁਸਾਰ, ਸੰਜੀਵ ਅਰੋੜਾ 'ਤੇ ਆਪਣੇ ਸਿਆਸੀ ਰਸੂਖ ਦੀ ਵਰਤੋਂ ਕਰਕੇ ਪੰਜਾਬ ਵਿੱਚ ਨਾਜਾਇਜ਼ ਸੱਟੇਬਾਜ਼ੀ (Betting) ਚਲਾਉਣ ਵਾਲਿਆਂ ਨੂੰ ਸੁਰੱਖਿਆ ਦੇਣ ਅਤੇ ਮੁਨਾਫ਼ੇ ਵਿੱਚ ਹਿੱਸਾ ਲੈਣ ਦਾ ਸ਼ੱਕ ਹੈ।
ਉਨ੍ਹਾਂ 'ਤੇ ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਉਹ ਆਪਣੀਆਂ ਕੰਪਨੀਆਂ ਅਤੇ ਕਈ ਐਂਟਰੀ ਆਪਰੇਟਰਾਂ ਰਾਹੀਂ ਸੱਟੇਬਾਜ਼ਾਂ ਦੇ ਕਾਲੇ ਧਨ (ਬਿਨਾਂ ਹਿਸਾਬ ਦੇ ਪੈਸੇ) ਨੂੰ ਸਹੀ ਨਿਵੇਸ਼ ਵਿੱਚ ਬਦਲ ਰਹੇ ਸਨ। ਦੋਸ਼ ਹੈ ਕਿ ਉਹ ਇਸ ਤਰੀਕੇ ਨਾਲ ਮਨੀ ਲਾਂਡਰਿੰਗ (ਪੈਸੇ ਦੀ ਹੇਰਾਫੇਰੀ) ਵਿੱਚ ਮਦਦ ਕਰ ਰਹੇ ਸਨ।
ਅਧਿਕਾਰੀਆਂ ਮੁਤਾਬਕ, ਸੰਜੀਵ ਅਰੋੜਾ ਦੀਆਂ ਕੰਪਨੀਆਂ ਕਈ ਫ਼ਰਜ਼ੀ ਐਕਸਪੋਰਟ ਬਿੱਲ ਬਣਾਉਣ, ਸੰਯੁਕਤ ਅਰਬ ਅਮੀਰਾਤ (UAE) ਤੋਂ ਪੈਸਿਆਂ ਦੀ ਗ਼ੈਰ-ਕਾਨੂੰਨੀ ਹੇਰਾਫੇਰੀ (ਰਾਊਂਡ-ਟ੍ਰਿਪਿੰਗ) ਕਰਨ ਅਤੇ ਅਜਿਹੀਆਂ ਫ਼ਰਜ਼ੀ ਜੀ.ਐੱਸ.ਟੀ (GST) ਫ਼ਰਮਾਂ ਤੋਂ ਖ਼ਰੀਦਦਾਰੀ ਦਿਖਾਉਣ ਦੇ ਮਾਮਲੇ ਵਿੱਚ ਵੀ ਜਾਂਚ ਦੇ ਘੇਰੇ ਵਿੱਚ ਹਨ, ਜਿਨ੍ਹਾਂ ਦੀ ਅਸਲ ਵਿੱਚ ਕੋਈ ਹੋਂਦ ਹੀ ਨਹੀਂ ਹੈ।