Monday, 29th of June 2026

ਇੱਕ ਝਟਕੇ ‘ਚ ਚੁੱਕੀ ਗਈ ਗਰੀਬੀ…7 ਰੁਪਏ ਦੀ ਲਾਟਰੀ ਟਿਕਟ ਨੇ ਮਜ਼ਦੂਰ ਨੂੰ ਬਣਾਇਆ ਕਰੋੜਪਤੀ, ਖੁਸ਼ੀ ਦੇ ਨਾਲ ਭਰ ਆਈਆਂ ਅੱਖਾਂ

Edited By: Lajwinder Kaur | Updated at: May 15th 2026 12:19 PM
Trending News
ਇੱਕ ਝਟਕੇ ‘ਚ ਚੁੱਕੀ ਗਈ ਗਰੀਬੀ…7 ਰੁਪਏ ਦੀ ਲਾਟਰੀ ਟਿਕਟ ਨੇ ਮਜ਼ਦੂਰ ਨੂੰ ਬਣਾਇਆ ਕਰੋੜਪਤੀ, ਖੁਸ਼ੀ ਦੇ ਨਾਲ ਭਰ ਆਈਆਂ ਅੱਖਾਂ

ਇੱਕ ਝਟਕੇ ‘ਚ ਚੁੱਕੀ ਗਈ ਗਰੀਬੀ…7 ਰੁਪਏ ਦੀ ਲਾਟਰੀ ਟਿਕਟ ਨੇ ਮਜ਼ਦੂਰ ਨੂੰ ਬਣਾਇਆ ਕਰੋੜਪਤੀ, ਖੁਸ਼ੀ ਦੇ ਨਾਲ ਭਰ ਆਈਆਂ ਅੱਖਾਂ

ਕਹਿੰਦੇ ਨੇ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਫਾੜ ਕੇ ਦੇ ਦਿੰਦਾ ਹੈ, ਅਜਿਹਾ ਹੀ ਕੁੱਝ ਹੋਇਆ ਇੱਕ ਦਿਹਾੜੀ ਕਰਨ ਵਾਲੇ ਸ਼ਖਸ ਦੇ ਨਾਲ। ਜੀ ਹਾਂ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਐਫਸੀਆਈ (FCI) ਵਰਕਰ ਦੀ ਕਿਸਮਤ ਰਾਤੋ-ਰਾਤ ਚਮਕ ਗਈ ਹੈ ਅਤੇ ਉਹ ਇੱਕ ਕਰੋੜ ਰੁਪਏ ਦਾ ਇਨਾਮ ਜਿੱਤ ਕੇ ਕਰੋੜਪਤੀ ਬਣ ਗਿਆ ਹੈ। ਪਿੰਡ ਲਾਖੋਵਾਲ ਦੇ ਰਹਿਣ ਵਾਲੇ 40 ਸਾਲਾ ਰਣਧੀਰ ਸਿੰਘ ਨੇ ਕੋਹੜਾ ਸਥਿਤ ਗੁਪਤਾ ਲਾਟਰੀ ਤੋਂ ਸਿੱਕਮ ਸਟੇਟ ਲਾਟਰੀ ਦੀਆਂ 7 ਰੁਪਏ ਵਾਲੀਆਂ 4 ਬੰਡਲ ਟਿਕਟਾਂ ਖਰੀਦੀਆਂ ਸਨ।

ਪਰਿਵਾਰ ‘ਚ ਖੁਸ਼ੀ ਦੀ ਲਹਿਰ, ਲੋਕ ਦੇ ਰਹੇ ਵਧਾਈਆਂ

ਰਣਧੀਰ ਨੇ ਦੱਸਿਆ ਕਿ ਉਸ ਨੇ ਮਹਿਜ਼ ਆਪਣੀ ਕਿਸਮਤ ਅਜ਼ਮਾਉਣ ਲਈ ਇਹ ਟਿਕਟਾਂ ਲਈਆਂ ਸਨ। ਸ਼ਾਮ 6 ਵਜੇ ਜਿਵੇਂ ਹੀ ਡਰਾਅ ਦਾ ਨਤੀਜਾ ਨਿਕਲਿਆ, ਤਾਂ ਉਸ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਆਇਆ ਕਿ ਉਸ ਨੇ ਇੱਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਲਿਆ ਹੈ। ਇਸ ਖ਼ਬਰ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਰਣਧੀਰ ਦੇ ਪਰਿਵਾਰ ਵਿੱਚ ਉਸ ਦੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਬੱਚੇ (ਇੱਕ ਬੇਟਾ ਅਤੇ ਇੱਕ ਬੇਟੀ) ਹਨ। ਉਸ ਦਾ ਬੇਟਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ, ਜਿਸ ਨੇ ਕੱਲ੍ਹ ਹੀ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ 12ਵੀਂ ਦੇ ਨਤੀਜਿਆਂ ਵਿੱਚ 84% ਅੰਕ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। 

