Sunday, 4th of October 2026

ਪੰਜਾਬੀਆਂ ਦੇ ਲਈ ਵੱਡੀ ਖਬਰ! ਐਤਵਾਰ ਨੂੰ ਵੀ ਖੁੱਲ੍ਹਣਗੇ ਡਾਕਘਰ: ਰੱਖੜੀ ਦੇ ਤਿਉਹਾਰ ਨੂੰ ਲੈ ਕੇ ਲਿਆ ਵੱਡਾ ਫੈਸਲਾ, ਆਧਾਰ ਕਾਰਡ ਦੀ ਸਹੂਲਤ ਵੀ ਮਿਲੇਗੀ

Edited By: Lajwinder Kaur | Updated at:
ਪੰਜਾਬੀਆਂ ਦੇ ਲਈ ਵੱਡੀ ਖਬਰ! ਐਤਵਾਰ ਨੂੰ ਵੀ ਖੁੱਲ੍ਹਣਗੇ ਡਾਕਘਰ: ਰੱਖੜੀ ਦੇ ਤਿਉਹਾਰ ਨੂੰ ਲੈ ਕੇ ਲਿਆ ਵੱਡਾ ਫੈਸਲਾ, ਆਧਾਰ ਕਾਰਡ ਦੀ ਸਹੂਲਤ ਵੀ ਮਿਲੇਗੀ

ਪੰਜਾਬੀਆਂ ਦੇ ਲਈ ਵੱਡੀ ਖਬਰ! ਐਤਵਾਰ ਨੂੰ ਵੀ ਖੁੱਲ੍ਹਣਗੇ ਡਾਕਘਰ: ਰੱਖੜੀ ਦੇ ਤਿਉਹਾਰ ਨੂੰ ਲੈ ਕੇ ਲਿਆ ਵੱਡਾ ਫੈਸਲਾ, ਆਧਾਰ ਕਾਰਡ ਦੀ ਸਹੂਲਤ ਵੀ ਮਿਲੇਗੀ

ਅਗਲੇ ਮਹੀਨੇ ਸਭ ਤੋਂ ਖਾਸ ਤਿਉਹਾਰ ਰੱਖੜੀ ਆ ਰਿਹਾ ਹੈ। ਜਿਸ ਕਰਕੇ ਡਾਕਘਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਜੀ ਹਾਂ ਜਲੰਧਰ ਵਿੱਚ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਡਾਕ ਵਿਭਾਗ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਜਲੰਧਰ ਡਿਵੀਜ਼ਨ ਦੇ ਪੋਸਟ ਆਫਿਸ ਸੁਪਰਡੈਂਟ ਸਤਿੰਦਰ ਸਿੰਘ ਲਹਿਰੀ ਨੇ ਜਾਣਕਾਰੀ ਦਿੱਤੀ ਹੈ ਕਿ ਲੋਕਾਂ ਦੀ ਸਹੂਲਤ ਲਈ 15 ਜੁਲਾਈ 2026 ਤੋਂ 28 ਅਗਸਤ 2026 ਤੱਕ ਆਉਣ ਵਾਲੇ ਹਰ ਐਤਵਾਰ ਅਤੇ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਚੁਣੇ ਹੋਏ ਡਾਕਘਰ ਖੁੱਲ੍ਹੇ ਰਹਿਣਗੇ। ਇਨ੍ਹਾਂ ਦਿਨਾਂ ਵਿੱਚ ਰਾਖੀ ਮੇਲ ਬੁਕਿੰਗ ਦੇ ਨਾਲ-ਨਾਲ ਆਧਾਰ ਕਾਰਡ ਨਾਲ ਸਬੰਧਤ ਸੇਵਾਵਾਂ ਵੀ ਉਪਲਬਧ ਹੋਣਗੀਆਂ, ਤਾਂ ਜੋ ਤਿਉਹਾਰ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਐਤਵਾਰ ਅਤੇ ਛੁੱਟੀ ਵਾਲੇ ਦਿਨ ਆਹ ਵਾਲੇ ਦਫ਼ਤਰ ਰਹਿਣਗੇ ਖੁੱਲੇ 

ਜਲੰਧਰ ਡਿਵੀਜ਼ਨ ਦੇ ਇਨ੍ਹਾਂ ਚੁਣੇ ਹੋਏ ਡਾਕਘਰਾਂ ਦੇ ਖੁੱਲ੍ਹਣ ਦੇ ਸਮੇਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਐਤਵਾਰ ਅਤੇ ਛੁੱਟੀਆਂ ਵਾਲੇ ਦਿਨ ਇਹ ਦਫ਼ਤਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ ਕੰਮ ਕਰਨਗੇ।

