Wednesday, 23rd of September 2026

ਸਿਹਤ ਮੰਤਰਾਲੇ ਦੀ ਵੱਡੀ ਚੇਤਾਵਨੀ: ਦਰਦ ਨਿਵਾਰਕ ਦਵਾਈਆਂ ਅਤੇ ਐਂਟੀਬਾਇਓਟਿਕਸ ਦੀ ਗ਼ਲਤ ਵਰਤੋਂ ਨਾਲ ਗੁਰਦੇ ਹੋ ਸਕਦੇ ਖ਼ਰਾਬ

ਬਹੁਤ ਸਾਰੇ ਲੋਕ ਬਿਨ੍ਹਾਂ ਕਿਸੇ ਡਾਕਟਰੀ ਸਲਾਹ ਤੋਂ ਹੀ ਅਕਸਰ ਹੀ ਦਰਦ ਜਾਂ ਬੁਖਾਰ ਵਰਗੀ ਬਿਮਾਰੀਆਂ ਦੇ ਵਿੱਚ ਦਰਦ ਨਿਵਾਰਕ ਦਵਾਈਆਂ ਅਤੇ ਐਂਟੀਬਾਇਓਟਿਕ ਖਾ ਲੈਂਦੇ ਹਨ। ਅਜਿਹਾ ਕਰਨ ਨਾਲ ਸਿਹਤ ਨੂੰ ਲੈ ਕੇ ਵੱਡਾ ਸੰਕਟ ਖੜਾ ਹੋ ਸਕਦਾ ਹੈ। ਜਿਸ ਨੂੰ ਲੈ ਕੇ ਸਿਹਤ ਮੰਤਰਾਲੇ ਵੱਲੋਂ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ।

Edited By: Lajwinder Kaur | Updated at:
ਸਿਹਤ ਮੰਤਰਾਲੇ ਦੀ ਵੱਡੀ ਚੇਤਾਵਨੀ: ਦਰਦ ਨਿਵਾਰਕ ਦਵਾਈਆਂ ਅਤੇ ਐਂਟੀਬਾਇਓਟਿਕਸ ਦੀ ਗ਼ਲਤ ਵਰਤੋਂ ਨਾਲ ਗੁਰਦੇ ਹੋ ਸਕਦੇ ਖ਼ਰਾਬ

ਸਿਹਤ ਮੰਤਰਾਲੇ ਦੀ ਵੱਡੀ ਚੇਤਾਵਨੀ: ਦਰਦ ਨਿਵਾਰਕ ਦਵਾਈਆਂ ਅਤੇ ਐਂਟੀਬਾਇਓਟਿਕਸ ਦੀ ਗ਼ਲਤ ਵਰਤੋਂ ਨਾਲ ਗੁਰਦੇ ਹੋ ਸਕਦੇ ਖ਼ਰਾਬ

ਕੇਂਦਰੀ ਔਸ਼ਧ ਮਾਨਕ ਨਿਯੰਤਰਣ ਸੰਗਠਨ (CDSCO) ਨੇ ਦਰਦ ਨਿਵਾਰਕ ਦਵਾਈਆਂ (Painkillers) ਅਤੇ ਐਂਟੀਬਾਇਓਟਿਕ ਦੇ ਮਨਮਾਨੇ, ਵਾਰ-ਵਾਰ ਜਾਂ ਲੰਬੇ ਸਮੇਂ ਤੱਕ ਕੀਤੇ ਜਾਣ ਵਾਲੇ ਇਸਤੇਮਾਲ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਸੰਸਥਾ ਮੁਤਾਬਕ ਅਜਿਹੀ ਲਾਪਰਵਾਹੀ ਨਾਲ ਕ੍ਰੋਨਿਕ ਕਿਡਨੀ ਡਿਜ਼ੀਜ਼, ਗੁਰਦਿਆਂ ਦੀ ਕਾਰਗੁਜ਼ਾਰੀ ਵਿੱਚ ਕਮੀ ਅਤੇ ਐਂਟੀਮਾਈਕ੍ਰੋਬਿਅਲ ਰੈਜ਼ਿਸਟੈਂਸ ਦਾ ਖ਼ਤਰਾ ਵੱਧ ਸਕਦਾ ਹੈ।