ਰਣਧੀਰ ਦਾ ਕਹਿਣਾ ਹੈ ਕਿ ਹੁਣ ਉਹ ਇਸ ਇਨਾਮੀ ਰਾਸ਼ੀ ਦਾ ਵੱਡਾ ਹਿੱਸਾ ਆਪਣੇ ਬੱਚਿਆਂ ਦੀ ਉੱਚ ਸਿੱਖਿਆ 'ਤੇ ਖਰਚ ਕਰਨਗੇ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਧਰ ਸਕੇ।

ਰਣਧੀਰ ਬੋਲੇ- ਸਭ ਤੋਂ ਪਹਿਲਾਂ ਕਰਜ਼ਾ ਉਤਾਰਾਂਗਾ

ਲਾਟਰੀ ਜਿੱਤਣ ਤੋਂ ਬਾਅਦ ਰਣਧੀਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਨਾਲ-ਨਾਲ ਪੁਰਾਣੇ ਸੰਘਰਸ਼ਾਂ ਦੇ ਹੰਝੂ ਵੀ ਸਨ। ਉਨ੍ਹਾਂ ਨੇ ਬਹੁਤ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਸਿਰ ਕਾਫੀ ਕਰਜ਼ਾ ਹੈ। ਆਪਣੀ ਅਤੇ ਆਪਣੀ ਪਤਨੀ ਦੀ ਬਿਮਾਰੀ ਦੇ ਇਲਾਜ ਲਈ ਉਨ੍ਹਾਂ ਨੇ ਲੋਕਾਂ ਤੋਂ ਪੈਸੇ ਉਧਾਰ ਲਏ ਸਨ, ਜਿਨ੍ਹਾਂ ਨੂੰ ਮੋੜਨਾ ਬਹੁਤ ਮੁਸ਼ਕਲ ਹੋ ਰਿਹਾ ਸੀ। ਰਣਧੀਰ ਨੇ ਕਿਹਾ ਕਿ ਹੁਣ ਉਹ ਸਭ ਤੋਂ ਪਹਿਲਾਂ ਆਪਣਾ ਸਾਰਾ ਕਰਜ਼ਾ ਉਤਾਰਨਗੇ।

ਪਹਿਲੀ ਵਾਰ 45 ਹਜ਼ਾਰ ਦੀ ਨਿਕਲੀ ਸੀ ਲਾਟਰੀ

ਰਣਧੀਰ ਲਈ ਲਾਟਰੀ ਦਾ ਇਹ ਸ਼ੌਕ ਨਵਾਂ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਆਪਣੀ ਕਿਸਮਤ ਅਜ਼ਮਾਈ ਸੀ, ਤਾਂ ਉਨ੍ਹਾਂ ਦੀ 45 ਹਜ਼ਾਰ ਰੁਪਏ ਦੀ ਲਾਟਰੀ ਨਿਕਲੀ ਸੀ। ਉਸ ਛੋਟੀ ਜਿਹੀ ਜਿੱਤ ਨੇ ਉਨ੍ਹਾਂ ਨੂੰ ਇੱਕ ਉਮੀਦ ਦਿੱਤੀ ਸੀ ਕਿ ਸ਼ਾਇਦ ਕਦੇ ਕੋਈ ਵੱਡਾ ਬਦਲਾਅ ਆਵੇ। ਉਦੋਂ ਤੋਂ ਹੀ ਉਹ ਕਦੇ-ਕਦਾਈਂ ਆਪਣੀ ਕਿਸਮਤ ਅਜ਼ਮਾ ਲਿਆ ਕਰਦੇ ਸਨ।

ਏਜੰਸੀ 'ਤੇ ਜਸ਼ਨ ਦਾ ਮਾਹੌਲ

13 ਮਈ ਨੂੰ ਜਦੋਂ ਜੇਤੂ ਰਣਧੀਰ ਸਿੰਘ ਲੁਧਿਆਣਾ ਦੀ ਪੂਜਾ ਲਾਟਰੀ ਏਜੰਸੀ 'ਤੇ ਪਹੁੰਚੇ, ਤਾਂ ਉਨ੍ਹਾਂ ਦਾ ਬਹੁਤ ਸ਼ਾਨਦਾਰ ਸਵਾਗਤ ਕੀਤਾ ਗਿਆ। ਏਜੰਸੀ ਦੇ ਮਾਲਕਾਂ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਵਧਾਈਆਂ ਦਿੱਤੀਆਂ। ਪੂਰੇ ਇਲਾਕੇ ਵਿੱਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਕਿਵੇਂ ਇੱਕ ਸਧਾਰਨ ਮਜ਼ਦੂਰ ਆਪਣੀ ਮਿਹਨਤ ਅਤੇ ਪ੍ਰਮਾਤਮਾ ਦੀ ਮਿਹਰ ਸਦਕਾ ਰਾਤੋ-ਰਾਤ ਕਰੋੜਪਤੀ ਬਣ ਗਿਆ।

Punjabi Shorts

Latest News