ਇਨ੍ਹਾਂ ਡਾਕਘਰਾਂ ਦੀ ਸੂਚੀ ਵਿੱਚ ਜਲੰਧਰ ਸਿਟੀ ਹੈੱਡ ਪੋਸਟ ਆਫਿਸ, ਜਲੰਧਰ ਕੈਂਟ ਹੈੱਡ ਪੋਸਟ ਆਫਿਸ, ਨਵਾਂਸ਼ਹਿਰ ਮੇਨ ਡਾਕਘਰ, ਭੋਗਪੁਰ ਸਬ ਪੋਸਟ ਆਫਿਸ, ਗ੍ਰੇਨ ਮਾਰਕੀਟ ਪੋਸਟ ਆਫਿਸ, ਬਸਤੀ ਗੁਜਾਂ ਸਬ ਪੋਸਟ ਆਫਿਸ, ਫਿਲੌਰ ਸਬ ਪੋਸਟ ਆਫਿਸ ਅਤੇ ਬੰਗਾ ਸਬ ਪੋਸਟ ਆਫਿਸ ਸ਼ਾਮਲ ਹਨ। ਤਿਉਹਾਰ ਦੇ ਮੌਕੇ 'ਤੇ ਲੋਕਾਂ ਦੀ ਸਹੂਲਤ ਲਈ ਇਹ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਡਾਕ ਸੇਵਾਵਾਂ ਵਿੱਚ ਕੋਈ ਰੁਕਾਵਟ ਨਾ ਆਵੇ।

ਸਤਿੰਦਰ ਸਿੰਘ ਲਹਿਰੀ ਨੇ ਜਾਣਕਾਰੀ ਦਿੱਤੀ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਆਪਣੀ ਸਪੀਡ ਪੋਸਟ, ਪਾਰਸਲ ਅਤੇ ਰਾਖੀ ਮੇਲ ਬੁੱਕ ਕਰਵਾਉਣ ਵਿੱਚ ਕੋਈ ਮੁਸ਼ਕਲ ਨਾ ਆਵੇ, ਇਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਚੁਣੇ ਹੋਏ ਡਾਕਘਰਾਂ ਵਿੱਚ ਕੰਮ ਦੇ ਸਮੇਂ ਦੌਰਾਨ ਆਮ ਡਾਕ ਸੇਵਾਵਾਂ ਦੇ ਨਾਲ-ਨਾਲ ਆਧਾਰ ਰਜਿਸਟ੍ਰੇਸ਼ਨ ਅਤੇ ਆਧਾਰ ਕਾਰਡ ਅਪਡੇਟ ਕਰਨ ਦੀਆਂ ਸਹੂਲਤਾਂ ਵੀ ਉਪਲਬਧ ਰਹਿਣਗੀਆਂ। ਇਸ ਨਾਲ ਉਹ ਲੋਕ ਜੋ ਕੰਮਕਾਰ ਦੇ ਦਿਨਾਂ ਵਿੱਚ ਰੁੱਝੇ ਰਹਿੰਦੇ ਹਨ, ਛੁੱਟੀ ਵਾਲੇ ਦਿਨ ਵੀ ਆਪਣਾ ਆਧਾਰ ਕਾਰਡ ਸਬੰਧੀ ਕੰਮ ਆਸਾਨੀ ਨਾਲ ਕਰਵਾ ਸਕਣਗੇ।

ਜਲੰਧਰ ਡਿਵੀਜ਼ਨ ਦੇ ਸੁਪਰਡੈਂਟ ਸਤਿੰਦਰ ਸਿੰਘ ਲਹਿਰੀ ਨੇ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਾਕ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਇਨ੍ਹਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਰੱਖੜੀ ਦੇ ਪਾਰਸਲ ਸਮੇਂ ਸਿਰ ਡਿਲੀਵਰ ਹੋ ਸਕਣ, ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਖਰੀ ਸਮੇਂ ਦੀ ਭੀੜ ਤੋਂ ਬਚਣ ਲਈ ਆਪਣੀਆਂ ਰਾਖੀਆਂ ਪਹਿਲਾਂ ਹੀ ਬੁੱਕ ਕਰਵਾ ਲੈਣ।

ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਲੰਧਰ ਡਿਵੀਜ਼ਨ ਦੇ ਸਾਰੇ ਡਾਕਘਰਾਂ ਵਿੱਚ ਰੱਖੜੀ ਭੇਜਣ ਲਈ ਵਿਸ਼ੇਸ਼ 'ਵਾਟਰਪ੍ਰੂਫ਼ ਲਿਫ਼ਾਫ਼ੇ' ਅਤੇ 'ਰਾਖੀ ਬਾਕਸ' ਵੀ ਉਪਲਬਧ ਕਰਵਾਏ ਗਏ ਹਨ। ਸੁਪਰਡੈਂਟ ਨੇ ਭਰੋਸਾ ਦਿੱਤਾ ਹੈ ਕਿ ਤਿਉਹਾਰ ਦੌਰਾਨ ਲੋਕਾਂ ਨੂੰ ਤੇਜ਼ ਅਤੇ ਸੁਚਾਰੂ ਸੇਵਾਵਾਂ ਦੇਣ ਲਈ ਸਾਰੇ ਚੁਣੇ ਹੋਏ ਡਾਕਘਰਾਂ ਵਿੱਚ ਲੋੜੀਂਦੇ ਸਟਾਫ਼ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਹੋਵੇ।