Wednesday, 7th of October 2026

ਵਿਜੀਲੈਂਸ ਦਾ ਵੱਡਾ ਐਕਸ਼ਨ: 6000 ਰੁਪਏ ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਦਾ ਰੀਡਰ ਰੰਗੇ ਹੱਥੀਂ ਕਾਬੂ

Edited By: Lajwinder Kaur | Updated at:
ਵਿਜੀਲੈਂਸ ਦਾ ਵੱਡਾ ਐਕਸ਼ਨ: 6000 ਰੁਪਏ ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਦਾ ਰੀਡਰ ਰੰਗੇ ਹੱਥੀਂ ਕਾਬੂ

ਵਿਜੀਲੈਂਸ ਦਾ ਵੱਡਾ ਐਕਸ਼ਨ: 6000 ਰੁਪਏ ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਦਾ ਰੀਡਰ ਰੰਗੇ ਹੱਥੀਂ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਵਿਜੀਲੈਂਸ ਟੀਮ ਨੇ ਸਮਾਣਾ (ਜ਼ਿਲ੍ਹਾ ਪਟਿਆਲਾ) ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਦੇ ਰੀਡਰ ਸੰਜੀਵ ਸਭਰਵਾਲ ਨੂੰ 6,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਕੀ ਹੈ ਪੂਰਾ ਮਾਮਲਾ?

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗ੍ਰਿਫਤਾਰੀ ਪਿੰਡ ਢੈਂਥਲ, ਤਹਿਸੀਲ ਸਮਾਣਾ ਦੇ ਇੱਕ ਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਭਰਾ ਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਇੱਕ ਬੈਂਕ ਤੋਂ 11 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਵਿੱਚ ਉਨ੍ਹਾਂ ਦਾ ਘਰ ਜ਼ਮਾਨਤ ਵਜੋਂ ਗਿਰਵੀ ਰੱਖਿਆ ਗਿਆ ਸੀ। ਕਰਜ਼ੇ ਦੀਆਂ ਕਿਸ਼ਤਾਂ ਨਾ ਭਰੇ ਜਾਣ ਕਾਰਨ, ਐਸ.ਏ.ਆਰ.ਐਫ.ਏ.ਐਸ.ਆਈ. (SARFAESI) ਐਕਟ ਦੀ ਧਾਰਾ 14 ਤਹਿਤ ਕਾਰਵਾਈ ਨਾਇਬ ਤਹਿਸੀਲਦਾਰ-ਕਮ-ਕਾਰਜਕਾਰੀ ਮੈਜਿਸਟ੍ਰੇਟ, ਸਮਾਣਾ ਦੇ ਦਫ਼ਤਰ ਵਿੱਚ ਚੱਲ ਰਹੀ ਸੀ, ਜਿਸ ਦੇ ਚੱਲਦਿਆਂ ਜਾਇਦਾਦ ਦਾ ਕਬਜ਼ਾ ਲੈਣ ਦੇ ਆਦੇਸ਼ ਜਾਰੀ ਹੋ ਗਏ ਸਨ।

ਰੀਡਰ ਨੇ ਮੰਗੀ ਸੀ 25 ਹਜ਼ਾਰ ਰਿਸ਼ਵਤ

ਜਦੋਂ ਸ਼ਿਕਾਇਤਕਰਤਾ ਇਸ ਕਾਰਵਾਈ ਵਿੱਚ ਦੇਰੀ ਕਰਵਾਉਣ ਲਈ ਸਮਾਣਾ ਦੇ ਨਾਇਬ ਤਹਿਸੀਲਦਾਰ ਦਫ਼ਤਰ ਪਹੁੰਚਿਆ, ਤਾਂ ਉਥੇ ਤਾਇਨਾਤ ਰੀਡਰ ਸੰਜੀਵ ਸਭਰਵਾਲ ਨੇ ਕੇਸ ਨੂੰ ਲਟਕਾਉਣ ਬਦਲੇ 25,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਕਾਫ਼ੀ ਗੱਲਬਾਤ ਤੋਂ ਬਾਅਦ, ਰੀਡਰ 6,000 ਰੁਪਏ ਦੀ ਪਹਿਲੀ ਕਿਸ਼ਤ ਲੈਣ ਲਈ ਸਹਿਮਤ ਹੋ ਗਿਆ ਅਤੇ ਬਾਕੀ ਰਕਮ 6 ਜੁਲਾਈ 2026 ਤੋਂ ਬਾਅਦ ਦੇਣ ਲਈ ਕਿਹਾ।

ਵਿਜੀਲੈਂਸ ਨੇ ਵਿਛਾਇਆ ਜਾਲ

ਸ਼ਿਕਾਇਤਕਰਤਾ ਰਿਸ਼ਵਤ ਦੇਣ ਦਾ ਚਾਹਵਾਨ ਨਹੀਂ ਸੀ, ਜਿਸ ਕਾਰਨ ਉਸਨੇ ਪਟਿਆਲਾ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ। ਵਿਜੀਲੈਂਸ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਮੁਲਜ਼ਮ ਰੀਡਰ ਸੰਜੀਵ ਸਭਰਵਾਲ ਨੂੰ 6,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਅਗਲੇਰੀ ਕਾਰਵਾਈ ਜਾਰੀ

ਇਸ ਸਬੰਧ ਵਿੱਚ ਦੋਸ਼ੀ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਹੋਰ ਵੀ ਕਈ ਤੱਥ ਸਾਹਮਣੇ ਆ ਸਕਦੇ ਹਨ।