ਇਹ ਜਾਣਕਾਰੀ 21 ਸਤੰਬਰ ਨੂੰ ਜਾਰੀ ਕੀਤੇ ਗਏ ਸਰਕੂਲਰ ਵਿੱਚ ਦਿੱਤੀ ਗਈ ਹੈ। ਸਰਕੂਲਰ ਡਰੱਗਜ਼ ਕੰਟਰੋਲਰ ਜਨਰਲ ਡਾ. ਰਾਜੀਵ ਸਿੰਘ ਰਘੁਵੰਸ਼ੀ ਵੱਲੋਂ ਜਾਰੀ ਕੀਤਾ ਗਿਆ। ਇਸ ਵਿੱਚ ਆਮ ਲੋਕਾਂ ਦੇ ਨਾਲ-ਨਾਲ ਡਾਕਟਰਾਂ, ਫਾਰਮਾਸਿਸਟਾਂ, ਦਵਾ ਵਿਕਰੇਤਾਵਾਂ, ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਲਈ ਵੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।

ਅੰਨ੍ਹੇਵਾਹ ਇਸਤੇਮਾਲ ਨਾਲ ਕੀ ਖ਼ਤਰਾ ਹੈ?

ਦਰਦ ਨਿਵਾਰਕ ਦਵਾਈਆਂ, ਖ਼ਾਸ ਕਰਕੇ ਨਾਨ-ਸਟੀਰੌਇਡਲ ਐਂਟੀ-ਇਨਫਲੇਮੇਟਰੀ ਡਰੱਗਜ਼, ਨੂੰ ਆਮ ਤੌਰ ’ਤੇ ਦਰਦ, ਸੋਜ ਜਾਂ ਬੁਖ਼ਾਰ ਵਰਗੀਆਂ ਸਮੱਸਿਆਵਾਂ ਵਿੱਚ ਵਰਤਿਆ ਜਾਂਦਾ ਹੈ। ਪਰ ਇਨ੍ਹਾਂ ਨੂੰ ਬਿਨਾਂ ਡਾਕਟਰੀ ਸਲਾਹ ਦੇ ਵਾਰ-ਵਾਰ ਜਾਂ ਲੰਬੇ ਸਮੇਂ ਤੱਕ ਲੈਣਾ ਕੁਝ ਲੋਕਾਂ ਲਈ ਖ਼ਤਰਨਾਕ ਹੋ ਸਕਦਾ ਹੈ।

ਸੀਡੀਐਸਸੀਓ ਨੇ ਖ਼ਾਸ ਤੌਰ ’ਤੇ ਉਨ੍ਹਾਂ ਲੋਕਾਂ ਲਈ ਸਾਵਧਾਨੀ ਵਰਤਣ ਲਈ ਕਿਹਾ ਹੈ ਜਿਨ੍ਹਾਂ ਨੂੰ ਪਹਿਲਾਂ ਤੋਂ ਗੁਰਦੇ ਦੀ ਸਮੱਸਿਆ ਹੈ। ਪਾਣੀ ਦੀ ਕਮੀ, ਦਿਲ ਦੀ ਬਿਮਾਰੀ ਜਾਂ ਹੋਰ ਸਿਹਤ ਸਮੱਸਿਆਵਾਂ ਵਾਲੇ ਮਰੀਜ਼ਾਂ ਨੂੰ ਵੀ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।

ਐਂਟੀਬਾਇਓਟਿਕ ਹਰ ਇਨਫੈਕਸ਼ਨ ਲਈ ਨਹੀਂ ਹੁੰਦੀ

ਐਂਟੀਬਾਇਓਟਿਕ ਦਵਾਈਆਂ ਬੈਕਟੀਰੀਆ ਕਾਰਨ ਹੋਣ ਵਾਲੇ ਕੁਝ ਇਨਫੈਕਸ਼ਨਾਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਜ਼ਿਆਦਾਤਰ ਸਧਾਰਨ ਵਾਇਰਲ ਇਨਫੈਕਸ਼ਨ, ਜ਼ੁਕਾਮ ਜਾਂ ਕਈ ਆਮ ਵਾਇਰਲ ਬੁਖ਼ਾਰਾਂ ਵਿੱਚ ਐਂਟੀਬਾਇਓਟਿਕ ਦੀ ਲੋੜ ਨਹੀਂ ਹੁੰਦੀ।

