Thursday, 26th of November 2026

ਬਾਹੂਬਲੀ ਆਗੂ ਆਨੰਦ ਮੋਹਨ ਦੀ ਰਿਹਾਈ ਦਾ ਹੁਕਮ ਸੁਪਰੀਮ ਕੋਰਟ ਨੇ ਕੀਤਾ ਰੱਦ, ਇੱਕ ਮਹੀਨੇ ਅੰਦਰ ਸਰੰਡਰ ਕਰਨ ਦੇ ਆਦੇਸ਼

ਬਿਹਾਰ ਦੇ ਬਾਹੂਬਲੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਆਨੰਦ ਮੋਹਨ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਗੋਪਾਲਗੰਜ ਦੇ ਤਤਕਾਲੀ ਜ਼ਿਲ੍ਹਾ ਮੈਜਿਸਟ੍ਰੇਟ (DM) ਜੀ. ਕ੍ਰਿਸ਼ਨੱਈਆ ਕਤਲ ਮਾਮਲੇ ਵਿੱਚ ਆਨੰਦ ਮੋਹਨ ਦੀ ਸਮੇਂ ਤੋਂ ਪਹਿਲਾਂ ਹੋਈ ਰਿਹਾਈ ਦਾ ਹੁਕਮ ਰੱਦ ਕਰ ਦਿੱਤਾ ਹੈ।

Edited By: Lajwinder Kaur | Updated at:
ਬਾਹੂਬਲੀ ਆਗੂ ਆਨੰਦ ਮੋਹਨ ਦੀ ਰਿਹਾਈ ਦਾ ਹੁਕਮ ਸੁਪਰੀਮ ਕੋਰਟ ਨੇ ਕੀਤਾ ਰੱਦ, ਇੱਕ ਮਹੀਨੇ ਅੰਦਰ ਸਰੰਡਰ ਕਰਨ ਦੇ ਆਦੇਸ਼

ਬਾਹੂਬਲੀ ਆਗੂ ਆਨੰਦ ਮੋਹਨ ਦੀ ਰਿਹਾਈ ਦਾ ਹੁਕਮ ਸੁਪਰੀਮ ਕੋਰਟ ਨੇ ਕੀਤਾ ਰੱਦ, ਇੱਕ ਮਹੀਨੇ ਅੰਦਰ ਸਰੰਡਰ ਕਰਨ ਦੇ ਆਦੇਸ਼

ਬਿਹਾਰ ਦੇ ਬਾਹੂਬਲੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਆਨੰਦ ਮੋਹਨ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਗੋਪਾਲਗੰਜ ਦੇ ਤਤਕਾਲੀ ਜ਼ਿਲ੍ਹਾ ਮੈਜਿਸਟ੍ਰੇਟ (DM) ਜੀ. ਕ੍ਰਿਸ਼ਨੱਈਆ ਕਤਲ ਮਾਮਲੇ ਵਿੱਚ ਆਨੰਦ ਮੋਹਨ ਦੀ ਸਮੇਂ ਤੋਂ ਪਹਿਲਾਂ ਹੋਈ ਰਿਹਾਈ ਦਾ ਹੁਕਮ ਰੱਦ ਕਰ ਦਿੱਤਾ ਹੈ। ਅਦਾਲਤ ਨੇ ਉਨ੍ਹਾਂ ਨੂੰ ਇੱਕ ਮਹੀਨੇ ਦੇ ਅੰਦਰ ਆਤਮ-ਸਮਰਪਣ (ਸਰੰਡਰ) ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਬਿਹਾਰ ਸਰਕਾਰ ਦੀ ਉਸ ਨੀਤੀ 'ਤੇ ਵੀ ਸਵਾਲ ਚੁੱਕੇ ਹਨ, ਜਿਸ ਤਹਿਤ ਸਰਕਾਰੀ ਮੁਲਾਜ਼ਮ ਦੀ ਹੱਤਿਆ ਦੇ ਦੋਸ਼ੀ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਦੇ ਯੋਗ ਬਣਾਇਆ ਗਿਆ ਸੀ।

ਕੀ ਹੈ ਪੂਰਾ ਮਾਮਲਾ?

ਇਹ ਮਾਮਲਾ ਸਾਲ 1994 ਦਾ ਹੈ, ਜਦੋਂ ਬਿਹਾਰ ਦੇ ਗੋਪਾਲਗੰਜ ਦੇ ਤਤਕਾਲੀ ਜ਼ਿਲ੍ਹਾ ਮੈਜਿਸਟ੍ਰੇਟ ਜੀ. ਕ੍ਰਿਸ਼ਨੱਈਆ ਦੀ ਭੀੜ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਆਨੰਦ ਮੋਹਨ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਬਿਹਾਰ ਸਰਕਾਰ ਵੱਲੋਂ ਜੇਲ੍ਹ ਨਿਯਮਾਂ ਵਿੱਚ ਕੀਤੇ ਗਏ ਬਦਲਾਅ ਤੋਂ ਬਾਅਦ ਆਨੰਦ ਮੋਹਨ ਨੂੰ 14 ਸਾਲ ਜੇਲ੍ਹ ਵਿੱਚ ਰਹਿਣ ਮਗਰੋਂ 24 ਅਪ੍ਰੈਲ 2023 ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਇਸ ਰਿਹਾਈ ਖ਼ਿਲਾਫ਼ ਮ੍ਰਿਤਕ ਆਈਏਐੱਸ ਅਧਿਕਾਰੀ ਜੀ. ਕ੍ਰਿਸ਼ਨੱਈਆ ਦੀ ਪਤਨੀ ਉਮਾ ਕ੍ਰਿਸ਼ਨੱਈਆ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।

ਸੁਪਰੀਮ ਕੋਰਟ ਨੇ ਬਿਹਾਰ ਸਰਕਾਰ ਦੀ ਨੀਤੀ 'ਤੇ ਚੁੱਕੇ ਸਵਾਲ

ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਸ਼ੀਲ ਨਾਗੂ ਦੇ ਬੈਂਚ ਨੇ ਕਿਹਾ ਕਿ ਬਿਹਾਰ ਸਰਕਾਰ ਨੇ ਸਾਲ 2023 ਵਿੱਚ ਬਿਨਾਂ ਕਿਸੇ ਠੋਸ ਕਾਰਨ ਜਾਂ ਸਪੱਸ਼ਟ ਉਦੇਸ਼ ਦੇ ਰਿਹਾਈ ਨੀਤੀ ਵਿੱਚ ਬਦਲਾਅ ਕੀਤਾ ਸੀ। ਇਸ ਸੋਧ ਰਾਹੀਂ ਸਰਕਾਰੀ ਮੁਲਾਜ਼ਮ ਦੀ ਹੱਤਿਆ ਦੇ ਦੋਸ਼ੀ ਨੂੰ ਵੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਯੋਗ ਬਣਾਇਆ ਗਿਆ ਸੀ।

ਅਦਾਲਤ ਨੇ ਕਿਹਾ ਕਿ ਸੂਬਾ ਸਰਕਾਰ ਇਸ ਬਦਲਾਅ ਪਿੱਛੇ ਕੋਈ ਜਾਇਜ਼ ਅਤੇ ਤਰਕਸੰਗਤ ਜਨਤਕ ਉਦੇਸ਼ ਸਾਬਤ ਕਰਨ ਵਿੱਚ ਅਸਫਲ ਰਹੀ ਹੈ। ਇਸ ਲਈ ਇਹ ਫ਼ੈਸਲਾ ਸੰਵਿਧਾਨ ਦੀਆਂ ਧਾਰਾਵਾਂ 14 ਅਤੇ 21 ਦੀ ਉਲੰਘਣਾ ਕਰਦਾ ਹੈ।

ਪੀੜਤ ਪਰਿਵਾਰ ਦੇ ਅਧਿਕਾਰਾਂ ਨੂੰ ਵੀ ਦੇਣਾ ਹੋਵੇਗਾ ਮਹੱਤਵ

ਸੁਪਰੀਮ ਕੋਰਟ ਨੇ ਕਿਹਾ ਕਿ ਸਜ਼ਾ ਵਿੱਚ ਛੋਟ ਜਾਂ ਸਮੇਂ ਤੋਂ ਪਹਿਲਾਂ ਰਿਹਾਈ ਦੇ ਮਾਮਲਿਆਂ ਵਿੱਚ ਸੰਵਿਧਾਨ ਦੀ ਧਾਰਾ 21 ਨੂੰ ਸਿਰਫ਼ ਦੋਸ਼ੀ ਦੇ ਅਧਿਕਾਰਾਂ ਤੱਕ ਸੀਮਤ ਕਰਕੇ ਨਹੀਂ ਦੇਖਿਆ ਜਾ ਸਕਦਾ। ਇਸ ਵਿੱਚ ਪੀੜਤ ਦੇ ਅਧਿਕਾਰਾਂ ਦੇ ਨਾਲ-ਨਾਲ ਉਸ ਦੇ ਪਰਿਵਾਰ ਦੇ ਅਧਿਕਾਰ ਵੀ ਸ਼ਾਮਲ ਹਨ।

ਅਦਾਲਤ ਮੁਤਾਬਕ, ਜੇਕਰ ਪੀੜਤ ਦੀ ਮੌਤ ਹੋ ਚੁੱਕੀ ਹੈ ਤਾਂ ਉਸ ਦੇ ਪਰਿਵਾਰ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਹੈ। ਇੱਕ ਸਨਮਾਨਜਨਕ ਅਤੇ ਡਰ-ਮੁਕਤ ਜੀਵਨ ਯਕੀਨੀ ਬਣਾਉਣ ਲਈ ਦੋਸ਼ੀ ਅਤੇ ਪੀੜਤ ਪਰਿਵਾਰ ਦੋਵਾਂ ਦੇ ਅਧਿਕਾਰਾਂ ਵਿਚਕਾਰ ਸੰਤੁਲਨ ਬਣਾਉਣਾ ਜ਼ਰੂਰੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਕਿ ਇੱਕ ਧਿਰ ਦੇ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਜਾਵੇ।

ਉਮਾ ਕ੍ਰਿਸ਼ਨੱਈਆ ਨੂੰ ਆਪਣਾ ਪੱਖ ਰੱਖਣ ਦਾ ਮਿਲੇਗਾ ਮੌਕਾ

ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਬਿਹਾਰ ਸਰਕਾਰ ਪੀੜਤ ਅਧਿਕਾਰੀ ਦੀ ਪਤਨੀ ਉਮਾ ਕ੍ਰਿਸ਼ਨੱਈਆ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦੇਣ ਤੋਂ ਬਾਅਦ ਸਜ਼ਾ ਵਿੱਚ ਛੋਟ ਦੇਣ ਦੀ ਪ੍ਰਕਿਰਿਆ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਦੀ ਹੈ। ਹਾਲਾਂਕਿ, ਇਸ ਲਈ ਸਰਕਾਰ ਨੂੰ ਕਾਨੂੰਨੀ ਪ੍ਰਕਿਰਿਆ ਅਤੇ ਸਾਰੇ ਸਬੰਧਤ ਪੱਖਾਂ ਦੇ ਅਧਿਕਾਰਾਂ ਦਾ ਧਿਆਨ ਰੱਖਣਾ ਹੋਵੇਗਾ।

ਫਿਲਹਾਲ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਆਨੰਦ ਮੋਹਨ ਨੂੰ ਇੱਕ ਮਹੀਨੇ ਦੇ ਅੰਦਰ ਜੇਲ੍ਹ ਵਿੱਚ ਆਤਮ-ਸਮਰਪਣ ਕਰਨਾ ਪਵੇਗਾ। ਇਸ ਫ਼ੈਸਲੇ ਨਾਲ ਬਿਹਾਰ ਦੀ ਰਾਜਨੀਤੀ ਵਿੱਚ ਵੀ ਹਲਚਲ ਤੇਜ਼ ਹੋਣ ਦੀ ਸੰਭਾਵਨਾ ਹੈ।