Wednesday, 24th of June 2026

ਪੰਜਾਬ ਕਾਂਗਰਸ 'ਚ ਵੱਡੀ ਬਗਾਵਤ ਦਾ ਖਤਰਾ? MP ਗਾਂਧੀ ਦੀ ਪੋਸਟ ਨੇ ਸਿਆਸੀ ਹਲਚਲ ਕੀਤੀ ਤੇਜ਼, ਕੁੱਝ ਦੇਰ ਬਾਅਦ ਡਿਲੀਟ...

Edited By: Lajwinder Kaur | Updated at: June 24th 2026 12:49 PM
Trending News
ਪੰਜਾਬ ਕਾਂਗਰਸ 'ਚ ਵੱਡੀ ਬਗਾਵਤ ਦਾ ਖਤਰਾ? MP ਗਾਂਧੀ ਦੀ ਪੋਸਟ ਨੇ ਸਿਆਸੀ ਹਲਚਲ ਕੀਤੀ ਤੇਜ਼, ਕੁੱਝ ਦੇਰ ਬਾਅਦ ਡਿਲੀਟ...

ਪੰਜਾਬ ਕਾਂਗਰਸ 'ਚ ਵੱਡੀ ਬਗਾਵਤ ਦਾ ਖਤਰਾ? MP ਗਾਂਧੀ ਦੀ ਪੋਸਟ ਨੇ ਸਿਆਸੀ ਹਲਚਲ ਕੀਤੀ ਤੇਜ਼, ਕੁੱਝ ਦੇਰ ਬਾਅਦ ਡਿਲੀਟ...

ਪੰਜਾਬ ਕਾਂਗਰਸ ਵਿੱਚ ਸੰਗਠਨਾਤਮਕ ਬਦਲਾਅ ਵਿੱਚ ਹੋ ਰਹੀ ਦੇਰੀ ਦਰਮਿਆਨ ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ (Dr. Dharamvira Gandhi) ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਲਿਖਿਆ ਕਿ ਕੋਈ ਵੱਡੀ ਬਗਾਵਤ ਦਾ ਡਰ ਦਿਖਾ ਰਿਹਾ ਹੈ ਅਤੇ ਪਾਰਟੀ ਨੂੰ ਮੁੜ ਸੁਰਜੀਤ ਕਰਨ ਦੀ ਪ੍ਰਕਿਰਿਆ ਨੂੰ ਜਾਣ-ਬੁੱਝ ਕੇ ਟਾਲਿਆ ਜਾ ਰਿਹਾ ਹੈ। ਉਨ੍ਹਾਂ ਇਸ ਨੂੰ ਪਾਰਟੀ ਵਿਰੋਧੀ ਕਾਰਵਾਈ ਕਰਾਰ ਦਿੱਤਾ। ਹਾਲਾਂਕਿ, ਜਿਵੇਂ ਹੀ ਇਹ ਮਾਮਲਾ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ, ਉਨ੍ਹਾਂ ਨੇ ਆਪਣੀ ਇਹ ਪੋਸਟ ਡਿਲੀਟ ਕਰ ਦਿੱਤੀ। ਪਰ ਇਹ ਪੋਸਟ ਹੁਣ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਹ ਪੋਸਟ ਪਾਰਟੀ ਦੇ ਅੰਦਰੂਨੀ ਖਿੱਚੋ-ਤਾਣ ਨੂੰ ਲੈ ਕੇ ਕਈ ਰਾਜ਼ ਖੋਲ ਰਹੀ ਹੈ।

ਜੂਨ ਦੇ ਸ਼ੁਰੂ ਤੋਂ ਹੀ ਬਦਲਾਅ 'ਤੇ ਕੰਮ

ਜਾਣਕਾਰੀ ਅਨੁਸਾਰ ਕਾਂਗਰਸ (Congress) ਵਿੱਚ ਤਬਦੀਲੀਆਂ ਨੂੰ ਲੈ ਕੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਸੀ। 8 ਅਤੇ 9 ਜੂਨ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਿੱਲੀ ਵਿੱਚ ਏ.ਆਈ.ਸੀ.ਸੀ. (AICC) ਦੇ ਸਾਰੇ 60 ਸਕੱਤਰਾਂ ਨਾਲ ਸਮੀਖਿਆ ਮੀਟਿੰਗਾਂ ਕੀਤੀਆਂ। ਇਸ ਦੌਰਾਨ ਸਕੱਤਰਾਂ ਕੋਲੋਂ ਪਿਛਲੇ ਛੇ ਮਹੀਨਿਆਂ ਦੇ ਕੰਮਕਾਜ ਦੀ ਲਿਖਤੀ ਰਿਪੋਰਟ ਮੰਗੀ ਗਈ ਸੀ।

