Trending:
New Gratuity Rules: ਗ੍ਰੈਚੁਟੀ ਲੈਣ ਲਈ ਹੁਣ 5 ਸਾਲ ਦੀ ਨੌਕਰੀ ਜ਼ਰੂਰੀ ਨਹੀਂ; ਸਾਲ ਭਰ 'ਚ ਹੀ ਮਿਲੇਗਾ ਲਾਭ, ਬਦਲ ਗਏ ਕਈ ਹੋਰ ਨਿਯਮ
New Gratuity Rules: 1 ਅਪ੍ਰੈਲ ਤੋਂ ਨਵੇਂ ਵਿੱਤੀ ਵਰ੍ਹੇ ਦਾ ਆਗਾਜ਼ ਹੋ ਗਿਆ ਹੈ, ਜਿਸ ਕਰਕੇ ਕਈ ਵਿੱਤੀ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਹੋਏ ਹਨ। ਜੇਕਰ ਤੁਸੀਂ ਨੌਕਰੀ ਪੇਸ਼ਾ ਵਾਲੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਗ੍ਰੈਚੁਟੀ ਨੂੰ ਲੈ ਕੇ ਅਹਿਮ ਅਤੇ ਵੱਡੇ ਬਦਲਾਅ ਹੋਏ ਹਨ।
ਨਵੇਂ ਲੇਬਰ ਕੋਡ ਲਾਗੂ
ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਤੁਹਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ। ਇੱਕ ਅਪ੍ਰੈਲ 2026, ਯਾਨੀ ਕਿ ਕੱਲ੍ਹ ਤੋਂ ਕਿਰਤ ਕਾਨੂੰਨਾਂ (Labor Laws) ਵਿੱਚ ਵੱਡਾ ਬਦਲਾਅ ਹੋ ਗਿਆ ਹੈ। ਹੁਣ ਪੁਰਾਣੇ ਕਿਰਤ ਕਾਨੂੰਨਾਂ ਦੀ ਥਾਂ ਨਵੇਂ ਲੇਬਰ ਕੋਡ (New Labour Codes) ਲਾਗੂ ਹੋ ਗਏ ਹਨ। ਇਸ ਨਾਲ ਨੌਕਰੀਪੇਸ਼ਾ ਲੋਕਾਂ ਨਾਲ ਜੁੜੇ ਨਿਯਮਾਂ ਵਿੱਚ ਕਾਫ਼ੀ ਤਬਦੀਲੀ ਆਈ ਹੈ। ਅੱਜ ਅਸੀਂ ਇੱਥੇ ਗ੍ਰੈਚੁਟੀ (Gratuity) ਅਤੇ ਫੁੱਲ ਐਂਡ ਫਾਈਨਲ ਸੈਟਲਮੈਂਟ (Full & Final Settlement) ਦੇ ਭੁਗਤਾਨ ਦੇ ਸਬੰਧ ਵਿੱਚ ਹੋਏ ਬਦਲਾਅ ਬਾਰੇ ਗੱਲ ਕਰ ਰਹੇ ਹਾਂ।
ਤਨਖਾਹਦਾਰਾਂ ਲਈ ਵੱਡਾ ਬਦਲਾਅ
ਬੀਤੀ ਇੱਕ ਅਪ੍ਰੈਲ ਤੋਂ ਤਨਖਾਹਦਾਰ ਲੋਕਾਂ ਲਈ ਇੱਕ ਬਹੁਤ ਵੱਡਾ ਬਦਲਾਅ ਹੋਇਆ ਹੈ। ਵੇਜ ਕੋਡ, 2019 (Code on Wages, 2019) ਦੇ ਤਹਿਤ ਕੰਪਨੀਆਂ ਨੂੰ ਹੁਣ ਕਿਸੇ ਕਰਮਚਾਰੀ ਦੇ ਅਸਤੀਫ਼ਾ ਦਿੰਦੇ ਹੀ ਕਾਰਵਾਈ ਸ਼ੁਰੂ ਕਰਨੀ ਪਵੇਗੀ। ਹੁਣ ਮਾਲਕ (Employer) ਨੂੰ ਕਿਸੇ ਕਰਮਚਾਰੀ ਦੇ ਕੰਮ ਦੇ ਆਖਰੀ ਦਿਨ ਤੋਂ ਸਿਰਫ਼ ਦੋ ਕੰਮਕਾਜੀ ਦਿਨਾਂ (2 Working Days) ਦੇ ਅੰਦਰ-ਅੰਦਰ ਉਸ ਦਾ 'ਫੁੱਲ ਐਂਡ ਫਾਈਨਲ' (F&F) ਸੈਟਲਮੈਂਟ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਕੰਪਨੀਆਂ ਨੂੰ ਇਸ ਪ੍ਰਕਿਰਿਆ ਲਈ 90 ਦਿਨਾਂ ਦਾ ਸਮਾਂ ਮਿਲਦਾ ਸੀ।
ਦੋ ਦਿਨਾਂ ਵਿੱਚ ਕੀ-ਕੀ ਦੇਣਾ ਹੋਵੇਗਾ?
