Saturday, 11th of April 2026

ਵਰਿੰਦਾਵਨ ਕਿਸ਼ਤੀ ਹਾਦਸਾ: ਮ੍ਰਿਤਕ ਦੇਹਾਂ ਲੁਧਿਆਣਾ ਪਹੁੰਚੀਆਂ, ਇਲਾਕੇ 'ਚ ਮਾਤਮ, ਜਾਣੋ ਕਿਵੇਂ ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਪਲਟੀ!

By: GTC News Desk | Edited By: Lajwinder Kaur | Updated at: April 11th 2026 11:00 AM
ਵਰਿੰਦਾਵਨ ਕਿਸ਼ਤੀ ਹਾਦਸਾ: ਮ੍ਰਿਤਕ ਦੇਹਾਂ ਲੁਧਿਆਣਾ ਪਹੁੰਚੀਆਂ, ਇਲਾਕੇ 'ਚ ਮਾਤਮ, ਜਾਣੋ ਕਿਵੇਂ ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਪਲਟੀ!

ਵਰਿੰਦਾਵਨ ਕਿਸ਼ਤੀ ਹਾਦਸਾ: ਮ੍ਰਿਤਕ ਦੇਹਾਂ ਲੁਧਿਆਣਾ ਪਹੁੰਚੀਆਂ, ਇਲਾਕੇ 'ਚ ਮਾਤਮ, ਜਾਣੋ ਕਿਵੇਂ ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਪਲਟੀ!

ਲੁਧਿਆਣਾ ਦੇ ਜਗਰਾਓ ਤੋਂ ਮਥੁਰਾ-ਵਰਿੰਦਾਵਨ ਗਏ ਸ਼ਰਧਾਲੂਆਂ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਯਮੁਨਾ ਨਦੀ ਵਿੱਚ ਕਿਸ਼ਤੀ ਪਲਟਣ ਕਾਰਨ 10 ਸ਼ਰਧਾਲੂਆਂ ਦੀ ਮੌਤ ਹੋ ਗਈ। ਦੁਖਦਾਈ ਗੱਲ ਇਹ ਹੈ ਕਿ ਮਰਨ ਵਾਲਿਆਂ ਵਿੱਚ ਇੱਕੋ ਪਰਿਵਾਰ ਦੇ 7 ਮੈਂਬਰ ਸ਼ਾਮਲ ਸਨ, ਜਿਨ੍ਹਾਂ ਵਿੱਚ ਮਾਂ-ਪੁੱਤ, ਚਾਚਾ-ਚਾਚੀ ਅਤੇ ਭੂਆ-ਫੂਫੜ ਸ਼ਾਮਲ ਸਨ। ਇਹ ਸਾਰੇ ਸ਼ਰਧਾਲੂ ਸ਼ੁੱਕਰਵਾਰ ਸਵੇਰੇ ਹੀ ਵਰਿੰਦਾਵਨ ਪਹੁੰਚੇ ਸਨ।

ਦੱਸਿਆ ਜਾ ਰਿਹਾ ਹੈ ਕਿ ਵੀਰਵਾਰ (9 ਅਪ੍ਰੈਲ) ਨੂੰ ਜਗਰਾਓ ਦੇ ਸ੍ਰੀ ਬਾਂਕੇ ਬਿਹਾਰੀ ਕਲੱਬ ਵੱਲੋਂ ਦੋ ਬੱਸਾਂ ਰਾਹੀਂ 130 ਸ਼ਰਧਾਲੂਆਂ ਨੂੰ ਯਾਤਰਾ 'ਤੇ ਲਿਜਾਇਆ ਗਿਆ ਸੀ। ਇਹਨਾਂ ਵਿੱਚੋਂ 90 ਸ਼ਰਧਾਲੂ ਜਗਰਾਓਂ ਦੇ ਸਨ ਅਤੇ ਬਾਕੀ ਹੋਰ ਸ਼ਹਿਰਾਂ ਤੋਂ ਸਨ। ਇਹ ਵਰਿੰਦਾਵਨ ਦੀ ਚਾਰ ਦਿਨਾਂ ਦੀ ਯਾਤਰਾ ਸੀ, ਜੋ ਇਸ ਮੰਦਭਾਗੀ ਘਟਨਾ ਕਾਰਨ ਮਾਤਮ ਵਿੱਚ ਬਦਲ ਗਈ।

ਅੱਜ ਆਉਣਗੀਆਂ ਲਾਸ਼ਾਂ

ਸ੍ਰੀ ਬਾਂਕੇ ਬਿਹਾਰੀ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ ਯਮੁਨਾ ਨਦੀ ਪਾਰ ਕਰਕੇ ਹੋਰ ਮੰਦਰਾਂ ਦੇ ਦਰਸ਼ਨਾਂ ਲਈ ਜਾ ਰਹੇ ਸਨ। ਜਿਹੜੀ ਕਿਸ਼ਤੀ ਪਲਟੀ, ਉਸ ਵਿੱਚ ਜਗਰਾਓਂ ਦੇ ਰਹਿਣ ਵਾਲੇ 30 ਸ਼ਰਧਾਲੂ ਸਵਾਰ ਸਨ। 4 ਮ੍ਰਿਤਕਾਂ ਦੀਆਂ ਦੇਹਾਂ ਅੱਜ ਲੁਧਿਆਣਾ ਪਹੁੰਚ ਚੁੱਕੀਆਂ ਹਨ। 

ਹਾਦਸੇ ਤੋਂ ਠੀਕ ਪਹਿਲਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸੇ ਵੀ ਸ਼ਰਧਾਲੂ ਨੇ ਲਾਈਫ ਜੈਕਟ ਨਹੀਂ ਪਾਈ ਹੋਈ ਸੀ। ਸ਼ਰਧਾਲੂ 'ਰਾਧੇ-ਰਾਧੇ' ਦਾ ਜਾਪ ਕਰਦੇ ਹੋਏ ਯਮੁਨਾ ਦੀ ਸੈਰ ਕਰ ਰਹੇ ਸਨ। ਹਾਲਾਂਕਿ, ਕਿਸੇ ਵੀ ਅਧਿਕਾਰੀ ਨੇ ਅਜੇ ਤੱਕ ਇਸ ਵੀਡੀਓ ਦੀ ਰਸਮੀ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ।

ਮਥੁਰਾ ਦੇ ਵਰਿੰਦਾਵਨ ਵਿੱਚ 37 ਸ਼ਰਧਾਲੂਆਂ ਨਾਲ ਭਰੀ ਇੱਕ ਪ੍ਰਾਈਵੇਟ ਕਿਸ਼ਤੀ (ਸਟੀਮਰ) ਯਮੁਨਾ ਨਦੀ ਵਿੱਚ ਪਲਟ ਗਈ, ਜਿਸ ਕਾਰਨ 10 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ। ਡੀ.ਐਮ. ਚੰਦਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ ਕਰੀਬ 3 ਵਜੇ ਕੇਸੀ ਘਾਟ 'ਤੇ ਵਾਪਰਿਆ, ਜੋ ਸ੍ਰੀ ਬਾਂਕੇ ਬਿਹਾਰੀ ਮੰਦਰ ਤੋਂ ਲਗਭਗ 2 ਕਿਲੋਮੀਟਰ ਦੂਰ ਹੈ।

ਅਜੇ ਵੀ ਕੀਤੀ ਜਾ ਰਹੀ ਭਾਲ

ਰਾਤ 10 ਵਜੇ ਤੱਕ ਫੌਜ ਅਤੇ NDRF ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਜੁਟੀਆਂ ਰਹੀਆਂ। ਨਦੀ ਵਿੱਚੋਂ ਕਿਸ਼ਤੀ ਨੂੰ ਬਾਹਰ ਕੱਢ ਲਿਆ ਗਿਆ ਹੈ, ਪਰ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਲਈ ਸਰਚ ਆਪਰੇਸ਼ਨ ਜਾਰੀ ਹੈ।

ਜਿਸ ਜਗ੍ਹਾ 'ਤੇ ਇਹ ਹਾਦਸਾ ਵਾਪਰਿਆ, ਉੱਥੇ ਪਾਣੀ ਦੀ ਡੂੰਘਾਈ ਕਰੀਬ 25 ਫੁੱਟ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਿਸ਼ਤੀ ਦੀ ਸਮਰੱਥਾ ਤਾਂ 40 ਸ਼ਰਧਾਲੂਆਂ ਦੀ ਸੀ, ਪਰ ਸਭ ਤੋਂ ਵੱਡੀ ਲਾਪਰਵਾਹੀ ਇਹ ਰਹੀ ਕਿ ਕਿਸੇ ਵੀ ਸ਼ਰਧਾਲੂ ਨੇ ਲਾਈਫ ਜੈਕਟ ਨਹੀਂ ਪਾਈ ਹੋਈ ਸੀ। ਹਾਦਸੇ ਵੇਲੇ ਪਾਂਟੂਨ ਪੁਲ ਦੀ ਮੁਰੰਮਤ ਕਰ ਰਹੇ ਲੋਕਾਂ ਅਤੇ ਕੁਝ ਹੋਰ ਮਲਾਹਾਂ ਨੇ ਮੌਕੇ 'ਤੇ ਪਹੁੰਚ ਕੇ ਕਈ ਜਾਨਾਂ ਬਚਾ ਲਈਆਂ।