ਜਦੋਂ ਕੋਈ ਵਿਅਕਤੀ ਬਿਨਾਂ ਡਾਕਟਰੀ ਜਾਂਚ ਦੇ ਐਂਟੀਬਾਇਓਟਿਕ ਲੈਂਦਾ ਹੈ, ਬਚੀ ਹੋਈ ਦਵਾਈ ਦੁਬਾਰਾ ਵਰਤਦਾ ਹੈ ਜਾਂ ਕਿਸੇ ਹੋਰ ਦੀ ਦਵਾਈ ਲੈ ਲੈਂਦਾ ਹੈ, ਤਾਂ ਦਵਾਈ ਦੀ ਗਲਤ ਚੋਣ ਜਾਂ ਗਲਤ ਖੁਰਾਕ ਦਾ ਖ਼ਤਰਾ ਬਣ ਜਾਂਦਾ ਹੈ। ਇਸ ਨਾਲ ਇਲਾਜ ਪ੍ਰਭਾਵਸ਼ਾਲੀ ਨਾ ਰਹਿਣ ਦੇ ਨਾਲ-ਨਾਲ ਐਂਟੀਮਾਈਕ੍ਰੋਬਿਅਲ ਰੈਜ਼ਿਸਟੈਂਸ ਵੀ ਵੱਧ ਸਕਦਾ ਹੈ।

ਐਂਟੀਮਾਈਕ੍ਰੋਬਿਅਲ ਰੈਜ਼ਿਸਟੈਂਸ ਦਾ ਮਤਲਬ ਹੈ ਕਿ ਰੋਗਾਣੂਆਂ ’ਤੇ ਕਿਸੇ ਦਵਾਈ ਦਾ ਅਸਰ ਘੱਟ ਜਾਂ ਖ਼ਤਮ ਹੋ ਜਾਵੇ। ਅਜਿਹੇ ਹਾਲਾਤਾਂ ਵਿੱਚ ਆਮ ਇਨਫੈਕਸ਼ਨ ਦਾ ਇਲਾਜ ਵੀ ਮੁਸ਼ਕਲ ਹੋ ਸਕਦਾ ਹੈ।

ਦਵਾਈਆਂ ਦੀ ਵਿਕਰੀ ਲਈ ਨਿਯਮ ਪਹਿਲਾਂ ਤੋਂ ਲਾਗੂ

ਸੀਡੀਐਸਸੀਓ ਦੇ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਦਵਾਈਆਂ ਦੀ ਆਯਾਤ, ਨਿਰਮਾਣ, ਵਿਕਰੀ ਅਤੇ ਵੰਡ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਤੇ ਇਸ ਤਹਿਤ ਬਣੇ ਨਿਯਮਾਂ ਅਧੀਨ ਨਿਯੰਤਰਿਤ ਹੁੰਦੀ ਹੈ।

ਕਈ ਦਵਾਈਆਂ ਨੂੰ ਡਰੱਗਜ਼ ਰੂਲਜ਼, 1945 ਦੇ ਸ਼ੈਡਿਊਲ ਜੀ, ਐਚ, ਐਚ-1 ਅਤੇ ਐਕਸ ਅਧੀਨ ਰੱਖਿਆ ਗਿਆ ਹੈ। ਇਨ੍ਹਾਂ ਦਵਾਈਆਂ ਲਈ ਚੇਤਾਵਨੀਆਂ, ਵਿਕਰੀ ਦੀਆਂ ਸ਼ਰਤਾਂ ਅਤੇ ਡਾਕਟਰੀ ਨਿਗਰਾਨੀ ਨਾਲ ਜੁੜੇ ਨਿਯਮ ਲਾਗੂ ਹੁੰਦੇ ਹਨ।

ਜ਼ਿਆਦਾਤਰ ਦਰਦ ਨਿਵਾਰਕ ਦਵਾਈਆਂ ਸ਼ੈਡਿਊਲ ਐਚ ਵਿੱਚ ਸ਼ਾਮਲ ਹਨ। ਨਿਯਮ 97 ਤਹਿਤ ਇਨ੍ਹਾਂ ਨੂੰ ਰਜਿਸਟਰਡ ਡਾਕਟਰ ਦੀ ਪਰਚੀ ਤੋਂ ਬਿਨਾਂ ਰੀਟੇਲ ਵਿੱਚ ਨਹੀਂ ਵੇਚਿਆ ਜਾ ਸਕਦਾ।

