PRTC ਦੇ ਬੇੜੇ 'ਚ ਸ਼ਾਮਲ ਹੋਈਆਂ 250 ਨਵੀਆਂ ਬੱਸਾਂ, CM ਮਾਨ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ, ਵਿਰੋਧੀਆਂ 'ਤੇ ਸਾਧੇ ਤਿੱਖੇ ਨਿਸ਼ਾਨੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਪੀ.ਆਰ.ਟੀ.ਸੀ. (PRTC) ਦੇ ਬੇੜੇ ਵਿੱਚ 250 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨੇ ਕਈ ਨਵੇਂ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ। ਬੱਸਾਂ ਨੂੰ ਰਵਾਨਾ ਕਰਨ ਤੋਂ ਬਾਅਦ ਆਪਣੇ ਸੰਬੋਧਨ ਦੌਰਾਨ ਸੀ.ਐਮ. ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ 'ਤੇ ਜੰਮ ਕੇ ਸਿਆਸੀ ਹਮਲੇ ਕੀਤੇ।

ਮੁੱਖ ਮੰਤਰੀ ਦੇ ਨਿਸ਼ਾਨੇ 'ਤੇ ਖ਼ਾਸ ਕਰਕੇ ਸੁਖਬੀਰ ਸਿੰਘ ਬਾਦਲ ਰਹੇ। ਮਾਨ ਨੇ ਤੰਜ ਕੱਸਦਿਆਂ ਕਿਹਾ ਕਿ ਕਾਂਗਰਸ ਵਿੱਚ ਤਾਂ ਘੰਟੇ-ਘੰਟੇ ਲਈ ਮੁੱਖ ਮੰਤਰੀ ਬਣਦੇ ਰਹੇ ਹਨ, ਜਦਕਿ ਸੁਖਬੀਰ ਬਾਦਲ ਹੁਣ ਬਿਨਾਂ ਕਿਸੇ ਮਕਸਦ ਦੇ ਬਾਈਕ 'ਤੇ ਘੁੰਮ ਰਹੇ ਹਨ। ਉਨ੍ਹਾਂ ਸਵਾਲ ਉਠਾਇਆ ਕਿ ਗੰਨਮੈਨਾਂ ਤੋਂ ਬਿਨਾਂ ਇਨ੍ਹਾਂ ਲੀਡਰਾਂ ਨੂੰ ਜਾਣਦਾ ਕੌਣ ਹੈ? ਮਾਨ ਨੇ ਅੱਗੇ ਕਿਹਾ ਕਿ ਇਨ੍ਹਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਦਾ ਪੈਸਾ ਲੁੱਟਿਆ ਹੈ, ਜਦਕਿ 'ਆਪ' ਸਰਕਾਰ ਉਹੀ ਪੈਸਾ ਸਹੂਲਤਾਂ ਦੇ ਰੂਪ ਵਿੱਚ ਲੋਕਾਂ ਨੂੰ ਮੋੜ ਰਹੀ ਹੈ।
ਸੀ.ਐਮ. ਮਾਨ ਨੇ ਵਿਰੋਧੀਆਂ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਾਰੰਟੀਆਂ ਸਰਕਾਰ ਬਣਨ ਦੇ ਚਾਰ ਸਾਲਾਂ ਦੇ ਅੰਦਰ ਹੀ ਪੂਰੀਆਂ ਕਰ ਦਿੱਤੀਆਂ ਹੋਣ। ਉਨ੍ਹਾਂ ਕਿਹਾ ਕਿ ਅਸੀਂ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ SC ਅਤੇ BC ਪਰਿਵਾਰਾਂ ਦੀਆਂ ਔਰਤਾਂ ਨੂੰ 1500 ਰੁਪਏ ਦੇਣ ਦਾ ਫੈਸਲਾ ਕੀਤਾ ਹੈ।