ਇਹ ਕਿਸ਼ਤੀ ਪੱਪੂ ਨਿਸ਼ਾਦ ਨਾਂ ਦਾ ਮਲਾਹ ਚਲਾ ਰਿਹਾ ਸੀ, ਜਿਸ ਨੇ ਸ਼ਰਧਾਲੂਆਂ ਨੂੰ ਜੁਗਲ ਘਾਟ ਤੋਂ ਚੜ੍ਹਾਇਆ ਸੀ। ਪੁਲਿਸ ਨੇ ਘਟਨਾ ਦੇ ਕਰੀਬ 6 ਘੰਟੇ ਬਾਅਦ ਪੱਪੂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਕਿਸ਼ਤੀ ਕਿਨਾਰੇ ਤੋਂ ਕਰੀਬ 50 ਫੁੱਟ ਦੂਰ ਯਮੁਨਾ ਨਦੀ ਦੇ ਵਿਚਕਾਰ ਸੀ, ਜਦੋਂ ਲਗਭਗ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਲੱਗੀਆਂ। ਤੇਜ਼ ਹਵਾ ਕਾਰਨ ਕਿਸ਼ਤੀ ਅਚਾਨਕ ਡਗਮਗਾਉਣ ਲੱਗੀ ਅਤੇ ਮਲਾਹ ਉਸ ਤੋਂ ਆਪਣਾ ਕੰਟਰੋਲ ਖੋ ਬੈਠਾ। ਸ਼ਰਧਾਲੂਆਂ ਨੇ ਮਲਾਹ ਨੂੰ ਵਾਰ-ਵਾਰ ਕਿਹਾ ਕਿ ਅੱਗੇ ਪੁਲ ਆ ਰਿਹਾ ਹੈ, ਇਸ ਲਈ ਕਿਸ਼ਤੀ ਰੋਕ ਲਈ ਜਾਵੇ, ਪਰ ਉਸ ਨੇ ਗੱਲ ਨਹੀਂ ਮੰਨੀ।

ਕਿਸ਼ਤੀ ਦੋ ਵਾਰ ਟਕਰਾਉਣ ਤੋਂ ਬਚੀ, ਪਰ ਤੀਜੀ ਵਾਰ ਪੁਲ ਨਾਲ ਜ਼ੋਰਦਾਰ ਟੱਕਰ ਹੋ ਗਈ ਅਤੇ ਕਿਸ਼ਤੀ ਪਾਣੀ ਵਿੱਚ ਡੁੱਬ ਗਈ।

ਇਸ ਭਿਆਨਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ, ਜਿਸ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮਰਨ ਵਾਲਿਆਂ ਵਿੱਚ ਮਧੁਰ ਬਹਿਲ, ਉਸ ਦੀ ਮਾਤਾ ਕਵਿਤਾ ਬਹਿਲ, ਚਾਚਾ ਚਰਨਜੀਤ ਅਤੇ ਚਾਚੀ ਪਿੰਕੀ ਬਹਿਲ ਸ਼ਾਮਲ ਹਨ। ਇਸ ਤੋਂ ਇਲਾਵਾ ਮਧੁਰ ਦੀ ਭੂਆ ਆਸ਼ਾ ਰਾਣੀ, ਦੂਜੀ ਭੂਆ ਅੰਜੂ ਗੁਲਾਟੀ ਅਤੇ ਫੂਫੜ ਰਾਕੇਸ਼ ਗੁਲਾਟੀ ਨੇ ਵੀ ਇਸ ਹਾਦਸੇ ਵਿੱਚ ਆਪਣੀ ਜਾਨ ਗੁਆ ਦਿੱਤੀ ਹੈ।

CM ਮਾਨ ਨੇ ਜਤਾਇਆ ਦੁੱਖ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨਾਲ ਕੀਤੀ ਗੱਲ

ਸੀਐਮ ਮਾਨ ਨੇ ਐਕਸ ਉੱਤੇ ਪੋਸਟ ਕਰਕੇ ਇਸ ਮੰਦਭਾਗੀ ਘਟਨਾ ਉੱਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ ਹੈ- ‘ਅੱਜ ਜਗਰਾਂਓ ਸ਼ਹਿਰ ਦੇ ਵਸਨੀਕ 32 ਵਿਅਕਤੀਆਂ ਨੂੰ ਵਰਿੰਦਾਵਨ ਦੇ ਦਰਸ਼ਨਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਮਥੁਰਾ ਦੇ ਨੇੜੇ ਯਮੁਨਾ ਨਦੀ ਵਿੱਚ ਪਲਟ ਗਈ..ਬਹੁਤ ਦੁੱਖ ਨਾਲ ਦੱਸਣਾ ਪੈ ਰਿਹਾ ਹੈ  ਕੁੱਝ ਸ਼ਰਧਾਲੂਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ..ਮੈਂ ਉੱਤਰ ਪ੍ਰਦੇਸ਼ ਸਰਕਾਰ ਨਾਲ ਸੰਪਰਕ ਵਿੱਚ ਹਾਂ..ਬਾਕੀ ਡਿਟੇਲ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ..’

ਇਸ  ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਹੋਰ ਪੋਸਟ ਪਾ  ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਮਥੁਰਾ ਕਿਸ਼ਤੀ ਹਾਦਸੇ ਦੇ ਸੰਬੰਧ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨਾਲ ਗੱਲ ਕੀਤੀ। ਯੂਪੀ ਦੇ ਸੀਐਮ ਨੇ ਭਰੋਸਾ ਦਿੱਤਾ ਕਿ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।