ਬੀਤੇ ਦਿਨ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਵਿਖੇ ਸੰਵਿਧਾਨ ਨਿਰਮਾਤਾ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਦਲਿਤ ਸਮਾਜ ਅਤੇ ਵੱਖ-ਵੱਖ ਸੰਗਠਨਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਘਟਨਾ ਦੇ ਵਿਰੋਧ ਵਿੱਚ ਅੱਜ ਦਲਿਤ ਸਮਾਜ ਵੱਲੋਂ 'ਲੁਧਿਆਣਾ ਬੰਦ' ਦੀ ਕਾਲ ਦਿੱਤੀ ਗਈ ਸੀ, ਜੋ ਕਿ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਨਿਰਧਾਰਤ ਕੀਤੀ ਗਈ ਹੈ।
ਬਾਜ਼ਾਰਾਂ 'ਚ ਮਿਲਿਆ-ਜੁਲਿਆ ਅਸਰ, ਪਰ ਹਾਈਵੇਅ ਹੋਏ ਜਾਮ
ਬੰਦ ਦੇ ਸੱਦੇ ਦੌਰਾਨ ਸ਼ਹਿਰ ਦੇ ਬਾਜ਼ਾਰਾਂ ਵਿੱਚ ਇਸ ਦਾ ਅਸਰ ਨਾ ਦੇ ਬਰਾਬਰ ਜਾਂ ਮਿਲਾ-ਜੁਲਾ ਦੇਖਣ ਨੂੰ ਮਿਲਿਆ, ਪਰ ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਵੱਲੋਂ ਨੈਸ਼ਨਲ ਹਾਈਵੇਅ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਲੁਧਿਆਣਾ ਦੇ ਪ੍ਰਮੁੱਖ ਚੌਂਕਾਂ ਜਿਵੇਂ ਕਿ ਸ਼ੇਰਪੁਰ ਚੌਂਕ, ਸਮਰਾਲਾ ਚੌਂਕ, ਬਸਤੀ ਚੌਂਕ, ਕਾਰਾਵਾਰਾ ਚੌਂਕ ਅਤੇ ਜਲੰਧਰ ਬਾਈਪਾਸ ਚੌਂਕ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ।
ਹਾਈਵੇਅ ਬੰਦ ਹੋਣ ਕਾਰਨ ਸੜਕਾਂ 'ਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਆਵਾਜਾਈ ਠੱਪ ਹੋ ਕੇ ਰਹਿ ਗਈ।
ਯਾਤਰੀਆਂ ਨੂੰ ਆਈ ਭਾਰੀ ਪ੍ਰੇਸ਼ਾਨੀ
ਚੱਕਾ ਜਾਮ ਕਾਰਨ ਬੱਸਾਂ ਅਤੇ ਨਿੱਜੀ ਵਾਹਨਾਂ ਵਿੱਚ ਸਫ਼ਰ ਕਰਨ ਵਾਲੇ ਆਮ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਫ਼ਰ ਕਰ ਰਹੇ ਯਾਤਰੀਆਂ ਦਾ ਕਹਿਣਾ ਸੀ ਕਿ ਉਹ ਤਕੜੇ ਆਪਣੇ ਘਰੋਂ ਨਿਕਲੇ ਸਨ ਅਤੇ ਉਨ੍ਹਾਂ ਨੇ ਸਮੇਂ ਸਿਰ ਆਪਣੀ ਮੰਜ਼ਿਲ (ਜਿਵੇਂ ਕਿ ਪਟਿਆਲਾ ਆਦਿ) 'ਤੇ ਪਹੁੰਚਣਾ ਸੀ, ਪਰ ਰਸਤੇ ਵਿੱਚ ਜਾਮ ਵਿੱਚ ਫਸ ਜਾਣ ਕਾਰਨ ਉਨ੍ਹਾਂ ਨੂੰ ਭਾਰੀ ਖੱਜਲ-ਖੁਆਰੀ ਹੋ ਰਹੀ ਹੈ।
ਇਸ ਦੌਰਾਨ ਜਾਮ ਵਿੱਚ ਫਸੀਆਂ ਕੁਝ ਬਜ਼ੁਰਗ ਮਾਵਾਂ ਅਤੇ ਯਾਤਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਆਮ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਰਸਤਾ ਖੋਲ੍ਹ ਦੇਣ, ਪਰ ਪ੍ਰਦਰਸ਼ਨਕਾਰੀਆਂ ਵੱਲੋਂ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਦਿਆਂ ਮੁਕੰਮਲ ਤੌਰ 'ਤੇ ਜਾਮ ਰੱਖਿਆ ਗਿਆ।
ਪ੍ਰਸ਼ਾਸਨ ਅਤੇ ਪੁਲਿਸ ਮੌਕੇ 'ਤੇ ਸਥਿਤੀ ਨੂੰ ਕਾਬੂ ਕਰਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਲਈ ਯਤਨ ਕਰ ਰਹੀ ਹੈ, ਜਦਕਿ ਆਗੂਆਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ 'ਤੇ ਅੜੇ ਰਹਿਣ ਦਾ ਐਲਾਨ ਕੀਤਾ ਹੈ।