ਦੱਸ ਦੇਈਏ ਕਿ ਮਹਿਰੋਂ ਨੂੰ ਇਸੇ ਸਾਲ ਜਨਵਰੀ ਵਿੱਚ ਸ਼ਾਰਜਾਹ ਪੁਲਿਸ ਨੇ ਵੀਜ਼ਾ ਨਾਲ ਸਬੰਧਤ ਮਾਮਲੇ ਵਿੱਚ ਪੁੱਛਗਿੱਛ ਦੌਰਾਨ ਹਿਰਾਸਤ ਵਿੱਚ ਲਿਆ ਸੀ। ਉਸ ਨੂੰ ਭਾਰਤ ਲਿਆਉਣ (ਡਿਪੋਰਟੇਸ਼ਨ) ਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਵਿੱਚ ਕੁਝ ਸਮਾਂ ਲੱਗ ਗਿਆ, ਜਿਸ ਤੋਂ ਬਾਅਦ ਹੁਣ ਉਸ ਨੂੰ ਪੰਜਾਬ ਲਿਆਉਂਦਾ ਗਿਆ ਹੈ ਤਾਂ ਜੋ ਕਤਲ ਦੇ ਰਾਜ਼ ਖੁੱਲ੍ਹ ਸਕਣ।
ਪ੍ਰਾਪਤ ਜਾਣਕਾਰੀ ਮੁਤਾਬਕ, ਕਮਲ ਕੌਰ ਭਾਬੀ ਦਾ ਕਤਲ ਜੂਨ 2025 ਵਿੱਚ ਬਠਿੰਡਾ ਵਿਖੇ ਕਰ ਦਿੱਤਾ ਗਿਆ ਸੀ। ਉਸ ਦੀ ਲਾਸ਼ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਇੱਕ ਈਓਨ (Eon) ਕਾਰ ਵਿੱਚੋਂ ਬਰਾਮਦ ਹੋਈ ਸੀ। ਇਸ ਕਤਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਕਾਰ ਵਿੱਚੋਂ ਬਹੁਤ ਜ਼ਿਆਦਾ ਬਦਬੂ ਆਉਣ ਲੱਗੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਸੀ।
ਜਾਣੋ ਪੂਰਾ ਮਾਮਲਾ ਹੈ ਕੀ?
ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਵੱਲੋਂ ਰਿਮਾਂਡ 'ਤੇ ਲਏ ਗਏ ਮੁਲਜ਼ਮਾਂ ਨਿਮਰਤਜੀਤ ਸਿੰਘ ਅਤੇ ਜਸਪ੍ਰੀਤ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ। ਮੁਲਜ਼ਮਾਂ ਨੇ ਕਬੂਲਿਆ ਕਿ ਇਸ ਪੂਰੇ ਕਾਂਡ ਦਾ ਮੁੱਖ ਮਾਸਟਰਮਾਈਂਡ ਅੰਮ੍ਰਿਤਪਾਲ ਹੀ ਹੈ। ਅੰਮ੍ਰਿਤਪਾਲ ਪਿਛਲੇ 3 ਮਹੀਨਿਆਂ ਤੋਂ ਕੰਚਨ (ਕਮਲ ਕੌਰ) ਨੂੰ ਮਾਰਨ ਦੀ ਵਿਉਂਤਬੰਦੀ ਕਰ ਰਿਹਾ ਸੀ ਅਤੇ ਉਸ ਨੇ ਇਸ ਸਾਜ਼ਿਸ਼ ਵਿੱਚ ਸਾਨੂੰ ਦੋਵਾਂ ਨੂੰ ਵੀ ਸ਼ਾਮਲ ਕੀਤਾ ਹੋਇਆ ਸੀ।
ਪਲਾਨਿੰਗ ਦੇ ਤਹਿਤ, ਇਨ੍ਹਾਂ ਤਿੰਨਾਂ ਨੇ ਲੁਧਿਆਣਾ ਜਾ ਕੇ ਕੰਚਨ ਦੀ ਰੇਕੀ ਕੀਤੀ ਸੀ। ਉਹ ਕਿੱਥੇ ਆਉਂਦੀ-ਜਾਂਦੀ ਹੈ, ਕਿਸ ਨੂੰ ਮਿਲਦੀ ਹੈ ਅਤੇ ਉਸ ਦੀ ਹਰ ਹਰਕਤ 'ਤੇ ਇਹ ਤਿੰਨੇ ਲਗਾਤਾਰ ਨਜ਼ਰ ਰੱਖ ਰਹੇ ਸਨ ਤਾਂ ਜੋ ਮੌਕਾ ਮਿਲਦੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ।