ਮਾਨ ਨੇ ਵਿਰੋਧੀ ਲੀਡਰਾਂ 'ਤੇ ਤੰਜ ਕੱਸਦਿਆਂ ਕਿਹਾ ਕਿ ਉਹ ਲੋਕ ਪੁੱਛਦੇ ਹਨ ਕਿ 1500 ਰੁਪਏ ਨਾਲ ਕੀ ਹੁੰਦਾ ਹੈ? ਸ਼ਾਇਦ ਉਹ ਨੇਤਾ ਇੱਕ ਵਾਰ ਦੇ ਰਾਤ ਦੇ ਖਾਣੇ 'ਤੇ 10 ਹਜ਼ਾਰ ਰੁਪਏ ਖਰਚ ਕਰ ਦਿੰਦੇ ਹੋਣਗੇ ਅਤੇ 1500 ਰੁਪਏ ਤਾਂ ਵੇਟਰ ਨੂੰ ਟਿਪ ਦੇ ਦਿੰਦੇ ਹੋਣਗੇ, ਕਿਉਂਕਿ ਉਨ੍ਹਾਂ ਕੋਲ ਜਨਤਾ ਦਾ ਲੁੱਟਿਆ ਹੋਇਆ ਮਾਲ ਹੈ। ਪਰ ਇੱਕ ਗਰੀਬ ਪਰਿਵਾਰ ਨੂੰ ਪੁੱਛ ਕੇ ਦੇਖੋ, ਜਿੱਥੇ ਦੋ ਔਰਤਾਂ ਨੂੰ 3000 ਰੁਪਏ ਮਿਲਣਗੇ, ਉਨ੍ਹਾਂ ਦਾ ਪੂਰਾ ਮਹੀਨਾ ਸੁਖਾਲਾ ਲੰਘ ਜਾਂਦਾ ਹੈ।
ਫਿੰਗਰਪ੍ਰਿੰਟ ਦੀ ਸ਼ਰਤ ਹਟਾਈ, ਹੁਣ ਸਿਰਫ਼ ਫੋਟੋ ਹੀ ਹੋਵੇਗੀ ਜ਼ਰੂਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ ਨੂੰ ਰਾਹਤ ਦਿੰਦਿਆਂ ਐਲਾਨ ਕੀਤਾ ਕਿ ਪੈਨਸ਼ਨ ਦੇ ਫਾਰਮ ਭਰਨ ਵੇਲੇ ਆ ਰਹੀਆਂ ਮੁਸ਼ਕਲਾਂ ਨੂੰ ਦੇਖਦਿਆਂ ਫਿੰਗਰਪ੍ਰਿੰਟ (ਉਂਗਲਾਂ ਦੇ ਨਿਸ਼ਾਨ) ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਲੱਗਿਆ ਸੀ ਕਿ ਕਈ ਮਾਤਾਵਾਂ-ਭੈਣਾਂ ਦੇ ਫਿੰਗਰਪ੍ਰਿੰਟ ਮੈਚ ਨਹੀਂ ਕਰ ਰਹੇ ਸਨ, ਇਸ ਲਈ ਹੁਣ ਸਿਰਫ਼ ਫੋਟੋ ਖਿੱਚ ਕੇ ਹੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।
ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ
ਇਸ ਦੌਰਾਨ ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਸੀ.ਐਮ. ਮਾਨ ਨੇ ਕਿਹਾ ਕਿ ਸੁਖਬੀਰ ਬਾਦਲ 'ਆਪ' ਵਰਕਰਾਂ ਨੂੰ 'ਮਲੰਗ' ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ। ਉਨ੍ਹਾਂ ਕਿਹਾ, "ਮੈਂ ਅਕਾਲੀ ਦਲ ਦੇ ਲੀਡਰਾਂ ਨੂੰ ਚੋਰ ਕਹਿੰਦਾ ਹਾਂ, ਪਰ ਵਰਕਰਾਂ ਨੂੰ ਕਦੇ ਕੁਝ ਨਹੀਂ ਕਿਹਾ ਕਿਉਂਕਿ ਉਹ ਸਾਡੇ ਵਿੱਚੋਂ ਹੀ ਹਨ।" ਮਾਨ ਨੇ ਅੱਗੇ ਕਿਹਾ ਕਿ ਜਦੋਂ ਮੈਂ ਕਲਾਕਾਰ ਸੀ, ਉਦੋਂ ਇਹ ਲੋਕ ਪੈਸੇ ਦੇ ਕੇ ਪ੍ਰੋਗਰਾਮਾਂ ਲਈ ਬੁਲਾਉਂਦੇ ਸੀ, ਪਰ ਹੁਣ ਜਦੋਂ ਭਗਵੰਤ ਮਾਨ ਇਨ੍ਹਾਂ ਦੀਆਂ ਕੁਰਸੀਆਂ 'ਤੇ ਬੈਠ ਗਿਆ ਹੈ, ਤਾਂ ਇਨ੍ਹਾਂ ਨੂੰ 'ਮਲੰਗ' ਨਜ਼ਰ ਆਉਣ ਲੱਗ ਪਿਆ ਹੈ।
