Monday, 17th of August 2026

ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਘਵ ਚੱਢਾ ਨੇ ਤੋੜੀ ਚੁੱਪੀ, ਬੋਲੇ-'ਖ਼ਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ ਹਾਂ'

Edited By: Lajwinder Kaur | Updated at: April 03rd 2026 11:40 AM
Trending News
ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਘਵ ਚੱਢਾ ਨੇ ਤੋੜੀ ਚੁੱਪੀ, ਬੋਲੇ-'ਖ਼ਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ ਹਾਂ'

ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਘਵ ਚੱਢਾ ਨੇ ਤੋੜੀ ਚੁੱਪੀ, ਬੋਲੇ-'ਖ਼ਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ ਹਾਂ'

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਬੀਤੇ ਦਿਨ ਤੋਂ ਚਰਚਾ ਦੇ ਵਿੱਚ ਬਣੇ ਹੋਏ ਹਨ। ਜੀ ਹਾਂ 2 ਅਪ੍ਰੈਲ ਯਾਨੀਕਿ ਵੀਰਵਾਰ ਵਾਲੇ ਦਿਨ ਉਨ੍ਹਾਂ ਦੀ ਪਾਰਟੀ ਆਪ ਨੇ ਉਨ੍ਹਾਂ ਨੂੰ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਪਹਿਲੀ ਵਾਰ ਖੁੱਲ੍ਹ ਕੇ ਆਪਣੀ ਗੱਲ ਰੱਖੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਈ ਗੰਭੀਰ ਸਵਾਲ ਚੁੱਕੇ ਹਨ। ਰਾਘਵ ਚੱਢਾ ਨੇ ਕਿਹਾ ਕਿ ਉਹ ਹਮੇਸ਼ਾ ਹੀ ਆਮ ਆਦਮੀ ਦੀ ਆਵਾਜ਼ ਬਣ ਕੇ ਸੰਸਦ ਵਿੱਚ ਪਹੁੰਚੇ ਹਨ ਅਤੇ ਉਨ੍ਹਾਂ ਨੇ ਸਦਨ ਵਿੱਚ ਅਜਿਹੇ ਕਈ ਅਹਿਮ ਮੁੱਦੇ ਉਠਾਏ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜ਼ਿੰਦਗੀ 'ਤੇ ਪੈਂਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਨਤਾ ਦੇ ਹਿੱਤਾਂ ਲਈ ਲੜਨਾ ਜਾਰੀ ਰੱਖਣਗੇ।

ਰਾਘਵ ਚੱਢਾ ਦਾ ਸਵਾਲ: ਕੀ ਜਨਤਾ ਦੇ ਮੁੱਦੇ ਉਠਾਉਣਾ ਕੋਈ ਗੁਨਾਹ ਹੈ?

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਪਣੀ ਚੁੱਪੀ ਤੋੜਦਿਆਂ ਕਿਹਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਸੰਸਦ ਵਿੱਚ ਬੋਲਣ ਦਾ ਮੌਕਾ ਮਿਲਦਾ ਹੈ, ਉਹ ਹਮੇਸ਼ਾ ਜਨਤਾ ਨਾਲ ਜੁੜੇ ਅਹਿਮ ਮੁੱਦੇ ਉਠਾਉਂਦੇ ਹਨ। ਉਨ੍ਹਾਂ ਕਿਹਾ, "ਸ਼ਾਇਦ ਮੈਂ ਅਜਿਹੇ ਵਿਸ਼ੇ ਚੁੱਕਦਾ ਹਾਂ ਜੋ ਆਮ ਤੌਰ 'ਤੇ ਸੰਸਦ ਵਿੱਚ ਨਹੀਂ ਉਠਾਏ ਜਾਂਦੇ। ਪਰ ਕੀ ਜਨਤਾ ਦੀ ਆਵਾਜ਼ ਬਣਨਾ ਕੋਈ ਅਪਰਾਧ ਹੈ? ਕੀ ਮੈਂ ਕੋਈ ਗਲਤੀ ਕੀਤੀ ਹੈ?" ਚੱਢਾ ਨੇ ਇਹ ਸਵਾਲ ਇਸ ਲਈ ਖੜ੍ਹੇ ਕੀਤੇ ਹਨ ਕਿਉਂਕਿ ਆਮ ਆਦਮੀ ਪਾਰਟੀ ਨੇ ਕਥਿਤ ਤੌਰ 'ਤੇ ਰਾਜ ਸਭਾ ਸਕੱਤਰੇਤ ਨੂੰ ਚਿੱਠੀ ਲਿਖ ਕੇ ਰਾਘਵ ਚੱਢਾ ਨੂੰ ਸੰਸਦ ਵਿੱਚ ਬੋਲਣ ਤੋਂ ਰੋਕਣ ਦੀ ਅਪੀਲ ਕੀਤੀ ਹੈ। ਇਸ ਕਦਮ ਤੋਂ ਬਾਅਦ ਰਾਘਵ ਚੱਢਾ ਨੇ ਆਪਣੀ ਹੀ ਪਾਰਟੀ ਦੇ ਫੈਸਲੇ 'ਤੇ ਹੈਰਾਨੀ ਜਤਾਈ ਹੈ।