ਐੱਸ.ਐੱਸ.ਪੀ. ਦੇ ਮੁਤਾਬਕ, ਅੰਮ੍ਰਿਤਪਾਲ ਨੇ ਕੰਚਨ ਨੂੰ ਝਾਂਸਾ ਦਿੱਤਾ ਕਿ ਬਠਿੰਡਾ ਵਿੱਚ ਇੱਕ ਕਾਰ ਸ਼ੋਰੂਮ ਦੀ ਪ੍ਰਮੋਸ਼ਨ ਕਰਨੀ ਹੈ। ਪਹਿਲਾਂ ਤਾਂ ਕੰਚਨ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਸੀ ਕਿ ਉਸ ਦੀ ਮਾਂ ਦੀ ਤਬੀਅਤ ਠੀਕ ਨਹੀਂ ਹੈ, ਜਿਸ ਤੋਂ ਬਾਅਦ ਅੰਮ੍ਰਿਤਪਾਲ ਉੱਥੋਂ ਚਲਾ ਗਿਆ। ਪਰ ਉਸੇ ਦਿਨ ਅੰਮ੍ਰਿਤਪਾਲ ਨੇ ਕੰਚਨ ਨੂੰ ਦੁਬਾਰਾ ਫ਼ੋਨ ਕੀਤਾ ਅਤੇ ਆਪਣੀਆਂ ਗੱਲਾਂ ਵਿੱਚ ਉਲਝਾ ਲਿਆ ਅਤੇ ਪ੍ਰਮੋਸ਼ਨ ਲਈ ਮਨਾ ਲਿਆ।
ਉਸ ਨੇ ਕੰਚਨ ਨੂੰ ਲਾਲਚ ਦਿੱਤਾ ਕਿ ਉਹ ਉਸ ਦੀ ਕਾਰ ਦੀ ਰੈਨੋਵੇਸ਼ਨ ਕਰਵਾ ਦੇਵੇਗਾ। ਅੰਮ੍ਰਿਤਪਾਲ ਦੀਆਂ ਇਨ੍ਹਾਂ ਗੱਲਾਂ ਵਿੱਚ ਆ ਕੇ ਕੰਚਨ ਉਸ ਦੇ ਨਾਲ ਜਾਣ ਲਈ ਤਿਆਰ ਹੋ ਗਈ, ਜੋ ਕਿ ਬਾਅਦ ਵਿੱਚ ਉਸ ਲਈ ਜਾਨਲੇਵਾ ਸਾਬਤ ਹੋਇਆ। ਇਸ ਕਤਲਕਾਂਡ ਨੂੰ ਅੰਜ਼ਾਮ ਦੇਣ ਤੋਂ ਬਾਅਦ ਮਹਿਰੋਂ ਵਿਦੇਸ਼ ‘ਚ ਭੱਜ ਗਿਆ ਸੀ।
ਪੁਲਿਸ ਲਗਾਤਾਰ ਅੰਮ੍ਰਿਤਪਾਲ ਨੂੰ ਦਬੋਚਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹ ਕਿਤੇ ਨਹੀਂ ਮਿਲਿਆ। ਜਦੋਂ 15 ਜੂਨ ਨੂੰ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ, ਤਾਂ ਅੰਮ੍ਰਿਤਪਾਲ ਦੇ ਪਾਸਪੋਰਟ ਨੰਬਰ ਰਾਹੀਂ ਉਸ ਦੀ 'ਟਰੈਵਲ ਹਿਸਟਰੀ' ਦੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਉਹ ਕਤਲ ਵਾਲੀ ਸਵੇਰ ਹੀ ਸਵਾ 9 ਵਜੇ
ਅੰਮ੍ਰਿਤਸਰ ਏਅਰਪੋਰਟ ਤੋਂ UAE (ਦੁਬਈ) ਭੱਜ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਮਹਿਰੋਂ ਨੂੰ ਵਾਪਸ ਲਿਆਉਣ ਦੀ ਕੋਸ਼ਿਸਾਂ ਕਰ ਰਹੀ ਸੀ। ਅੱਜ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਭਗੌੜੇ ਅੰਮ੍ਰਿਤਪਾਲ ਮਹਿਰੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।