ਸ੍ਰੀ ਚਮਕੌਰ ਸਾਹਿਬ:-ਸ਼ਹੀਦੀ ਦਿਹਾੜਿਆਂ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਅਤੇ 40 ਸਿੰਘਾਂ ਦਾ ਸ਼ਹੀਦੀ ਦਿਹਾੜਾ ਸ੍ਰੀ ਚਮਕੌਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ,ਜਿਸ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੋਰਿੰਡਾ ਆਪਣੀ ਰਿਹਾਇਸ਼ ਤੋਂ ਅਰਦਾਸ ਕਰਨ ਉਪਰੰਤ ਪੈਦਲ ਮਾਰਚ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਵਿਖੇ ਪਹੁੰਚੇ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਹਰ ਸਾਲ ਦੀ ਤਰ੍ਹਾਂ ਆਪਣੇ ਰਿਹਾਇਸ਼ ਮੋਰਿੰਡਾ ਤੋਂ ਚਮਕੌਰ ਸਾਹਿਬ ਤੱਕ ਸੰਗਤਾਂ ਅਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਵੱਡੇ ਸਾਹਿਬਜ਼ਾਦੇ ਅਤੇ ਸਿੰਘ ਸ਼ਹੀਦਾਂ ਨੂੰ ਸਜਦਾ ਕਰਨ ਲਈ ਪੈਦਲ ਮਾਰਚ ਕਰਦੇ ਹਨ,ਰਸਤੇ ਵਿੱਚ ਉਹਨਾਂ ਨੇ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ BJP ਸਰਕਾਰ RSS ਦੀ ਨੀਤੀਆਂ ਉੱਤੇ ਚੱਲ ਕੇ ਬੀਰ ਵਾਲ ਦਿਵਸ ਮਨਾਉਂਦੀ ਹੈ,ਜੋ ਕਿ ਸਿੱਖ ਕੌਮ ਨੂੰ ਮਨਜ਼ੂਰ ਨਹੀਂ,ਕਿਉਂਕਿ ਸਿੱਖ ਕੌਮ ਦਾ ਆਪਣਾ ਇਤਿਹਾਸ ਹੈ,ਸੋ ਇਸ ਲਈ ਬੀਜੇਪੀ ਨੂੰ ਅਤੇ ਸਮੁੱਚੇ ਸਮਾਜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੇ ਹੁਕਮਾਂ ਮੁਤਾਬਕ ਚੱਲਣਾ ਚਾਹੀਦਾ ਹੈ।
ਸ੍ਰੀ ਚਮਕੌਰ ਸਾਹਿਬ ਦੀ ਗੜ੍ਹੀ ਦਾ ਇਤਿਹਾਸ
ਸਿੱਖ ਜਾਣਕਾਰੀ ਅਨੁਸਾਰ ਦੱਸ ਦਈਏ ਕਿ 7 ਪੋਹ 1704 ਵਿੱਚ ਚਮੌਕਰ ਦੀ ਗੜ੍ਹੀ 'ਚ 40 ਸਿੰਘਾਂ ਅਤੇ ਗੁਰੂ ਸਾਹਿਬ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦੀਆਂ ਪਾ ਗਏ ਸਨ। ਇਸ ਜੰਗ ਦੌਰਾਨ 10 ਲੱਖ ਤੋਂ ਵੱਧ ਮੁਗ਼ਲ ਫ਼ੌਜ ਹੋਣ ਦੇ ਬਾਵਜੂਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ ਛਾਇਆ ਹੇਠ ਇਕੱਲਾ-ਇਕੱਲਾ ਸਿੰਘ ਲੱਖਾਂ ਨਾਲ ਜੂਝਦਾ ਹੋਇਆ ਮੈਦਾਨ-ਏ-ਜੰਗ ਵਿੱਚ ਸ਼ਹੀਦੀ ਪਾ ਗਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 40 ਸਿੰਘਾਂ ਅਤੇ ਦੋਵੇਂ ਪੁੱਤਰਾਂ ਨੂੰ ਆਪਣੀਆਂ ਅੱਖਾਂ ਨਾਲ ਸ਼ਹਾਦਤ ਦਾ ਜਾਮ ਪੀਂਦੇ ਦੇਖਿਆ ਸੀ,ਉਹਨਾਂ ਇਸ ਸ਼ਹਾਦਤ ਮੌਕੇ ਸੋਗ ਮਨਾਉਣ ਦੀ ਥਾਂ ਜੈਕਾਰੇ ਲਗਾਏ ਸਨ। ਅੱਜ ਵੀ ਇਸ ਇਤਿਹਾਸਿਕ ਥਾਂ ਸ੍ਰੀ ਚਮਕੌਰ ਸਾਹਿਬ ਨੂੰ ਦੇਸ਼-ਵਿਦੇਸ਼ਾਂ ਤੋਂ ਸੰਗਤਾਂ ਸਿਜਦਾ ਕਰਦੀਆਂ ਹਨ।