Sunday, 15th of March 2026

ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ “CommuniGate-2026’’ ਦਾ ਸਫਲ ਸਮਾਪਨ: ਪੱਤਰਕਾਰਤਾ ਦੇ ਭਵਿੱਖ, AI ਅਤੇ ਮੀਡੀਆ ਨੈਤਿਕਤਾ ਰਹੇ ਚਰਚਾ ਦੇ ਪ੍ਰਮੁੱਖ ਮੁੱਦੇ

By: GTC News Desk | Edited By: Lajwinder Kaur | Updated at: March 14th 2026 04:02 PM
ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ “CommuniGate-2026’’ ਦਾ ਸਫਲ ਸਮਾਪਨ: ਪੱਤਰਕਾਰਤਾ ਦੇ ਭਵਿੱਖ, AI ਅਤੇ ਮੀਡੀਆ ਨੈਤਿਕਤਾ ਰਹੇ ਚਰਚਾ ਦੇ ਪ੍ਰਮੁੱਖ ਮੁੱਦੇ

ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ “CommuniGate-2026’’ ਦਾ ਸਫਲ ਸਮਾਪਨ: ਪੱਤਰਕਾਰਤਾ ਦੇ ਭਵਿੱਖ, AI ਅਤੇ ਮੀਡੀਆ ਨੈਤਿਕਤਾ ਰਹੇ ਚਰਚਾ ਦੇ ਪ੍ਰਮੁੱਖ ਮੁੱਦੇ

CommuniGate-2026: ਚੰਡੀਗੜ੍ਹ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਮੀਡੀਆ ਸਟੱਡੀਜ਼ (UIMS) ਵੱਲੋਂ ਕਰਵਾਈ ਗਈ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ “CommuniGate-2026: New Media Ecologies” ਸਫਲਤਾਪੂਰਵਕ ਸੰਪੰਨ ਹੋ ਗਈ । ਇਸ ਕਾਨਫਰੰਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਮੀਡੀਆ ਦੇ ਭਵਿੱਖ ਦਰਮਿਆਨ ਬਦਲਦੇ ਰਿਸ਼ਤੇ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਖ਼ਾਸ ਕਰਕੇ ਮੀਡੀਆ ਉਤਪਾਦਨ ਵਿੱਚ AI ਦੇ ਵਧਦੇ ਪ੍ਰਭਾਵ ਕਾਰਨ ਨੌਕਰੀਆਂ ਦੇ ਸਿਰਜਣ ਅਤੇ ਨੌਕਰੀਆਂ ਦੇ ਘਟਣ ਬਾਰੇ ਚੱਲ ਰਹੀ ਚਰਚਾ ‘ਤੇ ਧਿਆਨ ਕੇਂਦਰਿਤ ਕੀਤਾ ਗਿਆ।

ਇਸ ਕਾਨਫਰੰਸ ਵਿੱਚ ਵਿਦਵਾਨਾਂ, ਮੀਡੀਆ ਪੇਸ਼ੇਵਰਾਂ, ਖੋਜਕਰਤਿਆਂ ਅਤੇ ਵਿਦਿਆਰਥੀਆਂ ਨੇ ਡਿਜ਼ੀਟਲ ਯੁੱਗ ਵਿੱਚ ਸੰਚਾਰ ਪ੍ਰਣਾਲੀ ਦੇ ਤੇਜ਼ੀ ਨਾਲ ਬਦਲਦੀ ਪਿੱਠਭੂਮੀ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਪਨ ਸਮਾਰੋਹ ਦੌਰਾਨ GTC ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਸ਼੍ਰੀ ਰਬਿੰਦਰ ਨਾਰਾਇਣ, ਜਿਨ੍ਹਾਂ ਨੂੰ ਪੰਜਾਬੀ ਸੈਟੇਲਾਈਟ ਟੈਲੀਵਿਜ਼ਨ ਦੇ ਮੋਢੀ ਮੰਨਿਆ ਜਾਂਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਇੰਦ੍ਰਪ੍ਰਸਥ ਯੂਨੀਵਰਸਿਟੀ (GGSIPU), ਨਵੀਂ ਦਿੱਲੀ ਦੀ ਪ੍ਰੋ. ਡਾ. ਕੁਲਵੀਨ ਤ੍ਰੇਹਨ ਦਰਮਿਆਨ ਇਕ ਦਿਲਚਸਪ ਗੱਲਬਾਤ ਹੋਈ।

ਵਿਦਿਆਰਥੀਆਂ ਨੇ ਚਰਚਾ ਵਿੱਚ ਸਰਗਰਮ ਹਿੱਸਾ ਲੈਂਦੇ ਹੋਏ ਮੀਡੀਆ ਉਤਪਾਦਨ ਵਿੱਚ AI ਦੇ ਵਧਦੇ ਪ੍ਰਭਾਵ ਅਤੇ ਡਿਜ਼ੀਟਲ ਮੀਡੀਆ ਇਕੋਸਿਸਟਮ ਵਿੱਚ ਇਸਦੇ ਜ਼ਿੰਮੇਦਾਰੀ ਨਾਲ ਇਸਤੇਮਾਲ ਲਈ ਨਿਯਮਕ ਢਾਂਚੇ ਦੀ ਲੋੜ ਬਾਰੇ ਸਵਾਲ ਉਠਾਏ।

ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਰਬਿੰਦਰ ਨਾਰਾਇਣ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਮੀਡੀਆ ਉਤਪਾਦਨ ਵਿੱਚ ਵੱਡੇ ਬਦਲਾਅ ਲਿਆ ਸਕਦੀ ਹੈ। ਉਨ੍ਹਾਂ ਕਿਹਾ ਕਿ AI ਟੂਲਜ਼ ਨੇ ਨਿਰਮਾਤਾਵਾਂ ਅਤੇ ਕ੍ਰੀਏਟਰਾਂ ਦਾ ਕੰਮ ਹੋਰ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ ਅਤੇ ਸਹੀ ਪ੍ਰਾਂਪਟ ਇੰਜੀਨੀਅਰਿੰਗ ਅਤੇ ਰਚਨਾਤਮਕ ਤਕਨਾਲੋਜੀ ਦੇ ਇਸਤੇਮਾਲ ਨਾਲ ਘੱਟ ਸਮੇਂ ਵਿੱਚ ਵਧੀਆ ਸਮੱਗਰੀ ਤਿਆਰ ਕੀਤੀ ਜਾ ਸਕਦੀ ਹੈ।

ਪ੍ਰੋ. ਡਾ. ਕੁਲਵੀਨ ਤ੍ਰੇਹਨ ਨੇ ਅਕਾਦਮਿਕ ਪੱਖ ਤੋਂ ਗੱਲ ਕਰਦਿਆਂ ਡਿਜ਼ੀਟਲ ਮੀਡੀਆ ਵਿੱਚ ਨੈਤਿਕ ਜਾਂਚ ਅਤੇ ਨਿਯਮਕ ਨਿਗਰਾਨੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦਰਸ਼ਕਾਂ ਤੱਕ ਪਹੁੰਚਣ ਵਾਲੀ ਸਮੱਗਰੀ ਨੂੰ ਕੜੀਆਂ ਨੈਤਿਕ, ਸੰਪਾਦਕੀ ਅਤੇ ਤਸਦੀਕੀ ਪ੍ਰਕਿਰਿਆਵਾਂ ਤੋਂ ਲੰਘਣਾ ਚਾਹੀਦਾ ਹੈ, ਖ਼ਾਸ ਕਰਕੇ ਉਸ ਸਮੇਂ ਜਦੋਂ ਐਲਗੋਰਿਦਮ ਆਧਾਰਿਤ ਪਲੇਟਫਾਰਮ ਗਲਤ ਜਾਣਕਾਰੀ ਨੂੰ ਤੇਜ਼ੀ ਨਾਲ ਫੈਲਾ ਸਕਦੇ ਹਨ।

ਨੌਜਵਾਨਾਂ ਨੂੰ ਵੱਡੇ ਸੁਫਨੇ ਦੇਖਣ ਤੇ ਲਕਸ਼ਾਂ ਨੂੰ ਪੂਰਾ ਕਰਨ ਦੀ ਸਲਾਹ

ਨੌਜਵਾਨ ਮੀਡੀਆ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਸ਼੍ਰੀ ਨਾਰਾਇਣ ਨੇ ਉਨ੍ਹਾਂ ਨੂੰ ਆਪਣੇ ਚੁਣੇ ਖੇਤਰ ਬਾਰੇ ਵਿਸਥਾਰਪੂਰਵਕ ਗਿਆਨ ਹਾਸਲ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵੱਡੇ ਸੁਪਨੇ ਦੇਖਣ, ਆਪਣੇ ਲਕਸ਼ਾਂ ‘ਤੇ ਕੇਂਦਰਿਤ ਰਹਿਣ ਅਤੇ ਆਲੋਚਨਾ ਨੂੰ ਰੁਕਾਵਟ ਨਹੀਂ ਸਗੋਂ ਸਿੱਖਣ ਦਾ ਮੌਕਾ ਸਮਝਣ।

ਪ੍ਰੋ. ਤ੍ਰੇਹਨ ਨੇ ਡਿਜ਼ੀਟਲ ਤਸਦੀਕ ਟੂਲਜ਼ ਅਤੇ ਫੈਕਟ-ਚੈਕਿੰਗ ਮਕੈਨਿਜ਼ਮ ਦੀ ਵਧਦੀ ਮਹੱਤਤਾ ਉਤੇ ਵੀ ਰੋਸ਼ਨੀ ਪਾਈ ਅਤੇ ਕਿਹਾ ਕਿ ਮੀਡੀਆ ਪੇਸ਼ੇਵਰਾਂ ਨੂੰ ਜਾਣਕਾਰੀ ਦੀ ਪੁਸ਼ਟੀ ਕਰਨ ਅਤੇ ਪੱਤਰਕਾਰਤਾ ਦੀ ਭਰੋਸੇਯੋਗਤਾ ਬਣਾਈ ਰੱਖਣ ਲਈ ਜ਼ਰੂਰੀ ਹੁਨਰ ਹਾਸਲ ਕਰਨੇ ਚਾਹੀਦੇ ਹਨ।

