ਪੰਜਾਬ ਸਿਆਸਤ 'ਚ ਵੱਡਾ ਧਮਾਕਾ: ਕਾਂਗਰਸੀ ਆਗੂਆਂ ਅਤੇ 8 ਕੌਂਸਲਰਾਂ ਨੇ ਫੜਿਆ 'ਝਾੜੂ', ਅਮਨ ਅਰੋੜਾ ਨੇ ਕਰਵਾਇਆ AAP 'ਚ ਸ਼ਾਮਲ
ਆਮ ਆਦਮੀ ਪਾਰਟੀ (ਆਪ) ਦਾ ਕਾਫਲਾ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪਠਾਨਕੋਟ ਤੋਂ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਕਈ ਸੀਨੀਅਰ ਆਗੂਆਂ ਅਤੇ ਨਗਰ ਕੌਂਸਲ ਦੇ 8 ਕੌਂਸਲਰਾਂ ਨੇ 'ਆਪ' ਦਾ ਪੱਲਾ ਫੜ ਲਿਆ ਹੈ। ਇਨ੍ਹਾਂ ਆਗੂਆਂ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪਾਰਟੀ ਆਗੂ ਅਮਨ ਅਰੋੜਾ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ।
ਪਾਰਟੀ ਪ੍ਰਧਾਨ ਵੱਲੋਂ ਕਰਵਾਇਆ ਗਿਆ ਸ਼ਾਮਿਲ
ਆਮ ਆਦਮੀ ਪਾਰਟੀ ਨੂੰ ਸੋਮਵਾਰ ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਪਠਾਨਕੋਟ ਵਿੱਚ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਸ੍ਰੀ ਹਰਗੋਬਿੰਦਪੁਰ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ, ਕਈ ਮੌਜੂਦਾ ਨਗਰ ਕੌਂਸਲਰਾਂ, ਸਾਬਕਾ ਕੌਂਸਲਰਾਂ ਅਤੇ ਪਠਾਨਕੋਟ ਦੇ ਪ੍ਰਮੁੱਖ ਕਾਂਗਰਸੀ ਆਗੂ ਦੇ ਨਾਲ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਹੋ ਗਏ।
ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕ ਪੱਖੀ ਨੀਤੀਆਂ ਅਤੇ ਵਿਕਾਸ ਮੁਖੀ ਸ਼ਾਸਨ ਕਾਰਨ 'ਆਪ' ਚੁਣੇ ਹੋਏ ਨੁਮਾਇੰਦਿਆਂ ਅਤੇ ਜ਼ਮੀਨੀ ਪੱਧਰ ਦੇ ਆਗੂਆਂ ਨੂੰ ਲਗਾਤਾਰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ।

ਵਿਕਾਸ ਲਈ 'ਆਪ' 'ਚ ਸ਼ਾਮਲ ਹੋਣ ਦਾ ਫੈਸਲਾ
ਸ੍ਰੀ ਹਰਗੋਬਿੰਦਪੁਰ ਸਾਹਿਬ ਨਗਰ ਕੌਂਸਲ ਦੇ 11 ਵਿੱਚੋਂ 8 ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਫੜਿਆ ਹੈ। ਇਸ ਮੌਕੇ ਕੌਂਸਲਰਾਂ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਅੱਗੇ ਵਧਾਉਣ ਲਈ 'ਆਪ' ਵਿੱਚ ਸ਼ਾਮਲ ਹੋਏ ਹਨ। ਦੱਸਣਯੋਗ ਹੈ ਕਿ ਇਨ੍ਹਾਂ ਵਿੱਚ ਕਾਂਗਰਸ ਦੀ ਟਿਕਟ ਤੋਂ ਜਿੱਤੇ ਪਤੀ-ਪਤਨੀ ਵੀ ਸ਼ਾਮਲ ਹਨ।
ਕਾਂਗਰਸ 'ਤੇ ਵਰ੍ਹੇ ਰੋਹਿਤ ਸਰਨਾ
ਪਠਾਨਕੋਟ ਤੋਂ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਰੋਹਿਤ ਸਰਨਾ, ਜੋ ਕਿ ਐਨਐਸਯੂਆਈ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਐਨਐਸਯੂਆਈ ਦੇ ਜਨਰਲ ਸਕੱਤਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ, ਦਾਨਿਸ਼ ਮਹਾਜਨ, ਰਾਕੇਸ਼, ਪਰਮਜੀਤ ਸਿੰਘ ਅਤੇ ਪਰਵੇਸ਼ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਵਿਧਾਨ ਸਭਾ ਹਲਕਾ ਭੋਆ, ਪਠਾਨਕੋਟ ਤੋਂ ਰੋਹਿਤ ਸਰਨਾ ਨੇ ਕਾਂਗਰਸ ਪਾਰਟੀ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਚੱਲ ਰਿਹਾ ਹੈ ਅਤੇ ਉੱਥੇ ਸਭ ਕੁਝ ਠੀਕ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਵਿੱਚ ਆਪਣੀ ਮਰਜ਼ੀ ਥੋਪੀ ਜਾਂਦੀ ਹੈ ਅਤੇ ਵਰਕਰਾਂ ਨੂੰ ਧਰਨੇ ਲਾਉਣ ਲਈ ਮਜਬੂਰ ਕੀਤਾ ਜਾਂਦਾ ਹੈ।
ਰਾਜਾ ਵੜਿੰਗ ਅਤੇ ਰੰਧਾਵਾ 'ਤੇ ਨਿਸ਼ਾਨਾ
ਰੋਹਿਤ ਸਰਨਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਜੋ ਆਗੂ ਆਪਣੇ ਬੂਥ ਨੂੰ ਨਹੀਂ ਜਿਤਾ ਸਕਿਆ, ਉਹ ਪ੍ਰਧਾਨਗੀ ਕੀ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਬਾਰੇ ਕਿਹਾ ਕਿ ਉਹ 'ਢਾਈ ਕਿਲੋਮੀਟਰ ਦੇ ਮੁੱਖ ਮੰਤਰੀ' ਤੋਂ 'ਢਾਈ ਮਿੰਟ ਦੇ ਪ੍ਰਧਾਨ' ਬਣ ਕੇ ਰਹਿ ਗਏ ਹਨ।
ਨਿਤਿਨ ਨਬੀਨ ਦੇ ਦੌਰੇ 'ਤੇ ਪ੍ਰਤੀਕਿਰਿਆ
'ਆਪ' ਆਗੂਆਂ ਨੇ ਨਿਤਿਨ ਨਬੀਨ ਦੇ ਪੰਜਾਬ ਦੌਰੇ ਨੂੰ ਲੈ ਕੇ ਕਿਹਾ ਕਿ ਇਹ ਉਨ੍ਹਾਂ ਦਾ ਸਿਰਫ਼ ਵਹਿਮ ਹੈ ਕਿ ਉਹ ਪੰਜਾਬ ਵਿੱਚ ਆਪਣੀ ਸਰਕਾਰ ਬਣਾ ਲੈਣਗੇ। ਪਾਰਟੀ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ-ਪੱਖੀ ਨੀਤੀਆਂ ਨਾਲ ਖੁਸ਼ ਹਨ ਅਤੇ ਵਿਰੋਧੀਆਂ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ।