Friday, 9th of October 2026

ਜਲੰਧਰ PNB ਬੈਂਕ ਲੁੱਟ ਦਾ ਮਾਮਲਾ ਸੁਲਝਿਆ: ਰਿਟਾਇਰਡ DSP ਦਾ ਪੁੱਤਰ ਨਿਕਲਿਆ ਲੁਟੇਰਾ, ਹਥਿਆਰ ਤੇ ਨਕਦੀ ਬਰਾਮਦ

Edited By: Lajwinder Kaur | Updated at:
ਜਲੰਧਰ PNB ਬੈਂਕ ਲੁੱਟ ਦਾ ਮਾਮਲਾ ਸੁਲਝਿਆ: ਰਿਟਾਇਰਡ DSP ਦਾ ਪੁੱਤਰ ਨਿਕਲਿਆ ਲੁਟੇਰਾ, ਹਥਿਆਰ ਤੇ ਨਕਦੀ ਬਰਾਮਦ

ਜਲੰਧਰ PNB ਬੈਂਕ ਲੁੱਟ ਦਾ ਮਾਮਲਾ ਸੁਲਝਿਆ: ਰਿਟਾਇਰਡ DSP ਦਾ ਪੁੱਤਰ ਨਿਕਲਿਆ ਲੁਟੇਰਾ, ਹਥਿਆਰ ਤੇ ਨਕਦੀ ਬਰਾਮਦ

ਜਲੰਧਰ ਦੇ ਪੌਸ਼ ਇਲਾਕੇ ਬੈਂਕ ਐਨਕਲੇਵ ਵਿੱਚ ਸਥਿਤ ਪੀ.ਐਨ.ਬੀ. (PNB) ਬੈਂਕ ਵਿੱਚ ਦਿਨ-ਦਹਾੜੇ ਹੋਈ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ ਮਹਿਜ਼ ਕੁੱਝ ਹੀ ਘੰਟਿਆਂ ਵਿੱਚ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਲੁਟੇਰੇ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਲੁੱਟੀ ਗਈ ਨਕਦੀ ਅਤੇ ਹਥਿਆਰ ਬਰਾਮਦ ਕਰ ਲਏ ਹਨ।

ਹੈਰਾਨੀ ਦੀ ਗੱਲ ਇਹ ਹੈ ਕਿ ਫੜਿਆ ਗਿਆ ਮੁਲਜ਼ਮ ਸਿਮਰਨਜੀਤ ਸਿੰਘ, ਜਲੰਧਰ ਦੇ ਹੀ ਪੌਸ਼ ਇਲਾਕੇ ਗ੍ਰੀਨ ਮਾਡਲ ਟਾਊਨ ਦਾ ਰਹਿਣ ਵਾਲਾ ਹੈ ਅਤੇ ਉਹ ਇੱਕ ਰਿਟਾਇਰਡ ਡੀ.ਐਸ.ਪੀ. (DSP) ਹਰਭਜਨ ਸਿੰਘ ਦਾ ਪੁੱਤਰ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ 2:30 ਵਜੇ ਬੈਂਕ ਐਨਕਲੇਵ ਸਥਿਤ ਪੀ.ਐਨ.ਬੀ. (PNB) ਬੈਂਕ ਵਿੱਚ ਲੁੱਟ ਦੀ ਵਾਰਦਾਤ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਡੀ.ਸੀ.ਪੀ. ਮਨਪ੍ਰੀਤ ਢਿੱਲੋਂ ਦੀ ਅਗਵਾਈ ਹੇਠ ਏ.ਡੀ.ਸੀ.ਪੀ. ਰਾਕੇਸ਼ ਯਾਦਵ, ਏ.ਸੀ.ਪੀ. ਅਮਰਬੀਰ ਸਿੰਘ, ਏ.ਸੀ.ਪੀ. ਸੰਜੇ ਕੁਮਾਰ ਅਤੇ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਸਰਬਜੀਤ ਸਿੰਘ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਸ਼ੁਰੂ ਕੀਤੀ ਗਈ ਸੀ।

ਜਾਂਚ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਸਿਮਰਨਜੀਤ ਸਿੰਘ ਉਰਫ਼ ਅਮਰੀਕ ਸਿੰਘ (ਵਾਸੀ ਗ੍ਰੀਨ ਮਾਡਲ ਟਾਊਨ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਕੋਲੋਂ ਵਾਰਦਾਤ ਵਿੱਚ ਵਰਤਿਆ ਹਥਿਆਰ ਅਤੇ ਲੁੱਟੀ ਗਈ ਰਕਮ ਦਾ ਕੁਝ ਹਿੱਸਾ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਕਮਿਸ਼ਨਰ ਮੁਤਾਬਕ ਮੁਲਜ਼ਮ ਦੇ ਦੂਜੇ ਸਾਥੀ ਦੀ ਭਾਲ ਜਾਰੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਮੁਲਜ਼ਮ ਸਿਮਰਨਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਬਟਾਲਾ ਅਤੇ ਐਸ.ਏ.ਐਸ. ਨਗਰ (ਮੋਹਾਲੀ) ਵਿੱਚ ਦੋ ਅਪਰਾਧਿਕ ਮਾਮਲੇ ਦਰਜ ਹਨ।