ਇਸ ਤੋਂ ਬਾਅਦ 11 ਜੂਨ ਨੂੰ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਦਿੱਲੀ ਸਥਿਤ ਇੰਦਰਾ ਭਵਨ ਵਿੱਚ ਸਾਰੇ ਏ.ਆਈ.ਸੀ.ਸੀ. (AICC) ਜਨਰਲ ਸਕੱਤਰਾਂ, ਰਾਜ ਪ੍ਰਭਾਰੀਆਂ ਅਤੇ ਪ੍ਰਦੇਸ਼ ਕਾਂਗਰਸ ਕਮੇਟੀ (PCC) ਦੇ ਪ੍ਰਧਾਨਾਂ ਦੀ ਮੀਟਿੰਗ ਬੁਲਾਈ। ਇਸ ਵਿੱਚ ਮੌਜੂਦਾ ਸਿਆਸੀ ਹਾਲਾਤ ਅਤੇ ਸੰਗਠਨਾਤਮਕ ਬਦਲਾਅ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੌਰਾਨ ਪੰਜਾਬ ਦੇ ਸਿਆਸੀ ਹਾਲਾਤਾਂ ਦਾ ਜਾਇਜ਼ਾ ਲੈਣ ਲਈ 3 ਵਿਸ਼ੇਸ਼ ਅਬਜ਼ਰਵਰ ਨਿਯੁਕਤ ਕੀਤੇ ਗਏ, ਜਿਨ੍ਹਾਂ ਵਿੱਚ ਅਜੇ ਮਾਕਨ, ਮੀਨਾਖਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਸ਼ਾਮਲ ਸਨ।

ਅਬਜ਼ਰਵਰਾਂ ਵੱਲੋਂ ਵੀ ਲਈ ਗਈ ਮੀਟਿੰਗ

16 ਤੋਂ 18 ਜੂਨ ਤੱਕ ਇਨ੍ਹਾਂ ਤਿੰਨਾਂ ਅਬਜ਼ਰਵਰਾਂ ਨੇ ਦਿੱਲੀ ਦੇ ਇੰਦਰਾ ਭਵਨ ਵਿੱਚ ਪੰਜਾਬ ਕਾਂਗਰਸ ਦੇ ਕਰੀਬ 70 ਤੋਂ 72 ਸੀਨੀਅਰ ਆਗੂਆਂ (ਸਾਂਸਦਾਂ, ਵਿਧਾਇਕਾਂ ਅਤੇ ਸਾਬਕਾ ਮੰਤਰੀਆਂ) ਨੂੰ ਬੁਲਾ ਕੇ 'ਵਨ-ਟੂ-ਵਨ' ਫੀਡਬੈਕ ਲਿਆ ਕਿ ਸੂਬੇ ਵਿੱਚ ਬਦਲਾਅ ਹੋਣਾ ਚਾਹੀਦਾ ਹੈ ਜਾਂ ਨਹੀਂ।

ਫਿਰ 21 ਜੂਨ ਨੂੰ ਰਾਹੁਲ ਗਾਂਧੀ ਨੇ ਦਿੱਲੀ ਵਿੱਚ 10 ਜਨਪਥ ਵਿਖੇ ਪੰਜਾਬ ਦੇ ਚੋਟੀ ਦੇ 5 ਦਾਅਵੇਦਾਰਾਂ (ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਅਤੇ ਵਿਜੇ ਇੰਦਰ ਸਿੰਗਲਾ) ਨਾਲ ਇੱਕ-ਇੱਕ ਕਰਕੇ ਵੱਖਰੀਆਂ ਮੀਟਿੰਗਾਂ ਕੀਤੀਆਂ। ਰਾਹੁਲ ਨੇ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਨ ਦਾ ਸੰਦੇਸ਼ ਦਿੱਤਾ। ਇਸੇ ਦਿਨ ਸੁਖਜਿੰਦਰ ਰੰਧਾਵਾ ਨੂੰ ਨਵਾਂ ਪ੍ਰਧਾਨ ਬਣਾਉਣ ਦਾ ਇੱਕ ਫਰਜ਼ੀ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਜਿਸ ਨੂੰ ਰੰਧਾਵਾ ਅਤੇ ਕਾਂਗਰਸ ਨੇ ਝੂਠਾ ਕਰਾਰ ਦਿੱਤਾ।

