ਲੁਧਿਆਣਾ ਤੋਂ ਦਿਲ ਕੰਬਾਊ ਘਟਨਾ! ਗਰਭਵਤੀ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌ/ਤ, ਪੈਰ ਦਾ ਅੰਗੂਠਾ ਟੁੱਟਿਆ, ਸਰੀਰ ‘ਤੇ ਕੁੱਟਮਾਰ ਦੇ ਨਿਸ਼ਾਨ, ਪਤੀ ਤੇ ਦਾਦੇ ਸਹੁਰੇ ਨੂੰ ਕੀਤਾ ਕਾਬੂ
ਲੁਧਿਆਣਾ ਵਿੱਚ 3 ਮਹੀਨਿਆਂ ਦੀ ਗਰਭਵਤੀ 25 ਸਾਲਾ ਹਰਪ੍ਰੀਤ ਕੌਰ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੇਕੇ ਪਰਿਵਾਰ ਨੇ ਪਤੀ ਉੱਤੇ ਦਾਜ ਲਈ ਕੁੱਟਮਾਰ ਕਰਨ ਅਤੇ ਗਲਾ ਘੁੱਟ ਕੇ ਹੱਤਿਆ ਕਰਨ ਦਾ ਗੰਭੀਰ ਦੋਸ਼ ਲਾਇਆ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪਤੀ ਅਤੇ ਉਸਦੇ ਦਾਦੇ ਸਹੁਰੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇੱਕ ਦਿਨ ਪਹਿਲਾਂ ਹੀ ਪਤੀ ਮਨਾ ਕੇ ਲੈ ਗਿਆ ਸੀ ਘਰ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੁਰਜ ਲਿੱਟਾਂ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਪਿਛਲੇ ਕੁਝ ਸਮੇਂ ਤੋਂ ਘਰੇਲੂ ਝਗੜਿਆਂ ਅਤੇ ਦਾਜ ਦੀ ਮੰਗ ਨੂੰ ਲੈ ਕੇ ਪ੍ਰੇਸ਼ਾਨ ਸੀ। ਇਸੇ ਕਾਰਨ ਉਹ ਆਪਣੇ ਪੇਕੇ ਪਿੰਡ ਘੁੰਘਰਾਣਾ, ਅਹਿਮਦਗੜ੍ਹ ਮੰਡੀ ਗਈ ਹੋਈ ਸੀ। ਹਰਪ੍ਰੀਤ 3 ਮਹੀਨਿਆਂ ਦੀ ਗਰਭਵਤੀ ਸੀ ਅਤੇ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਹਸਪਤਾਲ ਤੋਂ ਸਕੈਨਿੰਗ ਕਰਵਾ ਕੇ ਆਈ ਸੀ। ਪਰਿਵਾਰ ਮੁਤਾਬਕ ਐਤਵਾਰ ਨੂੰ ਉਸਦਾ ਪਤੀ ਜਸਪ੍ਰੀਤ ਸਿੰਘ ਅਹਿਮਦਗੜ੍ਹ ਮੰਡੀ ਆਇਆ ਅਤੇ ਨਸ਼ਾ ਛੱਡਣ ਦਾ ਭਰੋਸਾ ਦੇ ਕੇ ਹਰਪ੍ਰੀਤ ਨੂੰ ਵਾਪਸ ਆਪਣੇ ਘਰ ਲੈ ਗਿਆ ਸੀ।
ਸੋਮਵਾਰ ਰਾਤ ਨੂੰ ਕੀਤਾ ਕਤਲ, ਫਿਰ ਦਿੱਤਾ ਖੁਦਕੁਸ਼ੀ ਦਾ ਰੂਪ
ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਸੋਮਵਾਰ ਰਾਤ ਨੂੰ ਜਸਪ੍ਰੀਤ ਸਿੰਘ ਨੇ ਨਸ਼ੇ ਦੀ ਹਾਲਤ ਵਿੱਚ ਹਰਪ੍ਰੀਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸਦਾ ਗਲਾ ਘੁੱਟ ਕੇ ਮਾਰ ਦਿੱਤਾ। ਰਾਤ ਕਰੀਬ 2 ਵਜੇ ਪੇਕਿਆਂ ਨੂੰ ਫ਼ੋਨ ਕਰਕੇ ਸੂਚਨਾ ਦਿੱਤੀ ਗਈ ਕਿ ਹਰਪ੍ਰੀਤ ਦੀ ਸਿਹਤ ਖ਼ਰਾਬ ਹੈ ਅਤੇ ਉਸਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ।
ਜਦੋਂ ਪਰਿਵਾਰ ਵਾਲੇ ਮੌਕੇ 'ਤੇ ਪਹੁੰਚੇ ਤਾਂ ਹਰਪ੍ਰੀਤ ਦੀ ਲਾਸ਼ ਮੰਜੇ 'ਤੇ ਪਈ ਸੀ। ਮ੍ਰਿਤਕਾ ਦੇ ਚਾਚਾ ਜੋਗਾ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਦੇ ਗਲੇ ਅਤੇ ਪਿੱਠ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਸਦੇ ਪੈਰ ਦਾ ਅੰਗੂਠਾ ਵੀ ਟੁੱਟਿਆ ਹੋਇਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਕਾਤਲਾਂ ਨੇ ਇਸ ਘਟਨਾ ਨੂੰ ਖੁਦਕੁਸ਼ੀ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਸ ਦਰਦਨਾਕ ਹਾਦਸੇ ਵਿੱਚ ਹਰਪ੍ਰੀਤ ਦੇ ਨਾਲ-ਨਾਲ ਉਸਦੇ ਗਰਭ ਵਿੱਚ ਪਲ ਰਹੇ ਬੱਚੇ ਦੀ ਵੀ ਜਾਨ ਚਲੀ ਗਈ ਹੈ।
ਪੁਲਿਸ ਨੇ ਪਤੀ ਅਤੇ ਦਾਦੇ ਸਹੁਰੇ ਨੂੰ ਲਿਆ ਹਿਰਾਸਤ ਵਿੱਚ
ਮਾਪਿਆਂ ਦੀ ਸ਼ਿਕਾਇਤ ਮਗਰੋਂ ਥਾਣਾ ਸੁਧਾਰ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਪਤੀ ਜਸਪ੍ਰੀਤ ਸਿੰਘ ਅਤੇ ਦਾਦੇ ਸਹੁਰੇ ਜੋਗਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਥਾਣਾ ਸੁਧਾਰ ਦੇ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ। ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਤੋਂ ਸਖ਼ਤ ਪੁੱਛਗਿੱਛ ਜਾਰੀ ਹੈ।