ਇਸੇ ਤਰ੍ਹਾਂ ਜ਼ਿਆਦਾਤਰ ਐਂਟੀਬਾਇਓਟਿਕ ਸ਼ੈਡਿਊਲ ਐਚ-1 ਵਿੱਚ ਆਉਂਦੀਆਂ ਹਨ। ਇਨ੍ਹਾਂ ’ਤੇ ਇਹ ਚੇਤਾਵਨੀ ਦਰਜ ਹੁੰਦੀ ਹੈ ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਲੈਣਾ ਖ਼ਤਰਨਾਕ ਹੋ ਸਕਦਾ ਹੈ ਅਤੇ ਰਜਿਸਟਰਡ ਡਾਕਟਰ ਦੀ ਪਰਚੀ ਤੋਂ ਬਿਨਾਂ ਇਨ੍ਹਾਂ ਦੀ ਪ੍ਰਚੂਨ ਵਿਕਰੀ ਨਹੀਂ ਕੀਤੀ ਜਾ ਸਕਦੀ।

ਆਮ ਲੋਕਾਂ ਨੂੰ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ?

ਦਰਦ, ਬੁਖ਼ਾਰ ਜਾਂ ਸਰੀਰ ਦੇ ਹੋਰ ਲੱਛਣਾਂ ਲਈ ਆਪਣੇ ਆਪ ਦਵਾਈ ਲੈਣ ਦੀ ਆਦਤ ਤੋਂ ਬਚਣਾ ਜ਼ਰੂਰੀ ਹੈ। ਜੇ ਲੱਛਣ ਕੁਝ ਸਮੇਂ ਬਾਅਦ ਠੀਕ ਨਾ ਹੋਣ ਜਾਂ ਦੁਬਾਰਾ ਵਾਪਸ ਆ ਜਾਣ ਤਾਂ ਪੁਰਾਣੀ ਦਵਾਈ ਆਪਣੇ ਆਪ ਦੁਬਾਰਾ ਲੈਣ ਦੀ ਥਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

ਐਂਟੀਬਾਇਓਟਿਕ ਹਮੇਸ਼ਾ ਡਾਕਟਰ ਵੱਲੋਂ ਦੱਸੇ ਗਏ ਤਰੀਕੇ, ਖੁਰਾਕ ਅਤੇ ਸਮੇਂ ਅਨੁਸਾਰ ਹੀ ਲੈਣੀ ਚਾਹੀਦੀ ਹੈ। ਡਾਕਟਰ ਵੱਲੋਂ ਦਿੱਤਾ ਕੋਰਸ ਆਪਣੀ ਮਰਜ਼ੀ ਨਾਲ ਬਦਲਣਾ, ਦਵਾਈ ਵਿਚਕਾਰ ਛੱਡਣਾ ਜਾਂ ਬਚੀ ਹੋਈ ਦਵਾਈ ਬਾਅਦ ਵਿੱਚ ਵਰਤਣਾ ਸਹੀ ਨਹੀਂ ਹੈ।

ਡਾਕਟਰਾਂ ਲਈ ਖ਼ਾਸ ਦਿਸ਼ਾ-ਨਿਰਦੇਸ਼

ਸਰਕੂਲਰ ਵਿੱਚ ਡਾਕਟਰਾਂ ਨੂੰ ਕਿਹਾ ਗਿਆ ਹੈ ਕਿ ਦਰਦ ਨਿਵਾਰਕ ਦਵਾਈਆਂ ਅਤੇ ਐਂਟੀਬਾਇਓਟਿਕ ਸਿਰਫ਼ ਉਦੋਂ ਲਿਖੀਆਂ ਜਾਣ ਜਦੋਂ ਉਨ੍ਹਾਂ ਦੀ ਅਸਲ ਡਾਕਟਰੀ ਲੋੜ ਹੋਵੇ। ਦਵਾਈ ਲਿਖਦੇ ਸਮੇਂ ਮਰੀਜ਼ ਦੀ ਉਮਰ, ਸਿਹਤ ਦੀ ਸਥਿਤੀ, ਹੋਰ ਬਿਮਾਰੀਆਂ, ਨਾਲ ਚੱਲ ਰਹੀਆਂ ਦਵਾਈਆਂ ਅਤੇ ਸੰਭਾਵੀ ਖ਼ਤਰਿਆਂ ਨੂੰ ਧਿਆਨ ਵਿੱਚ ਰੱਖਿਆ ਜਾਵੇ।

