Wednesday, 30th of September 2026

'ਆਪ' ਦਾ ਵੱਡਾ ਐਕਸ਼ਨ: ਪੁਰਾਣੇ ਇੰਚਾਰਜਾਂ ਦੀ ਛੁੱਟੀ, ਜਾਣੋ ਕਿਹੜੇ ਆਗੂਆਂ ਦੇ ਹੱਥ ਆਈ ਹੁਣ ਕਮਾਨ, ਪਾਰਟੀ ‘ਚ ਮੱਚੀ ਹਲਚਲ…

Edited By: Lajwinder Kaur | Updated at:
'ਆਪ' ਦਾ ਵੱਡਾ ਐਕਸ਼ਨ: ਪੁਰਾਣੇ ਇੰਚਾਰਜਾਂ ਦੀ ਛੁੱਟੀ, ਜਾਣੋ ਕਿਹੜੇ ਆਗੂਆਂ ਦੇ ਹੱਥ ਆਈ ਹੁਣ ਕਮਾਨ, ਪਾਰਟੀ ‘ਚ ਮੱਚੀ ਹਲਚਲ…

'ਆਪ' ਦਾ ਵੱਡਾ ਐਕਸ਼ਨ: ਪੁਰਾਣੇ ਇੰਚਾਰਜਾਂ ਦੀ ਛੁੱਟੀ, ਜਾਣੋ ਕਿਹੜੇ ਆਗੂਆਂ ਦੇ ਹੱਥ ਆਈ ਹੁਣ ਕਮਾਨ, ਪਾਰਟੀ ‘ਚ ਮੱਚੀ ਹਲਚਲ…

ਪਠਾਨਕੋਟ ਵਿੱਚ ਆਮ ਆਦਮੀ ਪਾਰਟੀ (AAP) ਨੇ ਇੱਕ ਵੱਡਾ ਫੇਰਬਦਲ ਕੀਤਾ ਹੈ। ਪਾਰਟੀ ਨੇ 2022 ਵਿੱਚ ਪਠਾਨਕੋਟ ਤੋਂ ਉਮੀਦਵਾਰ ਰਹੇ ਵਿਭੂਤੀ ਸ਼ਰਮਾ ਅਤੇ ਸੁਜਾਨਪੁਰ ਤੋਂ ਉਮੀਦਵਾਰ ਰਹੇ ਠਾਕੁਰ ਅਮਿਤ ਸਿੰਘ ਮੰਟੂ ਨੂੰ ਉਨ੍ਹਾਂ ਦੇ ਹਲਕਾ ਇੰਚਾਰਜ ਦੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਹੁਣ ਪਠਾਨਕੋਟ ਦੀ ਕਮਾਨ ਇੱਕ ਵਾਰ ਫਿਰ ਰੋਹਿਤ ਸਿਆਲ ਨੂੰ ਸੌਂਪੀ ਗਈ ਹੈ, ਜੋ ਪਹਿਲਾਂ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ, ਅਤੇ ਰਾਜਪੂਤ ਕਲਿਆਣ ਬੋਰਡ ਦੇ ਸੂਬਾਈ ਚੇਅਰਮੈਨ ਸਵਰਨ ਸਲਾਰੀਆ ਨੂੰ ਸੁਜਾਨਪੁਰ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਅਕਾਲੀ ਦਲ ਤੋਂ ਆਪ ‘ਚ ਆਏ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਇਸ ਤੋਂ ਇਲਾਵਾ, ਦੋ ਦਿਨ ਪਹਿਲਾਂ ਅਕਾਲੀ ਦਲ ਛੱਡ ਕੇ 'ਆਪ' ਵਿੱਚ ਸ਼ਾਮਲ ਹੋਏ ਗੁਰਇਕਬਾਲ ਸਿੰਘ ਮਾਹਲ ਨੂੰ ਕਾਦੀਆਂ ਦਾ ਹਲਕਾ ਇੰਚਾਰਜ ਲਗਾਇਆ ਗਿਆ ਹੈ, ਜਿਸ ਕਾਰਨ ਪਾਰਟੀ ਵਰਕਰਾਂ ਵਿੱਚ ਕਾਫ਼ੀ ਹਲਚਲ ਦੇਖਣ ਨੂੰ ਮਿਲ ਰਹੀ ਹੈ।

ਦੱਸ ਦਈਏ ਕਿ ਅਮਿਤ ਮੰਟੂ ਅਤੇ ਵਿਭੂਤੀ ਸ਼ਰਮਾ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਛੱਡ ਕੇ 'ਆਪ' ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਪਾਰਟੀ ਦੀ ਟਿਕਟ 'ਤੇ ਚੋਣ ਵੀ ਲੜੀ ਸੀ, ਪਰ ਦੋਵੇਂ ਉਮੀਦਵਾਰ ਜਿੱਤ ਪ੍ਰਾਪਤ ਕਰਨ ਵਿੱਚ ਅਸਫ਼ਲ ਰਹੇ ਸਨ। ਅਮਿਤ ਮੰਟੂ ਕਾਂਗਰਸ ਵੱਲੋਂ ਨਰੇਸ਼ ਪੁਰੀ ਨੂੰ ਟਿਕਟ ਦਿੱਤੇ ਜਾਣ ਤੋਂ ਅਤੇ ਵਿਭੂਤੀ ਸ਼ਰਮਾ ਅਮਿਤ ਵਿਜ ਨੂੰ ਉਮੀਦਵਾਰ ਬਣਾਏ ਜਾਣ ਤੋਂ ਨਾਰਾਜ਼ ਹੋ ਕੇ 'ਆਪ' ਵਿੱਚ ਆਏ ਸਨ। ਲਗਭਗ ਉਦੋਂ ਤੋਂ ਹੀ ਇਹ ਦੋਵੇਂ ਆਗੂ ਆਪਣੇ-ਆਪਣੇ ਹਲਕਿਆਂ ਦੀ ਕਮਾਨ ਸੰਭਾਲ ਰਹੇ ਸਨ, ਪਰ ਪਾਰਟੀ ਦੇ ਇਸ ਅਚਾਨਕ ਲਏ ਗਏ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਦੋਵਾਂ ਵਿਧਾਨ ਸਭਾ ਹਲਕਿਆਂ ਵਿੱਚ ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ 'ਆਪ' ਦਾ ਪ੍ਰਦਰਸ਼ਨ ਉਮੀਦ ਅਨੁਸਾਰ ਨਹੀਂ ਰਿਹਾ। ਸੱਤਾ ਵਿੱਚ ਹੋਣ ਦੇ ਬਾਵਜੂਦ, ਪਾਰਟੀ ਪਠਾਨਕੋਟ ਦੇ 50 ਵਾਰਡਾਂ ਵਿੱਚੋਂ ਸਿਰਫ਼ 10 ਅਤੇ ਸੁਜਾਨਪੁਰ ਦੇ 15 ਵਾਰਡਾਂ ਵਿੱਚੋਂ ਸਿਰਫ਼ 3 ਵਿੱਚ ਹੀ ਜਿੱਤ ਦਰਜ ਕਰ ਸਕੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਵੱਡੇ ਚਿਹਰਿਆਂ ਨੂੰ ਅਚਾਨਕ ਬਦਲਣ ਦੇ ਪਿੱਛੇ ਇਹੀ ਮੁੱਖ ਕਾਰਨ ਹੈ। ਫਿਲਹਾਲ, ਇਸ ਬਦਲਾਅ 'ਤੇ ਦੋਵਾਂ ਨੇਤਾਵਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।