ਰਾਘਵ ਚੱਢਾ ਦਾ ਸਵਾਲ: ਮੈਨੂੰ ਸੰਸਦ ਵਿੱਚ ਬੋਲਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ?

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਖ਼ੁਲਾਸਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਖ਼ੁਦ ਸੰਸਦ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਉਨ੍ਹਾਂ ਸਵਾਲ ਉਠਾਇਆ ਕਿ ਕੋਈ ਉਨ੍ਹਾਂ ਨੂੰ ਬੋਲਣ ਤੋਂ ਕਿਉਂ ਰੋਕਣਾ ਚਾਹੇਗਾ, ਜਦੋਂ ਕਿ ਉਹ ਹਮੇਸ਼ਾ ਦੇਸ਼ ਦੇ ਆਮ ਆਦਮੀ ਦੇ ਹਿੱਤਾਂ ਦੀ ਗੱਲ ਕਰਦੇ ਹਨ। ਚੱਢਾ ਨੇ ਗਿਣਵਾਇਆ ਕਿ ਉਨ੍ਹਾਂ ਨੇ ਸੰਸਦ ਵਿੱਚ ਏਅਰਪੋਰਟ 'ਤੇ ਮਹਿੰਗੇ ਖਾਣੇ, ਜੋਮੈਟੋ-ਬਲਿੰਕਿਟ ਡਿਲੀਵਰੀ ਰਾਈਡਰਾਂ ਦੀਆਂ ਮੁਸ਼ਕਿਲਾਂ, ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ, ਟੋਲ ਪਲਾਜ਼ਾ 'ਤੇ ਬੈਂਕ ਚਾਰਜਿਜ਼ ਦੀ ਲੁੱਟ, ਮੱਧ ਵਰਗ 'ਤੇ ਟੈਕਸਾਂ ਦਾ ਬੋਝ ਅਤੇ ਕੰਟੈਂਟ ਕ੍ਰਿਏਟਰਾਂ 'ਤੇ ਸਟ੍ਰਾਈਕ ਵਰਗੇ ਅਹਿਮ ਮੁੱਦੇ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਟੈਲੀਕਾਮ ਕੰਪਨੀਆਂ ਵੱਲੋਂ 12 ਮਹੀਨਿਆਂ 'ਚ 13 ਵਾਰ ਰੀਚਾਰਜ ਕਰਵਾਉਣ ਦੀ ਮਜਬੂਰੀ, ਡੇਟਾ ਰੋਲਓਵਰ ਅਤੇ ਰੀਚਾਰਜ ਖਤਮ ਹੋਣ 'ਤੇ ਇਨਕਮਿੰਗ ਬੰਦ ਹੋਣ ਵਰਗੇ ਜਨਤਕ ਸਰੋਕਾਰਾਂ ਦੀ ਆਵਾਜ਼ ਵੀ ਸਦਨ ਵਿੱਚ ਬੁਲੰਦ ਕੀਤੀ ਹੈ।

ਰਾਘਵ ਚੱਢਾ ਦਾ ਸਵਾਲ: 'ਕੋਈ ਮੇਰੀ ਆਵਾਜ਼ ਕਿਉਂ ਦਬਾਉਣਾ ਚਾਹੇਗਾ?'

ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਇਨ੍ਹਾਂ ਅਹਿਮ ਮੁੱਦਿਆਂ ਨੂੰ ਉਠਾਉਣ ਨਾਲ ਦੇਸ਼ ਦੇ ਆਮ ਆਦਮੀ ਨੂੰ ਫਾਇਦਾ ਹੋਇਆ ਹੈ, ਪਰ ਸਵਾਲ ਇਹ ਹੈ ਕਿ ਇਸ ਨਾਲ ਪਾਰਟੀ ਦੇ 'ਆਮ ਆਦਮੀ' ਨੂੰ ਕੀ ਨੁਕਸਾਨ ਹੋਇਆ? ਉਨ੍ਹਾਂ ਹੈਰਾਨੀ ਜਤਾਉਂਦਿਆਂ ਪੁੱਛਿਆ, "ਕੋਈ ਮੈਨੂੰ ਬੋਲਣ ਤੋਂ ਕਿਉਂ ਰੋਕਣਾ ਚਾਹੇਗਾ? ਕੋਈ ਮੇਰੀ ਆਵਾਜ਼ ਕਿਉਂ ਦਬਾਉਣਾ ਚਾਹੇਗਾ?" ਚੱਢਾ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਨਤਾ ਉਨ੍ਹਾਂ ਨੂੰ ਬਹੁਤ ਪਿਆਰ ਦਿੰਦੀ ਹੈ ਅਤੇ ਜਦੋਂ ਵੀ ਉਹ ਲੋਕਾਂ ਦੇ ਮੁੱਦੇ ਉਠਾਉਂਦੇ ਹਨ, ਤਾਂ ਲੋਕ ਉਨ੍ਹਾਂ ਦਾ ਸਮਰਥਨ ਕਰਦੇ ਹਨ, ਸ਼ਲਾਘਾ ਕਰਦੇ ਹਨ ਅਤੇ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਨ। ਉਨ੍ਹਾਂ ਨੇ ਸਾਫ਼ ਕੀਤਾ ਕਿ ਜਨਤਾ ਦਾ ਇਹ ਭਰੋਸਾ ਹੀ ਉਨ੍ਹਾਂ ਦੀ ਅਸਲ ਤਾਕਤ ਹੈ।

ਰਾਘਵ ਚੱਢਾ ਨੇ ਜਨਤਾ ਦਾ ਕੀਤਾ ਧੰਨਵਾਦ

ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ, "ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ, ਇਸੇ ਤਰ੍ਹਾਂ ਮੇਰਾ ਹੱਥ ਫੜੀ ਰੱਖਣਾ ਅਤੇ ਮੇਰਾ ਸਾਥ ਦੇਣਾ। ਮੈਨੂੰ ਇਕੱਲਾ ਨਾ ਛੱਡਣਾ, ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਅਤੇ ਤੁਹਾਡੇ ਲਈ ਹਾਂ।" ਇਸ ਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਕਰਾਰਾ ਜਵਾਬ ਦਿੱਤਾ ਜਿਨ੍ਹਾਂ ਨੇ ਸੰਸਦ ਵਿੱਚ ਉਨ੍ਹਾਂ ਦੇ ਬੋਲਣ ਦੇ ਅਧਿਕਾਰ ਨੂੰ ਖੋਹਣ ਜਾਂ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਚੱਢਾ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ, "ਮੇਰੀ ਖ਼ਾਮੋਸ਼ੀ ਨੂੰ ਮੇਰੀ ਹਾਰ ਨਾ ਸਮਝਣਾ। ਮੈਂ ਉਹ ਨਦੀ ਹਾਂ, ਜੋ ਸਮਾਂ ਆਉਣ 'ਤੇ ਹੜ੍ਹ ਦਾ ਰੂਪ ਵੀ ਧਾਰਨ ਕਰ ਸਕਦੀ ਹੈ।"

Punjabi Shorts

Latest News