ਸਿਆਸੀ ਗਲਿਆਰਿਆਂ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮ ਆਈ ਹੈ। ਭਾਜਪਾ ਦੇ ਪੱਛੜੇ ਵਰਗ ਸੈੱਲ ਨਾਲ ਜੁੜੇ ਅਤੇ 'ਹਿੰਦੁਸਤਾਨ ਪੱਛੜਾ ਮੋਰਚਾ' ਦੇ ਪ੍ਰਧਾਨ ਸਾਬਕਾ ਰਾਜ ਮੰਤਰੀ ਨਾਨਕਦੀਨ ਭੂਰਜੀ (55) ਨੇ ਹਜ਼ਰਤਗੰਜ ਸਥਿਤ ਨਵੇਂ ਵਿਧਾਇਕ ਨਿਵਾਸ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਸਿਆਸੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਮਾਨਸਿਕ ਤਣਾਅ ਅਤੇ ਡਿਪਰੈਸ਼ਨ ਨਾਲ ਜੂਝ ਰਹੇ ਸਨ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਦੁਪਹਿਰ ਕਰੀਬ 2 ਵਜੇ ਵਾਪਰੀ। ਹਜ਼ਰਤਗੰਜ ਦੇ ਏਸੀਪੀ ਰਜਨੀਸ਼ ਵਰਮਾ ਨੇ ਦੱਸਿਆ ਕਿ ਮੌਕੇ ਦੀਆਂ ਸੀਸੀਟੀਵੀ ਫੁਟੇਜ ਵਿੱਚ ਉਹ ਛਾਲ ਮਾਰਦੇ ਹੋਏ ਦਿਖਾਈ ਦੇ ਰਹੇ ਹਨ। ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਹ ਕੁਝ ਸਮੇਂ ਤੋਂ ਮਾਨਸਿਕ ਤਣਾਅ ਅਤੇ ਡਿਪਰੈਸ਼ਨ ਤੋਂ ਪੀੜਤ ਸਨ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।

ਹਸਪਤਾਲ ਵਿੱਚ ਡਾਕਟਰਾਂ ਨੇ ਕੀਤਾ ਮ੍ਰਿਤਕ ਐਲਾਨ
ਸੱਤਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਵਿੱਚ ਉਨ੍ਹਾਂ ਦੀਆਂ ਦੋਵੇਂ ਲੱਤਾਂ ਫ੍ਰੈਕਚਰ ਹੋ ਗਈਆਂ ਅਤੇ ਸਰੀਰ 'ਤੇ ਕਈ ਡੂੰਘੇ ਜ਼ਖ਼ਮ ਆਏ। ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਬਹੁਤ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਨਾਜ਼ੁਕ ਹਾਲਤ ਦੇ ਚਲਦੇ ਤਮ ਤੋੜ ਗਏ, ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਜਪਾ ਓਬੀਸੀ ਮੋਰਚਾ ਦੇ ਸੂਬਾ ਪ੍ਰਧਾਨ ਪ੍ਰਕਾਸ਼ ਪਾਲ ਅਤੇ ਹੋਰ ਪਾਰਟੀ ਆਗੂ ਤੁਰੰਤ ਹਸਪਤਾਲ ਪਹੁੰਚੇ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਅਤੇ ਆਸ-ਪਾਸ ਦੇ ਇਲਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਰਾਜਨੀਤਿਕ ਸਫ਼ਰ:
ਨਾਨਕਦੀਨ ਭੂਰਜੀ ਲੰਬੇ ਸਮੇਂ ਤੱਕ ਪੱਛੜੇ ਵਰਗ ਦੀ ਰਾਜਨੀਤੀ ਵਿੱਚ ਸਰਗਰਮ ਰਹੇ। ਸਾਲ 2006 ਵਿੱਚ ਉਨ੍ਹਾਂ ਨੂੰ ਸਮਾਜਵਾਦੀ ਪਾਰਟੀ ਦੀ ਸਰਕਾਰ ਦੌਰਾਨ ਦਰਜਾ ਪ੍ਰਾਪਤ ਰਾਜ ਮੰਤਰੀ ਬਣਾਇਆ ਗਿਆ ਸੀ ਅਤੇ ਉਨ੍ਹਾਂ ਦੀ ਗਿਣਤੀ ਮੁਲਾਇਮ ਸਿੰਘ ਯਾਦਵ ਦੇ ਕਰੀਬੀ ਨੇਤਾਵਾਂ ਵਿੱਚ ਹੁੰਦੀ ਸੀ। ਸਾਲ 2009 ਵਿੱਚ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਪਲ੍ਹੜਾ ਫੜ ਲਿਆ, ਜਿਸ ਤੋਂ ਬਾਅਦ ਉਹ ਭਾਜਪਾ ਦੇ ਪੱਛੜੇ ਵਰਗ (ਓ.ਬੀ.ਸੀ.) ਮੋਰਚੇ ਨਾਲ ਜੁੜ ਗਏ ਅਤੇ ਪਾਰਟੀ ਵਿੱਚ ਸਰਗਰਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਉਨ੍ਹਾਂ ਨੇ 'ਹਿੰਦੁਸਤਾਨ ਪੱਛੜਾ ਮੋਰਚਾ' ਨਾਂ ਦੀ ਜਥੇਬੰਦੀ ਵੀ ਬਣਾਈ ਸੀ, ਜਿਸ ਦੇ ਉਹ ਰਾਸ਼ਟਰੀ ਪ੍ਰਧਾਨ ਵੀ ਰਹੇ। ਫ਼ਿਲਹਾਲ, ਪੋਸਟਮਾਰਟਮ ਦੀ ਰਿਪੋਰਟ ਅਤੇ ਪੁਲਿਸ ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਸੱਤਵੀਂ ਮੰਜ਼ਿਲ ਤੋਂ ਡਿੱਗਣ ਦੇ ਪਿੱਛੇ ਹਾਦਸਾ ਸੀ, ਖ਼ੁਦਕੁਸ਼ੀ ਸੀ ਜਾਂ ਕੋਈ ਹੋਰ ਵਜ੍ਹਾ।