ਸੀ.ਐਮ. ਮਾਨ ਨੇ ਵਿਰੋਧੀਆਂ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਤੁਸੀਂ ਸਾਡੇ ਬਜ਼ੁਰਗਾਂ ਦੀਆਂ ਦਵਾਈਆਂ ਅਤੇ ਬੱਚਿਆਂ ਦੀ ਪੜ੍ਹਾਈ ਦਾ ਹੱਕ ਖਾ ਕੇ 'ਖਾਨਦਾਨੀ' ਬਣ ਗਏ ਹੋ, ਜਦਕਿ ਸਾਨੂੰ 'ਮਲੰਗ' ਕਹਿੰਦੇ ਹੋ। ਉਨ੍ਹਾਂ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਤੁਹਾਡਾ ਨਿਬੇੜਾ ਤਾਂ ਹੁਣ ਪ੍ਰਮਾਤਮਾ ਦੀ ਕਚਹਿਰੀ ਵਿੱਚ ਹੀ ਹੋਵੇਗਾ। ਮਾਨ ਨੇ ਕਿਹਾ ਕਿ ਇਹ ਲੋਕ 'ਰਾਜ ਨਹੀਂ ਸੇਵਾ' ਦਾ ਨਾਅਰਾ ਦਿੰਦੇ ਸਨ, ਪਰ ਅਸਲ ਵਿੱਚ ਇਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ।
ਉਨ੍ਹਾਂ ਅੱਗੇ ਇਲਜ਼ਾਮ ਲਾਇਆ ਕਿ ਪਿਛਲੀਆਂ ਸਰਕਾਰਾਂ ਨੇ ਚਿੱਟੇ (ਨਸ਼ੇ) ਦੇ ਵਪਾਰੀਆਂ ਨੂੰ ਤਾਕਤ ਦਿੱਤੀ ਅਤੇ ਲਾਲ ਬੱਤੀ ਵਾਲੀਆਂ ਗੱਡੀਆਂ ਵਿੱਚ ਨਸ਼ਾ ਸਪਲਾਈ ਹੋਣ ਲੱਗਾ, ਜਿਸ ਕਾਰਨ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਭੱਜਣ ਲਈ ਮਜਬੂਰ ਹੋ ਗਈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਬਹੁਤ ਮੁਸ਼ਕਲ ਨਾਲ ਪੰਜਾਬ ਨੂੰ ਇਨ੍ਹਾਂ ਤੋਂ ਬਚਾਇਆ ਹੈ ਅਤੇ ਹੁਣ ਇਹੀ ਲੋਕ 'ਪੰਜਾਬ ਬਚਾਓ' ਦਾ ਢੌਂਗ ਕਰ ਰਹੇ ਹਨ।
ਸੀ.ਐਮ. ਮਾਨ ਨੇ ਕਾਂਗਰਸ ਦੀ ਅੰਦਰੂਨੀ ਫੁੱਟ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਵਿੱਚ ਤਾਂ ਘੰਟੇ-ਘੰਟੇ ਲਈ ਮੁੱਖ ਮੰਤਰੀ ਬਣਦੇ ਹਨ ਕਿਉਂਕਿ ਉਹ ਆਪਸ ਵਿੱਚ ਹੀ ਲੜਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਸਟੇਜਾਂ 'ਤੇ ਭੀੜ ਸਾਹਮਣੇ ਘੱਟ ਅਤੇ ਸਟੇਜ ਦੇ ਪਿੱਛੇ ਆਗੂਆਂ ਦੀ ਜ਼ਿਆਦਾ ਹੁੰਦੀ ਹੈ, ਕਿਉਂਕਿ ਉਨ੍ਹਾਂ ਦੀ ਲੜਾਈ ਸਿਰਫ਼ ਕੁਰਸੀ ਲਈ ਹੈ।
ਉਨ੍ਹਾਂ ਕਾਂਗਰਸੀ ਲੀਡਰਾਂ ਦੇ ਨਾਂ ਲੈ ਕੇ ਤੰਜ ਕੱਸਿਆ ਕਿ ਚੰਨੀ ਦੀ ਬਾਜਵਾ ਨਾਲ ਨਹੀਂ ਬਣਦੀ, ਬਾਜਵਾ ਦੀ ਵੜਿੰਗ ਨਾਲ ਨਹੀਂ ਬਣਦੀ ਅਤੇ ਵੜਿੰਗ ਦੀ ਸਿੱਧੂ ਨਾਲ ਨਹੀਂ ਬਣਦੀ। ਨਵਜੋਤ ਸਿੱਧੂ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਉਸ ਦੀ ਤਾਂ ਕਿਸੇ ਨਾਲ ਵੀ ਨਹੀਂ ਬਣਦੀ, ਉਸ ਦਾ ਆਪਣਾ ਹੀ ਵੱਖਰਾ ਘੋੜਾ ਹੈ ਜਿਸ ਨੂੰ ਉਹ ਇਕੱਲਾ ਹੀ ਭਜਾਈ ਫਿਰਦਾ ਹੈ। ਇਨ੍ਹਾਂ ਸਾਰਿਆਂ ਦਾ ਏਜੰਡਾ ਸਿਰਫ਼ ਇੱਕ-ਦੂਜੇ ਨੂੰ ਨੀਵਾਂ ਦਿਖਾਉਣਾ ਹੈ।