ਗੁਰਦੇ ਦੀ ਸਮੱਸਿਆ ਦੇ ਵੱਧ ਖ਼ਤਰੇ ਵਾਲੇ ਮਰੀਜ਼ਾਂ ਲਈ ਦਰਦ ਨਿਵਾਰਕ ਦਵਾਈ ਦੀ ਸਭ ਤੋਂ ਘੱਟ ਪ੍ਰਭਾਵਸ਼ਾਲੀ ਖੁਰਾਕ ਅਤੇ ਸਭ ਤੋਂ ਘੱਟ ਲੋੜੀਂਦੇ ਸਮੇਂ ਲਈ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਗੁਰਦਿਆਂ ਦੀ ਕਮਜ਼ੋਰੀ, ਪਾਣੀ ਦੀ ਕਮੀ ਅਤੇ ਦਿਲ ਦੀ ਬਿਮਾਰੀ ਵਾਲੇ ਮਰੀਜ਼ਾਂ ਵਿੱਚ ਵਿਸ਼ੇਸ਼ ਸਾਵਧਾਨੀ ਦੀ ਲੋੜ ਹੁੰਦੀ ਹੈ।

ਐਂਟੀਬਾਇਓਟਿਕ ਲਿਖਦੇ ਸਮੇਂ ਇਨਫੈਕਸ਼ਨ ਦਾ ਸੰਭਾਵੀ ਕਾਰਨ, ਇਨਫੈਕਸ਼ਨ ਦੀ ਜਗ੍ਹਾ, ਗੰਭੀਰਤਾ ਅਤੇ ਸਥਾਨਕ ਪੱਧਰ ’ਤੇ ਦਵਾਈਆਂ ਦੇ ਪ੍ਰਭਾਵ ਨਾਲ ਜੁੜੇ ਪੈਟਰਨ ਨੂੰ ਧਿਆਨ ਵਿੱਚ ਰੱਖਣ ਲਈ ਕਿਹਾ ਗਿਆ ਹੈ। ਬੇਲੋੜਾ ਕੰਬੀਨੇਸ਼ਨ ਇਲਾਜ, ਗਲਤ ਐਂਟੀਬਾਇਓਟਿਕ, ਗਲਤ ਖੁਰਾਕ ਅਤੇ ਬੇਲੋੜੇ ਲੰਬੇ ਇਲਾਜ ਤੋਂ ਬਚਣ ਦੀ ਹਦਾਇਤ ਕੀਤੀ ਗਈ ਹੈ।

ਹਸਪਤਾਲਾਂ ਅਤੇ ਰਾਜਾਂ ਦੀ ਜ਼ਿੰਮੇਵਾਰੀ

ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਨੂੰ ਦਰਦ ਨਿਵਾਰਕ ਦਵਾਈਆਂ ਅਤੇ ਐਂਟੀਬਾਇਓਟਿਕ ਦੀ ਵਰਤੋਂ ’ਤੇ ਨਿਗਰਾਨੀ ਵਧਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਐਂਟੀਮਾਈਕ੍ਰੋਬਿਅਲ ਸਟੂਅਰਡਸ਼ਿਪ, ਨੁਸਖ਼ਿਆਂ ਦੀ ਸਮੀਖਿਆ ਅਤੇ ਮਰੀਜ਼ਾਂ ਦੀ ਢੁਕਵੀਂ ਸਲਾਹ ਨੂੰ ਉਤਸ਼ਾਹਿਤ ਕਰਨ ਦੀ ਹਦਾਇਤ ਹੈ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਿਹਤ ਕਰਮਚਾਰੀਆਂ, ਫਾਰਮਾਸਿਸਟਾਂ, ਦਵਾ ਵਿਕਰੇਤਾਵਾਂ ਅਤੇ ਆਮ ਲੋਕਾਂ ਵਿੱਚ ਦਵਾਈਆਂ ਦੇ ਮਨਮਾਨੇ ਇਸਤੇਮਾਲ ਨਾਲ ਜੁੜੇ ਖ਼ਤਰਿਆਂ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹਾ ਗਿਆ ਹੈ। ਇਹ ਦਿਸ਼ਾ-ਨਿਰਦੇਸ਼ ਡਾਇਰੈਕਟਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ ਦੇ ਅਨੁਸਾਰ ਜਾਰੀ ਕੀਤੇ ਗਏ ਹਨ।