ਹੁਣ ਕੰਪਨੀਆਂ ਨੂੰ ਸਿਰਫ਼ ਦੋ ਦਿਨਾਂ ਦੇ ਅੰਦਰ ਹੀ 'ਫੁੱਲ ਐਂਡ ਫਾਈਨਲ ਸੈਟਲਮੈਂਟ' (F&F Settlement) ਕਰਨਾ ਪਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਕਰਮਚਾਰੀ ਕੰਪਨੀ ਤੋਂ ਅਸਤੀਫ਼ਾ ਦਿੰਦਾ ਹੈ ਜਾਂ ਕੰਪਨੀ ਛੱਡਦਾ ਹੈ, ਤਾਂ ਉਸ ਦੀ ਬਾਕੀ ਰਹਿੰਦੀ ਰਾਸ਼ੀ ਕਲੀਅਰ ਕਰਨ ਲਈ ਹੁਣ ਸਖ਼ਤ ਸਮਾਂ ਸੀਮਾ ਤੈਅ ਕੀਤੀ ਗਈ ਹੈ।
ਹੁਣ ਤੱਕ ਪ੍ਰਬੰਧਕਾਂ (Management) ਨੂੰ ਕਰਮਚਾਰੀਆਂ ਦੀ ਬਕਾਇਆ ਤਨਖਾਹ, ਲੀਵ ਇਨਕੈਸ਼ਮੈਂਟ (ਛੁੱਟੀਆਂ ਦੇ ਪੈਸੇ) ਅਤੇ ਹੋਰ ਬਕਾਏ ਦਾ ਭੁਗਤਾਨ ਕਰਨ ਲਈ ਆਮ ਤੌਰ 'ਤੇ 45 ਤੋਂ 90 ਦਿਨਾਂ ਦਾ ਸਮਾਂ ਮਿਲਦਾ ਸੀ। ਪਰ ਹੁਣ ਇਹ ਸਾਰਾ ਕੰਮ ਨੌਕਰੀ ਦੇ ਆਖਰੀ ਦਿਨ ਤੋਂ ਬਾਅਦ ਦੋ ਕੰਮਕਾਜੀ ਦਿਨਾਂ ਦੇ ਅੰਦਰ ਹੀ ਨਿਪਟਾਉਣਾ ਹੋਵੇਗਾ।
ਕਿਹੜੀਆਂ ਪ੍ਰਸਥਿਤੀਆਂ ਵਿੱਚ ਲਾਗੂ ਹੋਵੇਗਾ ਇਹ ਨਿਯਮ?
ਇਸ ਸਾਲ ਇੱਕ ਅਪ੍ਰੈਲ ਤੋਂ ਲਾਗੂ ਹੋਏ ਵੇਜ ਕੋਡ ਦੀ ਧਾਰਾ 17(2) ਦੇ ਤਹਿਤ, ਮਾਲਕ ਲਈ ਨੌਕਰੀ ਦੇ ਆਖਰੀ ਦਿਨ ਤੋਂ ਦੋ ਕੰਮਕਾਜੀ ਦਿਨਾਂ ਦੇ ਅੰਦਰ ਸਾਰੇ ਬਕਾਏ ਦਾ ਨਿਪਟਾਰਾ ਕਰਨਾ ਲਾਜ਼ਮੀ ਹੈ। ਇਹ ਨਿਯਮ ਹਰ ਤਰ੍ਹਾਂ ਦੀਆਂ ਪ੍ਰਸਥਿਤੀਆਂ ਵਿੱਚ ਲਾਗੂ ਹੁੰਦਾ ਹੈ, ਚਾਹੇ ਕਰਮਚਾਰੀ ਨੇ ਅਸਤੀਫ਼ਾ ਦਿੱਤਾ ਹੋਵੇ, ਉਹ ਰਿਟਾਇਰ ਹੋ ਰਿਹਾ ਹੋਵੇ ਜਾਂ ਫਿਰ ਛਾਂਟੀ ਦੇ ਤਹਿਤ ਉਸ ਨੂੰ ਨੌਕਰੀ ਤੋਂ ਕੱਢਿਆ ਗਿਆ ਹੋਵੇ।