ਮਨੀਸ਼ ਤਿਵਾੜੀ ਜਤਾ ਚੁੱਕੇ ਹਨ ਨਾਰਾਜ਼ਗੀ

ਹਾਲ ਹੀ ਵਿੱਚ ਜਦੋਂ ਕਾਂਗਰਸ ਹਾਈਕਮਾਂਡ ਨੇ ਪੰਜਾਬ ਵਿੱਚ ਸੰਗਠਨਾਤਮਕ ਬਦਲਾਅ 'ਤੇ ਚਰਚਾ ਕਰਨ ਲਈ ਰਾਜ ਦੇ 60-70 ਨੇਤਾਵਾਂ ਨੂੰ ਦਿੱਲੀ ਬੁਲਾਇਆ, ਤਾਂ ਮਨੀਸ਼ ਤਿਵਾੜੀ ਨੂੰ ਇਸ ਮੀਟਿੰਗ ਵਿੱਚ ਨਹੀਂ ਬੁਲਾਇਆ ਗਿਆ। ਇਸ 'ਤੇ ਉਨ੍ਹਾਂ ਨੇ ਜਨਤਕ ਤੌਰ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਰਾਜ ਦੇ ਇੰਨੇ ਪ੍ਰਮੁੱਖ ਨੇਤਾਵਾਂ ਤੋਂ ਸਲਾਹ-ਮਸ਼ਵਰਾ ਕੀਤਾ ਗਿਆ, ਪਰ ਉਨ੍ਹਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ।

ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼

ਇਸ ਸਮੇਂ ਮੀਡੀਆ ਵਿੱਚ ਚਰਚਾ ਹੈ ਕਿ ਕਾਂਗਰਸ ਆਪਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ (LoP) ਦੇ ਅਹੁਦੇ ਵਿੱਚ ਬਦਲਾਅ ਕਰ ਸਕਦੀ ਹੈ। ਚੋਣਾਂ ਨੇੜੇ ਹੋਣ ਕਾਰਨ ਸਾਰੇ ਸਿਆਸੀ ਸਮੀਕਰਨਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਕਿਉਂਕਿ ਇਸ ਸਮੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ LoP ਪ੍ਰਤਾਪ ਸਿੰਘ ਬਾਜਵਾ, ਦੋਵੇਂ ਹੀ ਜੱਟ ਸਿੱਖ ਹਨ, ਇਸ ਲਈ ਪਾਰਟੀ ਦੀ ਕੋਸ਼ਿਸ਼ ਹਿੰਦੂ ਚਿਹਰੇ ਤੋਂ ਲੈ ਕੇ ਦਲਿਤ ਭਾਈਚਾਰੇ ਤੱਕ, ਸਭ ਨੂੰ ਨਾਲ ਲੈ ਕੇ ਚੱਲਣ ਦੀ ਹੈ। ਪਾਰਟੀ ਅਜਿਹਾ ਖਾਕਾ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਵਿੱਚ ਸਾਰੇ ਆਗੂ ਫਿੱਟ ਬੈਠ ਸਕਣ। ਇਸੇ ਦੌਰਾਨ ਰਾਹੁਲ ਗਾਂਧੀ ਵਿਦੇਸ਼ ਚਲੇ ਗਏ ਹਨ ਅਤੇ ਇਸ ਸਬੰਧੀ ਅਜੇ ਕੋਈ ਅਧਿਕਾਰਤ ਹੁਕਮ ਜਾਰੀ ਨਹੀਂ ਹੋਇਆ ਹੈ। ਹਾਲਾਂਕਿ, ਪਾਰਟੀ ਹਾਈਕਮਾਨ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਪਾਰਟੀ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਵੇਗਾ।

Latest News