GTC ਨੈੱਟਵਰਕ ਦੀ CEO ਪੱਲਵੀ ਸ੍ਰੀਵਾਸਤਵ ਨੇ ਮੀਡੀਆ ਸਟੱਡੀਜ਼ ਦੇ ਵਿਦਿਆਰਥੀਆਂ ਦੀ ਉਤਸ਼ਾਹ ਭਰੀ ਭਾਗੀਦਾਰੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਿਗਿਆਸਾ ਅਤੇ ਤਰਕਸ਼ੀਲ ਸੋਚ ਭਵਿੱਖ ਦੇ ਮੀਡੀਆ ਪੇਸ਼ੇਵਰਾਂ ਵਿੱਚ ਵਧ ਰਹੇ ਆਤਮਵਿਸ਼ਵਾਸ ਦੀ ਨਿਸ਼ਾਨੀ ਹੈ।

ਇਸ ਸਮਾਪਨ ਸੈਸ਼ਨ ਦੀ ਰਹਿਨੁਮਾਈ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ (ਪ੍ਰਸ਼ਾਸਨ) ਪ੍ਰੋ. (ਡਾ.) ਦੇਵਿੰਦਰ ਸਿੰਘ ਸਿੱਧੂ ਨੇ ਕੀਤੀ। ਉਨ੍ਹਾਂ ਕਿਹਾ ਕਿ ਮੀਡੀਆ ਵਿਦਿਆਰਥੀਆਂ ਨੂੰ ਜਾਣਕਾਰੀ ਦੇ ਪ੍ਰਸਾਰ ਨੂੰ ਮਜ਼ਬੂਤ ਬਣਾਉਣ ਲਈ AI ਨੂੰ ਇੱਕ ਸਾਧਨ ਵਜੋਂ ਵਰਤਣਾ ਸਿੱਖਣਾ ਚਾਹੀਦਾ ਹੈ, ਨਾਲ ਹੀ ਨੈਤਿਕ ਜ਼ਿੰਮੇਵਾਰੀ ਅਤੇ ਪੱਤਰਕਾਰਤਾ ਦੀ ਸੱਚਾਈ ਨੂੰ ਕਾਇਮ ਰੱਖਣਾ ਵੀ ਜ਼ਰੂਰੀ ਹੈ।

ਦੋ ਦਿਨ ਚੱਲੀ ਇਸ ਕਾਨਫਰੰਸ ਦੌਰਾਨ ਕਈ ਤਕਨੀਕੀ ਸੈਸ਼ਨਾਂ ਵਿੱਚ ਕਰੀਬ 60 ਰਿਸਰਚ ਪੇਪਰ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਗਲਤ ਜਾਣਕਾਰੀ, ਕੰਪਿਊਟੇਸ਼ਨਲ ਪ੍ਰੋਪੈਗੈਂਡਾ, ਐਲਗੋਰਿਦਮਿਕ ਪੱਖਪਾਤ, ਡਿਜ਼ੀਟਲ ਪਛਾਣ ਅਤੇ ਡਿਜ਼ੀਟਲ ਯੁੱਗ ਵਿੱਚ ਸੰਚਾਰ ਪ੍ਰਣਾਲੀ ਦੇ ਬਦਲਾਅ ਵਰਗੇ ਮੁੱਦਿਆਂ ‘ਤੇ ਵਿਚਾਰ ਕੀਤਾ ਗਿਆ।

ਇਸ ਕਾਨਫਰੰਸ ਵਿੱਚ ਇਸ਼ਿਤਾ ਵਾਸਵਾਨੀ ਦੇ ਰਿਸਰਚ ਪੇਪਰ ਨੂੰ CommuniGate-2026 ਦਾ ਬੈਸਟ ਪੇਪਰ ਚੁਣਿਆ ਗਿਆ।

ਅੰਤ ਵਿੱਚ UIMS ਦੀ ਵਿਭਾਗ ਮੁਖੀ ਡਾ. ਜੋਤਸਨਾ ਠਾਕੁਰ ਨੇ ਸਾਰੇ ਮਾਣਯੋਗ ਮਹਿਮਾਨਾਂ, ਖੋਜਕਰਤਿਆਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਾਨਫਰੰਸ ਨੂੰ ਸਫਲ ਬਣਾਉਣ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੀ ਤਕਨੀਕੀ ਟੀਮ ਅਤੇ ਫੈਕਲਟੀ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।