ਜੇਕਰ ਕੋਈ ਕੰਪਨੀ ਇਸ ਨਿਯਮ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਹਿੰਦੀ ਹੈ, ਤਾਂ ਇਸ ਨੂੰ ਕਾਨੂੰਨ ਦੀ ਉਲੰਘਣਾ ਮੰਨਿਆ ਜਾਵੇਗਾ। ਅਜਿਹੀ ਸਥਿਤੀ ਵਿੱਚ, ਸਬੰਧਤ ਕਰਮਚਾਰੀ ਲੇਬਰ ਵਿਭਾਗ ਰਾਹੀਂ ਆਪਣੀ ਸ਼ਿਕਾਇਤ ਕਰ ਸਕਦੇ ਹਨ ਅਤੇ ਹੱਲ (Redressal) ਦੀ ਮੰਗ ਕਰ ਸਕਦੇ ਹਨ। ਇਸ ਵਿੱਚ ਦੇਰੀ ਨਾਲ ਕੀਤੇ ਗਏ ਭੁਗਤਾਨ ਉੱਤੇ ਵਿਆਜ ਦਾ ਦਾਅਵਾ ਕਰਨਾ ਵੀ ਸ਼ਾਮਲ ਹੈ।
ਗ੍ਰੈਚੁਟੀ ਹੁਣ ਸਾਲ ਭਰ ਦੀ ਨੌਕਰੀ ਵਿੱਚ ਹੀ
ਨਵਾਂ ਫਰੇਮਵਰਕ ਗ੍ਰੈਚੁਟੀ (Gratuity) ਨੂੰ ਵਧੇਰੇ ਸੁਲਭ ਅਤੇ ਸਮਾਂਬੱਧ ਬਣਾਉਂਦਾ ਹੈ। ਪਹਿਲਾਂ, ਕਰਮਚਾਰੀਆਂ ਨੂੰ ਗ੍ਰੈਚੁਟੀ ਦਾ ਲਾਭ ਲੈਣ ਦੇ ਯੋਗ ਹੋਣ ਲਈ ਆਮ ਤੌਰ 'ਤੇ ਲਗਾਤਾਰ ਪੰਜ ਸਾਲ ਦੀ ਸੇਵਾ ਪੂਰੀ ਕਰਨੀ ਪੈਂਦੀ ਸੀ। ਪਰ ਹੁਣ ਅਪਡੇਟ ਕੀਤੇ ਗਏ ਨਿਯਮ ਕੁਝ ਮਾਮਲਿਆਂ ਵਿੱਚ ਇਸ ਸੀਮਾ ਨੂੰ ਘਟਾਉਂਦੇ ਹਨ, ਜਿਸ ਨਾਲ ਕਰਮਚਾਰੀ ਸਿਰਫ਼ ਇੱਕ ਸਾਲ ਦੀ ਸੇਵਾ ਤੋਂ ਬਾਅਦ ਵੀ ਗ੍ਰੈਚੁਟੀ ਪ੍ਰਾਪਤ ਕਰਨ ਦੇ ਹੱਕਦਾਰ ਹੋ ਜਾਂਦੇ ਹਨ।
ਕਿੰਨੇ ਦਿਨਾਂ ਵਿੱਚ ਹੋਵੇਗਾ ਗ੍ਰੈਚੁਟੀ ਦਾ ਭੁਗਤਾਨ?
ਗ੍ਰੈਚੁਟੀ ਪ੍ਰਾਪਤ ਕਰਨ ਲਈ ਲੋੜੀਂਦੀ ਸੇਵਾ ਦੀ ਮਿਆਦ ਵਿੱਚ ਬਦਲਾਅ ਦੇ ਨਾਲ-ਨਾਲ, ਇਸ ਦੇ ਭੁਗਤਾਨ ਦੀ ਸਮਾਂ-ਸੀਮਾ ਵਿੱਚ ਵੀ ਸੁਧਾਰ ਕੀਤਾ ਗਿਆ ਹੈ। ਹੁਣ ਜਿਵੇਂ ਹੀ ਕੋਈ ਕਰਮਚਾਰੀ ਗ੍ਰੈਚੁਟੀ ਲਈ ਯੋਗ (Eligible) ਹੋ ਜਾਂਦਾ ਹੈ ਅਤੇ ਕੰਪਨੀ ਛੱਡਦਾ ਹੈ, ਤਾਂ ਕੰਪਨੀ ਨੂੰ 30 ਦਿਨਾਂ ਦੇ ਅੰਦਰ-ਅੰਦਰ ਗ੍ਰੈਚੁਟੀ ਦਾ ਭੁਗਤਾਨ ਕਰਨਾ ਪਵੇਗਾ। ਇਸ ਬਦਲਾਅ ਨਾਲ ਰਿਟਾਇਰਮੈਂਟ ਜਾਂ ਨੌਕਰੀ ਛੱਡਣ ਵੇਲੇ ਮਿਲਣ ਵਾਲੇ ਲਾਭਾਂ ਦਾ ਭੁਗਤਾਨ ਹੁਣ ਤੇਜ਼ੀ ਨਾਲ ਹੋ ਸਕੇਗਾ।